ਕਾਂਗਰਸੀ ਆਗੂ ਰਾਜਦੀਪ ਸਿੰਘ ਦਾ ਪੰਜ ਦਿਨਾ ਪੁਲੀਸ ਰਿਮਾਂਡ
ਜੋਗਿੰਦਰ ਸਿੰਘ ਓਬਰਾਏ
ਖੰਨਾ, 5 ਸਤੰਬਰ
ਈਡੀ ਨੇ ਅੱਜ ਤੜਕੇ ਕਾਂਗਰਸੀ ਆਗੂ ਰਾਜਦੀਪ ਸਿੰਘ ਨਾਗਰਾ ਨੂੰ ਖੰਨਾ ਨੇੜਲੇ ਪਿੰਡ ਇਕੋਲਾਹੀ ਸਥਿਤ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰਨ ਬਾਅਦ ਅਦਾਲਤ ’ਚ ਪੇਸ਼ ਕਰ ਕੇ ਦਸ-ਰੋਜ਼ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਉਸ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਮਾਮਲੇ ਸਬੰਧੀ ਈਡੀ ਅਧਿਕਾਰੀਆਂ ਨੇ ਮੀਡੀਆ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਦੀਪ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਹੋ ਰਹੀ ਹੈ। ਉਹ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਹਲਕਾ ਸਮਰਾਲਾ ਕਾਂਗਰਸ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾਗਿੱਲ ਦਾ ਨਜ਼ਦੀਕੀ ਸਾਥੀ ਹੈ। ਈਡੀ ਅਧਿਕਾਰੀਆਂ ਨੇ ਖੰਨਾ ਨੇੜਲੇ ਪਿੰਡ ਇਕੋਲਾਹੀ ਵਿੱਚ ਰਾਜਦੀਪ ਦੇ ਘਰ ਤੋਂ ਇਲਾਵਾ ਅਨਾਜ ਮੰਡੀ ਖੰਨਾ ਸਣੇ ਆੜ੍ਹਤ ਵਾਲੀ ਦੁਕਾਨ ਅਤੇ ਇੱਥੋਂ ਦੀ ਨਾਮਵਰ ਮਾਰਕੀਟ ਖੰਨਾ ਸਿਟੀ ਸੈਂਟਰ ’ਤੇ ਵੀ ਛਾਪਾ ਮਾਰਿਆ ਸੀ। ਇਹ ਦੋਵੇਂ ਵਪਾਰਕ ਅਦਾਰੇ ਰਾਜਦੀਪ ਦੇ ਰਾਜਾਗਿੱਲ ਦੋਵਾਂ ਦੇ ਸਾਂਝੇ ਹਨ।
ਸੂਤਰਾਂ ਅਨੁਸਾਰ ਇਹ ਛਾਪੇ ਟੈਂਡਰ ਘਪਲੇ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਜੁੜੇ ਹੋਏ ਹਨ। ਇਨ੍ਹਾਂ ਛਾਪਿਆਂ ਤੋਂ ਬਾਅਦ ਸ਼ਹਿਰ ਦੀ ਸਿਆਸਤ ਭਖ ਗਈ ਹੈ। ਦੱਸਣਯੋਗ ਹੈ ਕਿ ਰਾਜਦੀਪ ਸਿੰਘ ਕੁਝ ਸਾਲ ਪਹਿਲਾਂ ਖੰਨਾ ਦੇ ਨੇੜਲੇ ਪਿੰਡ ਬਾਹੋਮਾਜਰਾ ਵਿੱਚ ਫੜੀ ਨਕਲੀ ਸ਼ਰਾਬ ਫੈਕਟਰੀ ਦੇ ਮਾਮਲੇ ’ਚ ਵੀ ਵਿਵਾਦਾਂ ਵਿੱਚ ਘਿਰੇ ਸਨ।