ਪੈਟਰੋਲ ਪੰਪ ਵੇਚਣ ਦੇ ਨਾਂ ’ਤੇ ਪੰਜ ਕਰੋੜ ਦੀ ਠੱਗੀ
ਹਤਿੰਦਰ ਮਹਿਤਾ
ਜਲੰਧਰ, 6 ਅਕਤੂਬਰ
ਇੱਕੇ ਇੱਕ ਪਰਿਵਾਰ ਵੱਲੋਂ ਨੇ ਵਿਅਕਤੀ ਨਾਲ 5 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ। ਮੁਲਜ਼ਮਾਂ ਨੇ ਪੈਟਰੋਲ ਪੰਪ ਵੇਚਣ ਦਾ ਵਾਅਦਾ ਕਰ ਕੇ ਪੀੜਤ ਤੋਂ ਕਰੀਬ ਪੰਜ ਕਰੋੜ ਰੁਪਏ ਲੈ ਲਏ ਅਤੇ ਫਿਰ ਨਾ ਤਾਂ ਪੈਟਰੋਲ ਪੰਪ ’ਤੇ ਉਸ ਦੇ ਨਾਮ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਕਰ ਕੇ ਕੇਸ ਦਰਜ ਕਰ ਲਿਆ ਹੈ। ਕੇਸ ਵਿੱਚ ਕੁੱਲ ਸੱਤ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਫ਼ਿਲਹਾਲ ਮਾਮਲੇ ’ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਮਾਮਲੇ ’ਚ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਨੇ ਅਮਿਤ ਜੈਨ ਪੁੱਤਰ ਸੋਮ ਪ੍ਰਕਾਸ਼ ਵਾਸੀ ਨਿਊ ਰਸੀਲਾ ਨਗਰ, ਸ਼ੰਕਰ ਗਾਰਡਨ ਦੇ ਬਿਆਨਾਂ ’ਤੇ ਪੂਰਵ ਸ਼ਰਮਾ ਪੁੱਤਰ ਹੰਸ ਰਾਜ ਸ਼ਰਮਾ, ਦੀਪਕ ਸ਼ਰਮਾ ਪੁੱਤਰ ਦੇਵ ਸ਼ਰਮਾ, ਪ੍ਰਵੇਸ਼ ਸ਼ਰਮਾ ਪੁੱਤਰ ਪੂਰਵ ਸ਼ਰਮਾ, ਸ਼ਾਂਤੀ ਸਰੂਪ ਸ਼ਰਮਾ ਪਤਨੀ ਹੰਸ ਰਾਜ ਸ਼ਰਮਾ, ਹਰਦੇਸ਼ ਸ਼ਰਮਾ ਪੁੱਤਰ ਹੰਸ ਰਾਜ ਸ਼ਰਮਾ, ਕੰਚਨ ਸ਼ਰਮਾ ਪੁੱਤਰ ਪੂਰਵ ਸ਼ਰਮਾ ਅਤੇ ਰੀਨਾ ਪਤਨੀ ਸਰੂਪ ਸ਼ਰਮਾ ਵਾਸੀ ਨਿਊ ਸ਼ੰਕਰ ਗਾਰਡਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਿਟੀ ਪੁਲੀਸ ਅਨੁਸਾਰ ਜਲਦੀ ਹੀ ਮੁਲਜ਼ਮਾਂ ਦੇ ਨਾਵਾਂ ਸਣੇ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਪੁਲੀਸ ਮੁਤਾਬਕ ਜੇ ਉਹ ਤਫਤੀਸ਼ ’ਚ ਸ਼ਾਮਲ ਨਹੀਂ ਹੁੰਦੇ ਤਾਂ ਟੀਮਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਪੜਤਾ ਕਰਨਗੀਆਂ। ਦੱਸ ਦਈਏ ਕਿ ਪੁਲੀਸ ਨੇ ਪੀੜਤ ਤੋਂ ਸਾਰੀ ਰਕਮ ਦਾ ਹਿਸਾਬ-ਕਿਤਾਬ ਲੈ ਕੇ ਜਾਂਚ ਕਰਨ ਤੋਂ ਬਾਅਦ ਇਹ ਕੇਸ ਦਰਜ ਕੀਤਾ ਹੈ।