For the best experience, open
https://m.punjabitribuneonline.com
on your mobile browser.
Advertisement

ਟੀਟੂ ਬਾਣੀਆ ਸਮੇਤ ਪੰਜ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

08:11 AM May 10, 2024 IST
ਟੀਟੂ ਬਾਣੀਆ ਸਮੇਤ ਪੰਜ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਜੈ ਪ੍ਰਕਾਸ਼ ਜੈਨ (ਟੀਟੂ ਬਾਣੀਆ) ਨਾਮਜ਼ਦਗੀ ਪੱਤਰ ਦਾਖ਼ਲ ਕਰਦਾ ਹੋਇਆ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 9 ਮਈ
ਲੁਧਿਆਣਾ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੇ ਤੀਜੇ ਦਿਨ ਪੰਜ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਨ੍ਹਾਂ ਵਿੱਚ ਤਿੰਨ ਆਜ਼ਾਦ ਉਮੀਦਵਾਰ, ਇੱਕ ਆਮ ਲੋਕ ਪਾਰਟੀ ਯੂਨਾਈਟਿਡ ਅਤੇ ਇੱਕ ਸਰਵ ਜਨ ਸੇਵਾ ਪਾਰਟੀ ਦਾ ਉਮੀਦਵਾਰ ਸ਼ਾਮਲ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕੋਲ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ ਵਿੱਚ ਆਮ ਲੋਕ ਪਾਰਟੀ ਯੂਨਾਈਟਿਡ ਤੋਂ ਦਵਿੰਦਰ ਸਿੰਘ (47), ਸਰਵ ਜਨ ਸੇਵਾ ਪਾਰਟੀ ਦੇ ਗੁਰਸੇਵਕ ਸਿੰਘ (51), ਜੈ ਪ੍ਰਕਾਸ਼ ਜੈਨ (45), ਸਿਮਰਨਦੀਪ ਸਿੰਘ (34) ਅਤੇ ਰਵਿੰਦਰਪਾਲ ਸਿੰਘ (34) ਆਜ਼ਾਦ ਸ਼ਾਮਲ ਹਨ। ਇਸ ਦੌਰਾਨ ਆਜ਼ਾਦ ਉਮੀਦਵਾਰ ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆ ਬੈਂਡ ਬਾਜਿਆਂ ਸਣੇ ਬਾਰਾਤ ਲੈ ਕੇ ਡੀਸੀ ਦਫ਼ਤਰ ਪੁੱਜਿਆ। ਜਿਥੇ ਸਿੱਧੂ ਮੂਸੇਵਾਲੇ ਵਾਂਗ ਪੱਟਾਂ ’ਤੇ ਥਾਪੀ ਮਾਰ ਟੀਟੂ ਬਾਣੀਆ ਬਾਕੀ ਉਮੀਦਵਾਰਾਂ ਨੂੰ ਲਲਕਾਰਦਾ ਰਿਹਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਹਰ ਚੋਣਾਂ ਲੜਦੇ ਆ ਰਹੇ ਹਨ। ਇਸ ਵਾਰ ਉਮੀਦ ਹੈ ਕਿ ਲੋਕ ਉਨ੍ਹਾਂ ਦਾ ਸਾਥ ਦੇਣਗੇ। ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰਾਂ ਨੇ ਭਾਰਤ ਦੇ ਸੰਵਿਧਾਨ ਦੀ ਪਾਲਣਾ ਕਰਨ, ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਪ੍ਰਣ ਵੀ ਲਿਆ।
ਹੁਣ ਤੱਕ 8 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰ ਲਈਆਂ ਹਨ। ਉਮੀਦਵਾਰ 14 ਮਈ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਅਤੇ ਨਾਮਜ਼ਦਗੀਆਂ ਦੀ ਪੜਤਾਲ 15 ਮਈ ਨੂੰ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਇਹ ਵੀ ਦੱਸਿਆ ਕਿ 7 ਮਈ ਤੋਂ 14 ਮਈ ਤੱਕ ਜਨਤਕ ਛੁੱਟੀਆਂ ਨੂੰ ਛੱਡ ਕੇ ਕਿਸੇ ਵੀ ਅਧਿਸੂਚਿਤ ਦਿਨ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ 10 ਮਈ ਨੂੰ ਭਗਵਾਨ ਪਰਸ਼ੂਰਾਮ ਜੈਅੰਤੀ ਮੌਕੇ ਛੁੱਟੀ ਨਹੀਂ ਹੋਵੇਗੀ।

Advertisement

ਰਵਨੀਤ ਬਿੱਟੂ ਅੱਜ ਭਰਨਗੇ ਨਾਮਜ਼ਦਗੀ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਜਪਾ ਉਮੀਦਵਾਰ ਰਵਨੀਤ ਬਿੱਟੂ ਭਲਕੇ 10 ਮਈ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਅਤੇ ਉਹ ਆਪਣੇ ਦਾਦਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਅੰਬੈਸਡਰ ਕਾਰ ਵਿੱਚ ਕਾਗਜ਼ ਭਰਨ ਲਈ ਮਿਨੀ ਸਕੱਤਰੇਤ ਜਾਣਗੇ। ਇਸ ਮੌਕੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ, ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ ਸਮੇਤ ਕਈ ਆਗੂ ਹਾਜ਼ਰ ਹੋਣਗੇ। ਇਸ ਸਬੰਧੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦਾਦਾ ਬੇਅੰਤ ਸਿੰਘ ਦੀ ਮਸ਼ਹੂਰ ਅੰਬੈਸਡਰ ਕਾਰ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਹ ਅਤੇ ਉਸ ਦੇ ਪਰਿਵਾਰ ਦੀ ਇਸ ਕਾਰ ਨਾਲ ਭਾਵਨਾਤਮਕ ਸਾਂਝ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੁੰਦਿਆਂ ਖਾੜਕੂਵਾਦ ਦੇ ਦਿਨਾਂ ਦੌਰਾਨ ਉਨ੍ਹਾਂ ਇਸ ਕਾਰ ਵਿੱਚ ਸਵਾਰ ਹੋਕੇ ਸੂਬੇ ਭਰ ਵਿੱਚ ਲੱਖਾਂ ਕਿਲੋਮੀਟਰ ਦਾ ਸਫ਼ਰ ਕੀਤਾ ਸੀ। ਉਨ੍ਹਾਂ ਦੱਸਿਆ ਕਿ “ਮੇਰੇ ਕੋਲ ਉਸ ਸਮੇਂ ਦੀ ਮਹਾਨ ਰਾਜਨੀਤਕ ਸ਼ਖਸੀਅਤ ਦੀ ਵਿਰਾਸਤ ਹੈ”। ਉਨ੍ਹਾਂ ਕਿਹਾ ਕਿ ਕਾਰ ਦੀ ਸਾਂਭ-ਸੰਭਾਲ ਉਨ੍ਹਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਸਾਰਾ ਪਰਿਵਾਰ ਬੇਅੰਤ ਸਿੰਘ ਦੀਆਂ ਪ੍ਰਾਪਤੀਆਂ ਅਤੇ ਕੁਰਬਾਨੀ ’ਤੇ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਦਫ਼ਤਰ ਕਾਗਜ਼ ਭਰਨ ਤੋਂ ਪਹਿਲਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਤੇ ਦੁਰਗਾ ਮਾਤਾ ਮੰਦਰ ਵਿਖੇ ਵੀ ਮੱਥਾ ਟੇਕਣਗੇ।

Advertisement
Author Image

sukhwinder singh

View all posts

Advertisement
Advertisement
×