ਡਕੈਤੀ ਦੀ ਯੋਜਨਾ ਬਣਾਉਂਦੇ ਪੰਜ ਕਾਬੂ
ਪੱਤਰ ਪ੍ਰੇਰਕ
ਯਮੁਨਾਨਗਰ, 2 ਫਰਵਰੀ
ਪੁਲੀਸ ਸੁਪਰਡੈਂਟ ਰਾਜੀਵ ਦੇਸ਼ਵਾਲ ਦੀ ਅਗਵਾਈ ਹੇਠ ਅਪਰਾਧ ਸ਼ਾਖਾ-1 ਦੀ ਟੀਮ ਨੇ ਐੱਮਐੱਮ ਗਰੁੱਪ ਦੇ ਪੰਜ ਮੈਂਬਰਾਂ ਨੂੰ ਡਕੈਤੀ ਦੀ ਯੋਜਨਾ ਬਣਾਉਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਨੇ ਮੁਲਜ਼ਮਾਂ ਤੋਂ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਕ੍ਰਾਈਮ ਬ੍ਰਾਂਚ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਾਈਵੇਅ ‘ਤੇ ਪੈਂਦੇ ਪਿੰਡ ਗੁਗਲੋ ਨੇੜੇ ਖੇਤ ਨੇੜੇ ਬੰਦ ਕਮਰੇ ਵਿੱਚ ਕੁਝ ਲੋਕ ਡਕੈਤੀ ਦੀ ਯੋਜਨਾ ਬਣਾ ਰਹੇ ਹਨ। ਟੀਮ ਨੇ ਮੌਕੇ ’ਤੇ ਛਾਪਾ ਮਾਰਿਆ ਅਤੇ ਉੱਥੋਂ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ । ਮੁਲਜ਼ਮਾਂ ਦੀ ਪਛਾਣ ਬਲਜੀਤ ਉਰਫ਼ ਪੰਜਾਬੀ ਉਰਫ਼ ਜੱਟ, ਵਾਸੀ ਢਿੱਲੋਂ ਨਗਰ, ਲੁਧਿਆਣਾ, ਵਿਕਾਸ ਸੈਣੀ ਵਾਸੀ ਸਰਦੇੜੀ ਪਿੰਡ (ਮੁਲਾਨਾ) ਅੰਬਾਲਾ, ਗੌਤਮ ਉਰਫ਼ ਮੱਟੂ, ਵਾਸੀ ਸਢੌਰਾ ਅਤੇ ਮਿਲਕ ਸ਼ੇਖਾ ਪਿੰਡ ਵਾਸੀ ਗੁਰੂ ਅਮਨ ਉਰਫ਼ ਮਾਵੀ ਅਤੇ ਬਿਲਾਸਪੁਰ ਵਾਸੀ ਨਾਬਾਲਿਗ ਵਜੋਂ ਹੋਈ ਹੈ। ਮੁਲਜ਼ਮ ਹਾਈਵੇਅ ਤੋਂ ਇੱਕ ਵਾਹਨ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਬਲਜੀਤ ਕੋਲੋਂ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਹੋਏ। ਵਿਕਾਸ ਸੈਣੀ ਕੋਲੋਂ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਹੋਏ ਹਨ।
ਬਿਲਾਸਪੁਰ ਇਲਾਕੇ ਦੇ ਵਾਸੀ ਨਾਬਾਲਗ ਵਿਰੁੱਧ ਪਹਿਲਾਂ ਹੀ ਦੋ ਕੇਸ ਦਰਜ ਹਨ। ਮੁਲਜ਼ਮ ਗੌਤਮ ਤੋਂ ਲੋਹੇ ਦੀ ਪਾਈਪ ਅਤੇ ਬੈਟਰੀ ਬਰਾਮਦ ਕੀਤੀ ਗਈ ਹੈ। ਗੁਰਅਮਨ ਤੋਂ ਲੋਹੇ ਦੀ ਪਾਈਪ ਬਰਾਮਦ ਕੀਤੀ ਗਈ ਹੈ। ਮੁਲਜ਼ਮ ਐੱਮਐੱਮ ਗਰੁੱਪ ਦੇ ਮੈਂਬਰ ਹਨ ਅਤੇ ਇਹ ਗਰੁੱਪ ਪਿੰਡ ਖਾਰਵਨ ਵਾਸੀ ਮਨਜੋਤ ਉਰਫ਼ ਮੁੰਨਾ ਚਲਾ ਰਿਹਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।।