ਦੋ ਭਰਾਵਾਂ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਪੰਜ ਗ੍ਰਿਫ਼ਤਾਰ
ਮੁਕੰਦ ਸਿੰਘ ਚੀਮਾ
ਸੰਦੌੜ, 26 ਸਤੰਬਰ
ਥਾਣਾ ਸੰਦੌੜ ਦੀ ਪੁਲੀਸ ਨੇ ਅੱਜ ਧੜੇਬਾਜ਼ੀ ਦੌਰਾਨ ਹੋਈ ਝੜਪ ਵਿੱਚ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 21 ਜੁਲਾਈ ਨੂੰ ਪਿੰਡ ਕਲਿਆਣ ਵਿੱਚ ਦੋ ਧੜਿਆਂ ਦੀ ਆਪਸੀ ਰੰਜਿਸ਼ ਤਹਿਤ ਹਰਪ੍ਰੀਤ ਸਿੰਘ ਉਰਫ ਹੈਪੀ ਕਲਿਆਣ ਦੇ ਗਰੁੱਪ ਵੱਲੋਂ ਪਿੰਡ ਦੇ ਹੀ ਵਸਨੀਕ ਦੋ ਭਰਾਵਾਂ ਜਸਵਿੰਦਰ ਸਿੰਘ ਉਰਫ ਨਿੱਕੜੀ ਤੇ ਗੁਰਧਿਆਨ ਸਿੰਘ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਤਹਿਤ ਥਾਣਾ ਸੰਦੌੜ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਨੇ ਅੱਜ ਹੋਈਆਂ ਗ੍ਰਿਫ਼ਤਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਗਰੁੱਪ ਨੂੰ ਠੱਲ੍ਹਣ ਲਈ ਮਾਲੇਰਕੋਟਲਾ ਜ਼ਿਲ੍ਹਾ ਪੁਲੀਸ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਡੇਢ ਦਰਜਨ ਦੇ ਕਰੀਬ ਮੁਲਜ਼ਮਾਂ ਵਿੱਚੋਂ ਪੰਜ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਕੋਲੋਂ ਵਾਰਦਾਤ ਵੇਲੇ ਵਰਤੀ ਗਈ ਸਵਿਫਟ ਡਿਜ਼ਾਇਰ ਕਾਰ, ਤੇਜ਼ਧਾਰ ਹਥਿਆਰ, 2 ਦੇਸੀ ਪਿਸਤੌਲ (ਕੱਟੇ) ਅਤੇ 7 ਕਾਰਤੂਸ ਵੀ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ, ਬਲਜੀਤ ਸਿੰਘ ਉਰਫ ਬੌਬੀ, ਜਸ਼ਨਪ੍ਰੀਤ ਸਿੰਘ ਉਰਫ ਜਸ਼ਨੀ ਵਾਸੀਆਨ ਪਿੰਡ ਕਲਿਆਣ, ਜਸਵਿੰਦਰ ਸਿੰਘ ਉਰਫ ਸ਼ਨੀ ਵਾਸੀ ਪਿੰਡ ਮਿੱਠੇਵਾਲ ਤੇ ਦੀਪਕ ਸਿੰਘ ਉਰਫ ਦੀਪਕ ਵਾਸੀ ਪੱਖੋਵਾਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਕਾਰਵਾਈ ਆਰੰਭੀ ਸੀ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਚਾਰ ਦਿਨਾਂ ਦਾ ਰਿਮਾਂਡ ਲਿਆ ਹੈ।