ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋਸ਼ ਹੇਠ ਪੰਜ ਗ੍ਰਿਫ਼ਤਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਅਕਤੂਬਰ
ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲੀਸ ਨੇ ਸਰਹੱਦ ਪਾਰ ਤਸਕਰੀ ਨਾਲ ਜੁੜੇ ਦੋ ਵੱਖ-ਵੱਖ ਮਾਮਲਿਆਂ ਵਿੱਚ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਮੁਲਜ਼ਮਾਂ ਦੀ ਸੁਹੇਲ ਵਾਸੀ ਲੋਗੜ ਗੇਟ, ਅਵਤਾਰ ਸਿੰਘ, ਸਮੀਰ ਸਿੰਘ, ਅਰਸ਼ਦੀਪ ਸਿੰਘ ਅਤੇ ਯੁਵਰਾਜ ਸਿੰਘ ਸਾਰੇ ਵਾਸੀ ਪਿੰਡ ਸਰਾਏ ਅਮਾਨਤ ਖਾਂ ਵਜੋਂ ਹੋਈ ਹੈ। ਇਹ ਸਾਰੇ ਵਿਅਕਤੀ ਦੋ ਵੱਖ ਵੱਖ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਹਨ ਅਤੇ ਇਹਨਾਂ ਕੋਲੋਂ ਲਗਪਗ ਤਿੰਨ ਕਿਲੋ ਹੈਰੋਇਨ ਬਰਾਮਦ ਹੋਈ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇੱਕ ਮਾਮਲੇ ਵਿੱਚ ਸੁਹੇਲ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਕੋਲੋਂ ਢਾਈ ਕਿਲੋ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪਾਕਿਸਤਾਨ ਦੇ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਡਰੋਨ ਰਾਹੀਂ ਹੈਰੋਇਨ ਸਰਹੱਦ ਪਾਰ ਭੇਜੀ ਜਾ ਰਹੀ ਸੀ। ਪੁਲੀਸ ਨੇ ਛੇਹਰਟਾ ਬਾਈਪਾਸ ਮੋੜ ਤੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਪੁਲੀਸ ਵੱਲੋਂ ਉਸ ਦੇ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਸੰਬੰਧਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਦੂਜੇ ਮਾਮਲੇ ਵਿੱਚ ਪੁਲੀਸ ਦੇ ਡੀਸੀਪੀ ਰਾਣਾ ਦੀ ਅਗਵਾਈ ਹੇਠ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਹੀਨ ਅਤੇ 35000 ਦੀ ਨਕਦੀ ਬਰਾਮਦ ਕੀਤੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਦਾ ਵੀ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਿੱਧਾ ਸੰਪਰਕ ਸੀ। ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਸਣੇ ਜੱਲ੍ਹਿਆਂਵਾਲਾ ਬਾਗ ਨੇੜੇ ਲੱਕੜ ਮੰਡੀ ਕੋਲੋਂ ਕਾਬੂ ਕੀਤਾ ਹੈ। ਦੋਵਾਂ ਮਾਮਲਿਆਂ ਵਿੱਚ ਛੇਹਰਟਾ ਅਤੇ ਥਾਣਾ ਸਦਰ ਵਿੱਚ ਕੇਸ ਦਰਜ ਕੀਤੇ ਗਏ ਹਨ।
ਵੱਖ-ਵੱਖ ਮਾਮਲਿਆਂ ’ਚ ਕਾਬੂ ਮੁਲਜ਼ਮਾਂ ਕੋਲੋਂ ਪਿਸਤੌਲ ਬਰਾਮਦ
ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹਾ ਦਿਹਾਤੀ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਇੱਕ ਮਾਮਲੇ ਵਿੱਚ ਬੈਂਕ ਡਕੈਤੀ ਸਬੰਧੀ 5 ਲੱਖ ਰੁਪਏ ਦੀ ਬਰਾਮਦਗੀ ਕੀਤੀ ਗਈ ਹੈ। ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਵੱਖ ਵੱਖ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਸੁਰਜੀਤ ਸਿੰਘ , ਗੁਰਪ੍ਰੀਤ ਸਿੰਘ , ਜਗਤਾਰ ਸਿੰਘ ਉਰਫ ਜੱਗਾ ਅਤੇ ਦਿਲਾਵਰ ਸਿੰਘ ਉਰਫ ਬਾਗਾ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਅਮਰੀਕ ਕੌਰ ਵਾਸੀ ਵਰਪਾਲ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਸੁਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਇਕ ਪਿਸਤੌਲ ਬਰਾਮਦ ਕੀਤਾ ਹੈ। ਦੂਜੇ ਮਾਮਲੇ ਵਿੱਚ ਸੀਆਈਏ ਸਟਾਫ ਦੀ ਪੁਲੀਸ ਨੇ ਨਾਜਾਇਜ਼ ਅਸਲੇ ਦੀ ਸਪਲਾਈ ਕਰਨ ਦੇ ਦੋਸ਼ ਹੇਠ ਦਿਲਾਵਰ ਸਿੰਘ ਉਰਫ ਬਾਘਾ ਅਤੇ ਜਗਤਾਰ ਸਿੰਘ ਉਰਫ ਜੱਗਾ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਕੋਲੋਂ ਇੱਕ 30 ਬੋਰ ਦਾ ਪਿਸਤੌਲ ਅਤੇ ਇੱਕ 32 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ। ਇਸ ਮਨ ਵਿੱਚ ਥਾਣਾ ਝੰਡੇਰ ਵਿੱਚ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਕੱਥੂ ਨੰਗਲ ਹੇਠ ਆਉਂਦੇ ਐਚਡੀਐਫਸੀ ਬੈਂਕ ਦੀ ਪਿੰਡ ਮੱਝ ਦੀ ਸ਼ਾਖਾ ਵਿੱਚ 18 ਸਤੰਬਰ ਨੂੰ ਹੋਈ ਡਕੈਤੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਕਸ਼ਮੀਰ ਸਿੰਘ ਉਰਫ ਸ਼ੀਰੂ ਕੋਲੋਂ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਬੈਂਕ ਵਿੱਚੋਂ ਲਗਭਗ 25 ਲੱਖ 70 ਹਜਾਰ ਰੁਪਏ ਦੀ ਡਕੈਤੀ ਕੀਤੀ ਗਈ ਸੀ।
ਕਪੂਰਥਲਾ ’ਚ ਤਿੰਨ ਨੌਜਵਾਨ ਅਸਲੇ ਸਣੇ ਕਾਬੂ
ਕਪੂਰਥਲਾ (ਨਿੱਜੀ ਪੱਤਰ ਪ੍ਰੇਰਕ): ਸੀਆਈਏ ਸਟਾਫ਼ ਕਪੂਰਥਲਾ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਦੇਸੀ ਪਿਸਤੌਲ, ਰੌਂਦ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਐੱਸਐੱਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹੰਸਦੀਪ ਸਿੰਘ ਉਰਫ਼ ਨਿੱਕਾ ਵਾਸੀ ਮੁਹੱਲਾ ਅਰਫਾਵਲਾ, ਪ੍ਰਦੀਪ ਸਿੰਘ ਉਰਫ਼ ਪ੍ਰਿੰਸ ਵਾਸੀ ਸੰਗੋਵਾਲ ਥਾਣਾ ਢਿੱਲਵਾ, ਪ੍ਰਤਿਖਿਆ ਸਿੰਘ ਉਰਫ਼ ਰਾਜਾ ਵਾਸੀ ਢਿੱਲਵਾਂ ਵਜੋਂ ਹੋਈ ਹੈ।