ਸੱਟੇਬਾਜ਼ੀ ਦੇ ਦੋਸ਼ ਹੇਠ ਪੰਜ ਕਾਬੂ
ਪੱਤਰ ਪ੍ਰੇਰਕ
ਜਲੰਧਰ, 10 ਨਵੰਬਰ
ਸੀਆਈਏ ਸਟਾਫ਼ ਦੀ ਪੁਲੀਸ ਵੱਲੋਂ ਮਕਸੂਦਾਂ ਸਬਜ਼ੀ ਮੰਡੀ ’ਚ ਕ੍ਰਿਕਟ ਮੈਚਾਂ ਤੇ ਸ਼ੇਅਰ ਮਾਰਕੀਟ ’ਤੇ ਸੱਟਾ ਲਗਾਉਣ ਵਾਲੇ ਦਫ਼ਤਰ ’ਚ ਮਾਰੇ ਗਏ ਛਾਪੇ ਦੌਰਾਨ ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਕੇ ਲੱਖਾਂ ਰੁਪਏ ਦੀ ਨਕਦੀ, ਮੋਬਾਈਲ, ਕੰਪਿਊਟਰ ਤੇ ਹਿਸਾਬ ਕਿਤਾਬ ਦਾ ਰਜਿਸਟਰ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਕਸੂਦਾਂ ਸਬਜ਼ੀ ਮੰਡੀ ’ਚ ਜਤੀਸ਼ ਅਰੋੜਾ ਉਰਫ ਗੌਰੀ ਵਾਸੀ ਬੀਐੱਸਐੱਫ ਕਲੋਨੀ ਨੇ ਦਫ਼ਤਰ ਖੋਲ੍ਹਿਆ ਹੋਇਆ ਹੈ, ਜਿੱਥੇ ਕ੍ਰਿਕਟ ਮੈਚਾਂ ਤੇ ਸ਼ੇਅਰ ਮਾਰਕੀਟ ’ਤੇ ਸੱਟੇਬਾਜ਼ੀ ਕਰਵਾਈ ਜਾਂਦੀ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਪਾਰਟੀ ਨੇ ਉਕਤ ਦਫ਼ਤਰ ’ਚ ਛਾਪਾ ਮਾਰ ਕੇ ਜਤੀਸ਼ ਅਰੋੜਾ ਤੇ ਦਰਪਣ ਸਮੇਤ ਕੁੱਲ ਪੰਜ ਜਾਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 22 ਲੱਖ ਰੁਪਏ, ਅੱਠ ਮੋਬਾਈਲ, ਦੋ ਕੰਪਿਊਟਰ ਤੇ ਹਿਸਾਬ-ਕਿਤਾਬ ਰੱਖਣ ਵਾਲੇ ਰਜਿਸਟਰ ਬਰਾਮਦ ਕੀਤੇ ਹਨ। ਪੁਲੀਸ ਨੇ ਪੰਜਾਂ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਦਾਲਤ ਵੱਲੋਂ ਉਨ੍ਹਾਂ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਕੰਪਿਊਟਰ ਦਾ ਡਾਟਾ ਵੀ ਹਾਸਲ ਕਰ ਲਿਆ ਗਿਆ ਹੈ ਜਿਸ ਵਿੱਚ ਕਈ ਹੋਰ ਸੱਟੇਬਾਜ਼ਾਂ ਦੇ ਨਾਮ ਵੀ ਸ਼ਾਮਲ ਹਨ, ਜਿਨ੍ਹਾਂ ਖਿਲਾਫ਼ ਵੀ ਜਲਦ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਬਰਾਮਦਗੀ ਕੀਤੀ ਜਾਵੇਗੀ।