ਕਤਲ ਕੇਸ ’ਚ ਲੋੜੀਂਦੇ ਸਰਗਨੇ ਨਾਟਾ ਸਣੇ ਪੰਜ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਗਸਤ
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ਼) ਨੇ ਅਪਰਾਧਕ ਗਰੋਹ ਦੇ ਸਰਗਨੇ ਸੁਨੀਲ ਭੰਡਾਰੀ ਉਰਫ਼ ਨਾਟਾ ਸਣੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਟਾ ਫ਼ਿਰੋਜ਼ਪੁਰ ਵਿੱਚ ਹਾਲ ਹੀ ’ਚ ਹੋਏ ਕਤਲ ਸਣੇ ਹੋਰ ਵਾਰਦਾਤਾਂ ’ਚ ਪੁਲੀਸ ਨੂੰ ਲੋੜੀਂਦਾ ਸੀ। ਡੀਜੀਪੀ ਗੌਰਵ ਯਾਦਵ ਨੇ ਅੱਜ ਦੱਸਿਆ ਕਿ ਫੜੇ ਗਏ ਬਾਕੀ ਚਾਰ ਮੁਲਜ਼ਮਾਂ ਦੀ ਪਛਾਣ ਰਾਹੁਲ ਭੰਡਾਰੀ, ਵਰਿੰਦਰ ਸਿੰਘ, ਕਰਨ, ਅਮਨਦੀਪ ਸਿੰਘ ਸਾਰੇ ਵਾਸੀ ਫ਼ਿਰੋਜ਼ਪੁਰ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਪੰਜ ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ.30 ਬੋਰ ਦੇ ਤਿੰਨ ਚੀਨੀ ਪਿਸਤੌਲ, .32 ਬੋਰ ਦੇ ਦੋ ਪਿਸਤੌਲ ਤੇ 40 ਕਾਰਤੂਸ ਸ਼ਾਮਲ ਹਨ। ਏਜੀਟੀਐੱਫ਼ ਨੇ ਮੁਲਜ਼ਮਾਂ ਦੀ ਮਹਿੰਦਰਾ ਐਕਸਯੂਵੀ 700 ਅਤੇ ਇਨੋਵਾ ਕ੍ਰਿਸਟਾ ਵੀ ਜ਼ਬਤ ਕੀਤੀ ਹੈ। ਯਾਦਵ ਮੁਤਾਬਕ ਮੁਲਜ਼ਮ ਨਾਟਾ 31 ਜੁਲਾਈ ਨੂੰ ਫ਼ਿਰੋਜ਼ਪੁਰ ’ਚ ਲਵਪ੍ਰੀਤ ਸਿੰਘ ਦੇ ਕਤਲ ਮਾਮਲੇ ਦਾ ਮੁੱਖ ਸਰਗਨਾ ਹੈ ਤੇ ਵਾਰਦਾਤ ਮੌਕੇ ਮੁਲਜ਼ਮ ਰਾਹੁਲ ਭੰਡਾਰੀ ਤੇ ਵਰਿੰਦਰ ਵੀ ਉਸ ਨਾਲ ਮੌਜੂਦ ਸਨ। ਏਜੀਟੀਐੱਫ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਏਜੀਟੀਐੱਫ ਟੀਮਾਂ ਨੇ ਇਨ੍ਹਾਂ ਮੁਲਜ਼ਮਾਂ ਨੂੰ ਰਾਜਪੁਰਾ ’ਚ ਕੌਮੀ ਮਾਰਗ ਨੇੜਿਓਂ ਕਾਬੂ ਕੀਤਾ ਹੈ। ਉਨ੍ਹਾਂ ਮੁਤਾਬਕ ਮੁਲਜ਼ਮ ਨਾਟਾ ਖ਼ਿਲਾਫ਼ ਕਤਲ ਸਣੇ 15 ਕੇਸ, ਰਾਹੁਲ ਭੰਡਾਰੀ ਖਿਲਾਫ਼ ਚਾਰ ਕੇਸ, ਮੁਲਜ਼ਮ ਵਰਿੰਦਰ ਖਿਲਾਫ਼ ਕਤਲ ਦਾ ਇੱਕ ਕੇਸ ਜਦਕਿ ਮੁਲਜ਼ਮ ਅਮਨਦੀਪ ਸਿੰਘ ਖਿਲਾਫ਼ ਕਤਲ ਦੀ ਕੋਸ਼ਿਸ਼, ਲੁੱਟਖੋਹ ਸਣੇ 12 ਕੇਸ ਦਰਜ ਹਨ। ਬਾਨ ਨੇ ਕਿਹਾ ਕਿ ਮੁੱਢਲੀ ਪੁੱਛ-ਪੜਤਾਲ ਮੁਤਾਬਕ ਕਰਨ, ਸੁਨੀਲ ਭੰਡਾਰੀ ਉਰਫ਼ ਨਾਟਾ ਦਾ ਦੂਰ ਦਾ ਰਿਸ਼ਤੇਦਾਰ ਹੈ, ਜੋ ਇਸ ਗਰੋਹ ਲਈ ਲੁਕਣਗਾਹਾਂ ਦਾ ਪ੍ਰਬੰਧ ਕਰਦਾ ਸੀ। ਅਮਨਦੀਪ ਸਿੰਘ ਪੇਸ਼ੇ ਤੋਂ ਡਰਾਈਵਰ ਹੈ ਤੇ ਮੁਲਜ਼ਮਾਂ ਦੀ ਸੂਬੇ ’ਚੋਂ ਫਰਾਰ ਹੋਣ ’ਚ ਮਦਦ ਕਰ ਰਿਹਾ ਸੀ।