ਲੁੱਟਾਂ-ਖੋਹਾਂ ਦੇ ਦੋਸ਼ ਹੇਠ ਨਾਬਾਲਗ ਸਮੇਤ ਪੰਜ ਗ੍ਰਿਫ਼ਤਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 5 ਅਕਤੂਬਰ
ਮੋਹਕਮਪੁਰਾ ਦੀ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਅਤੇ ਵਾਹਨ ਚੋਰੀ ਕਰਨ ਦੇ ਦੋਸ਼ ਹੇਠ ਨਾਬਾਲਗ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਸਕੂਟਰ, ਦੋ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਸਾਗਰ ਦੀਪ ਸਿੰਘ ਉਰਫ ਸਾਗਰ, ਗੁਰਜੀਤ ਸਿੰਘ ਉਰਫ ਮੋਨੂ, ਅਸੀਸ ਅੰਮ੍ਰਿਤ ਅਤੇ ਦਿਲਪ੍ਰੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿੱਚ 16 ਸਾਲ ਦਾ ਨਾਬਾਲਗ ਮੁੰਡਾ ਵੀ ਸ਼ਾਮਲ ਹੈ।
ਪੁਲੀਸ ਦੇ ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਸੰਜੂ ਕੁਮਾਰ ਵਾਸੀ ਦਸਮੇਸ਼ ਨਗਰ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਵਿੱਚ ਉਸ ਨੇ ਦੱਸਿਆ ਸੀ ਕਿ 29 ਸਤੰਬਰ ਨੂੰ ਤੜਕੇ ਸਵੇਰੇ ਉਹ ਬੈਟਰੀ ਰਿਕਸ਼ਾ ’ਤੇ ਗੋਲਡਨ ਐਵੀਨਿਊ ਤੋਂ ਆਪਣੇ ਘਰ ਦਸ਼ਮੇਸ਼ ਨਗਰ ਜਾ ਰਿਹਾ ਸੀ, ਜਦੋਂ ਉਹ ਜੋੜਾ ਪੁਲ ਫਾਟਕ ਦੇ ਹੇਠਾਂ ਬਣੇ ਰਸਤੇ ਵਿੱਚੋਂ ਲੰਘ ਰਿਹਾ ਸੀ ਤਾਂ ਸਕੂਟਰ ਅਤੇ ਮੋਟਰਸਾਈਕਲ ’ਤੇ ਸਵਾਰ 6 ਨੌਜਵਾਨਾਂ ਨੇ ਉਸ ਦਾ ਈ ਰਿਕਸ਼ਾ ਰੋਕ ਲਿਆ ਅਤੇ ਉਸ ਦਾ ਮੋਬਾਈਲ ਫੋਨ ਤੇ 3000 ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਲੁਟੇਰਾ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪੁੱਛ-ਗਿੱਛ ਬਾਅਦ ਖੁਲਾਸਾ ਹੋਇਆ ਕਿ ਇਨ੍ਹਾਂ ਗਰੋਹ ਬਣਾਇਆ ਹੋਇਆ ਹੈ ਅਤੇ 29 ਸਤੰਬਰ ਨੂੰ ਇਨਾ ਥਾਣਾ ਮਕਬੂਲਪੁਰਾ ਤੇ ਥਾਣਾ ਸੁਲਤਾਨਵਿੰਡ ਤੇ ਇਲਾਕੇ ਵਿੱਚ ਖੋਹ ਦੀਆਂ ਵਾਰਦਾਤਾਂ ਕੀਤੀਆਂ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਨੇ ਮੁਲਜ਼ਮਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।