For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਦੇ ਕਤਲ ਮਾਮਲੇ ਵਿੱਚ ਨਾਬਾਲਗ ਸਮੇਤ ਪੰਜ ਗ੍ਰਿਫ਼ਤਾਰ

10:11 AM Sep 10, 2024 IST
ਨੌਜਵਾਨ ਦੇ ਕਤਲ ਮਾਮਲੇ ਵਿੱਚ ਨਾਬਾਲਗ ਸਮੇਤ ਪੰਜ ਗ੍ਰਿਫ਼ਤਾਰ
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਡਾ. ਨਾਨਕ ਸਿੰਘ। -ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 9 ਸਤੰਬਰ
ਇੱਥੇ ਨਾਭਾ ਰੋਡ ਸਥਿਤ ਪਟਿਆਲਾ ਵਿਚਲੀ ਬਾਬੂ ਸਿੰਘ ਕਲੋਨੀ ਦੇ ਰਹਿਣ ਵਾਲੇ ਨੌਜਵਾਨ ਕਰਨ ਕੁਮਾਰ ਪੁੱਤਰ ਓਮ ਪ੍ਰਕਾਸ਼ ਦੇ ਕਤਲ ਮਾਮਲੇ ਵਿੱਚ ਸ਼ਾਮਲ ਪੰਜ ਨੌਜਵਾਨਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਭਾਵੇਂ ਅਜੇ ਪੁਲੀਸ ਵੱਲੋਂ ਮੁਕੰਮਲ ਤਫਤੀਸ਼ ਕੀਤੀ ਜਾਣੀ ਬਾਕੀ ਹੈ, ਪਰ ਮੁਢਲੀ ਜਾਣਕਾਰੀ ਅਨੁਸਾਰ ਇਸ ਕਤਲ ਦੀ ਮੁੱਖ ਵਜ੍ਹਾ ਇੱਕ ਲੜਕੀ ਦਾ ਹੋਣਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈ ਕੇ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਂਜ ਵਾਰਦਾਤ ਵਿੱਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਪੁਲੀਸ ਨੇ ਬਰਾਮਦ ਕਰ ਲਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਅਤੇ ਸਬੰਧਤ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਅਮਰਬੀਰ ਚਹਿਲ ਅਤੇ ਟੀਮਾਂ ਵੱਲੋਂ ਐੈਸਪੀ ਸਰਫਰਾਜ ਆਲਮ ਤੇ ਯੋਗੇਸ਼ ਸ਼ਰਮਾ ਸਮੇਤ ਡੀਐੱਸਪੀ ਵਹਿਭਵ ਚੌਧਰੀ ਅਤੇ ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠਾਂ ਚਲਾਈ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਯੁਵਰਾਜ ਉਰਫ਼ ਯੁਵੀ ਵਾਸੀ ਕਾਲਵਾ, ਅਮਨਪ੍ਰੀਤ ਸਿੰਘ ਅਮਨ ਵਾਸੀ ਪਟਿਆਲਾ ਸਿਟੀ, ਅੰਸ਼ਦੇਵ ਵਾਸੀ ਹਾਜੀਮਾਜਰਾ ਅਤੇ ਤਰੁਨਪਾਲ ਸਿੰਘ ਵਾਸੀ ਪਟਿਆਲਾ ਵਜੋਂ ਹੋਈ। ਜਦਕਿ ਪੰਜਵਾਂ ਮੁਲਜ਼ਮ ਨਾਬਾਲਗ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰੀ ਤੋਂ ਬਚਣ ਲਈ ਭੱਜਣ ਦੌਰਾਨ ਇਨ੍ਹਾਂ ’ਚੋਂ ਦੋ ਨੌਜਵਾਨਾਂ ਨੂੰ ਸੜਕ ਹਾਦਸੇ ’ਚ ਸੱਟਾਂ ਵੀ ਲੱਗੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵੀ ਦਾਖਲ ਕਰਵਾਉਣਾ ਪਿਆ।
ਡੀਐੱਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਭਾਵੇਂ ਅਜੇ ਜਾਂਚ ਜਾਰੀ ਹੈ, ਪਰ ਮੁਢਲੀ ਤਫਤੀਸ਼ ’ਚ ਪਤਾ ਲੱਗਾ ਹੈ ਕਿ ਇਹ ਮ੍ਰਿਤਕ ਨਾਲ ਮੁੱਖ ਤੌਰ ’ਤੇ ਅੰਸ਼ਦੇਵ ਦਾ ਹੀ ਵਿਵਾਦ ਸੀ। ਅੰਸ਼ਦੇਵ ਦਾ ਤਰਕ ਸੀ ਕਿ ਕਰਨ ਕੁਮਾਰ ਉਸ ਦੀ ਜਾਣਕਾਰ ਇੱਕ ਲੜਕੀ ਨੂੰ ਫੋਨ ’ਤੇ ਮੈਸੇਜ ਭੇਜ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਇਸ ਤਹਿਤ ਉਹ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਗਿਆ ਤੇ ਕਰਨ ਕੁਮਾਰ ਜਦੋਂ ਆਪਣੇ ਇੱਕ ਦੋਸਤ ਵਿਸ਼ਾਲ ਦੇ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਅੰਸ਼ ਤੇ ਸਾਥੀਆਂ ਨੇ ਉਸ ਨੂੰ ਧੂਹ ਕੇ ਹੇਠਾਂ ਸੁੱਟ ਲਿਆ ਅਤੇ ਫੇਰ ਉਸ ਦੀ ਕੁੱਟਮਾਰ ਸ਼ੁਰੂ ਕਰ ਦਿਤੀ। ਇਸ ਦੌਰਾਨ ਹੀ ਉਸ ਦੇ ਮਾਰਿਆ ਗਿਆ ਛੁਰਾ ਜਾਨ ਲੇਵਾ ਸਾਬਤ ਹੋਇਆ।

Advertisement
Advertisement
Author Image

Advertisement