ਲੁੱਟ-ਖੋਹ ਕਰਨ ਵਾਲੇ ਗੈਂਗਸਟਰ ਸਣੇ ਪੰਜ ਕਾਬੂ
ਐਨ ਪੀ ਧਵਨ
ਪਠਾਨਕੋਟ, 10 ਨਵੰਬਰ
ਜ਼ਿਲ੍ਹਾ ਪਠਾਨਕੋਟ ਦੀ ਪੁਲੀਸ ਨੇ ਕਾਰਵਾਈ ਕਰਦੇ ਹੋਏ 3 ਵੱਖ-ਵੱਖ ਮਾਮਲਿਆਂ ਨੂੰ ਹੱਲ ਕਰਦਿਆਂ ਲੋੜੀਂਦੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਇੱਕ ਲੁੱਟਖੋਹ ਦਾ ਮਾਮਲਾ ਵੀ ਸ਼ਾਮਲ ਹੈ ਜਿਸ ਵਿੱਚ ਪੁਲੀਸ ਨੇ ਰਿਕਾਰਡ ਸਮੇਂ ਵਿੱਚ ਸੀਸੀਟੀਵੀ ਫੁਟੇਜ ਦੀ ਵਰਤੋਂ ਕਰਦਿਆਂ ਸਨੈਚਰ ਕਾਬੂ ਕੀਤਾ ਅਤੇ ਉਸ ਕੋਲੋਂ 25 ਗਰਾਮ ਹੈਰੋਇਨ ਵੀ ਬਰਾਮਦ ਕੀਤੀ ਜਦ ਕਿ ਉਸ ਵੱਲੋਂ ਇੱਕ ਵਪਾਰੀ ਕੋਲੋਂ ਲੁੱਟੀ ਗਈ ਰਕਮ ਵੀ ਬਰਾਮਦ ਕੀਤੀ ਗਈ ਹੈ। ਦੂਸਰੇ ਮਾਮਲੇ ਵਿੱਚ ਜਲੰਧਰ ਪੁਲੀਸ ਨੂੰ ਲੋੜੀਂਦੇ ਇਰਾਦਾ ਕਤਲ ਦੇ ਮੁਲਜ਼ਮ ਭਗੌੜੇ ਇੱਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਅਤੇ ਉਸ ਨੂੰ ਪਨਾਹ ਦੇਣ ਵਾਲੇ ਦੋ ਵਿਅਕਤੀਆਂ ਨੂੰ ਵੀ ਕਾਬੂ ਕਰ ਲਿਆ। ਇਸੇ ਤਰ੍ਹਾਂ ਤੀਸਰੇ ਮਾਮਲੇ ਵਿੱਚ ਪੁਲੀਸ ਨੇ ਵਾਹਨਾਂ ਦੇ ਜਾਅਲੀ ਲੈਣ-ਦੇਣ ਕਰਕੇ ਲੋਕਾਂ ਨਾਲ ਸ਼ੋਸ਼ਣ ਕਰਨ ਵਾਲੇ ਧੋਖੇਬਾਜ਼ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਧੋਖਾਧੜੀ ਰਾਹੀਂ ਇਕੱਤਰ ਕੀਤੀ ਗਈ 14 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ। ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਬੀਤੇ ਕੱਲ੍ਹ ਬਮਿਆਲ ਨੇੜੇ ਜਨਿਆਲ ਪਿੰਡ ਦੇ ਬੈਂਕ ਵਿੱਚ ਆਪਣੀ ਦੁਕਾਨ ਦਾ 1 ਲੱਖ 9 ਹਜ਼ਾਰ ਰੁਪਏ ਦਾ ਕੈਸ਼ ਜਮ੍ਹਾ ਕਰਵਾਉਣ ਜਾ ਰਹੇ ਇੱਕ ਵਪਾਰੀ ਅਸ਼ੋਕ ਮਹਾਜਨ ਨੂੰ ਰਸਤੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੇ ਲੁੱਟ ਲਿਆ। ਇਸ ਵਾਰਦਾਤ ਦਾ ਖੁਰਾਖੋਜ ਲੱਭਣ ਲਈ ਸੀਸੀਟੀਵੀ ਫੁਟੇਜ ਖੰਗਾਲੀ ਅਤੇ ਹੋਰ ਸਬੂਤਾਂ ਦੇ ਆਧਾਰ ਤੇ ਮੁਲਜ਼ਮ ਨੂੰ ਪਹਿਚਾਣ ਲਿਆ। ਇਸ ਦੀ ਪਹਿਚਾਣ ਨਰੇਸ਼ ਕੁਮਾਰ ਵਾਸੀ ਪਿੰਡ ਜਨਿਆਲ ਵੱਜੋਂ ਹੋਈ। ਇਸ ਤੋਂ ਇਲਾਵਾ ਪੁਲੀਸ ਨੇ ਗੈਂਗਸਟਰ ਤੇ ਉਸ ਨੂੰ ਪਨਾਹ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਕਾਬੂ ਕੀਤਾ ਹੈ।