ਨੌਜਵਾਨ ਕਤਲ ਦੇ ਮਾਮਲੇ ਵਿੱਚ ਪੰਜ ਗ੍ਰਿਫ਼ਤਾਰ
ਸ਼ਗਨ ਕਟਾਰੀਆ
ਬਠਿੰਡਾ, 30 ਸਤੰਬਰ
ਪਿੰਡ ਸੰਗਤ ਕਲਾਂ ਦੇ ਨੌਜਵਾਨ ਅਕਾਸ਼ਦੀਪ ਸਿੰਘ ਦੇ 27 ਸਤੰਬਰ ਨੂੰ ਹੋਏ ਕਤਲ ਦੀ ਗੁੱਥੀ ਡੀਐੱਸਪੀ ਬਠਿੰਡਾ (ਦਿਹਾਤੀ) ਹਿਨਾ ਗੁਪਤਾ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪ੍ਰੇਮ ਵਿਆਹ ਕਾਰਨ ਹੋਏ ਇਸ ਕਤਲ ’ਚ ਸ਼ਾਮਲ ਪੰਜ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਨੇ ਬਿਆਨ ਦਰਜ ਕਰਵਾਇਆ ਸੀ ਕਿ ਚਾਰ ਸਾਲ ਪਹਿਲਾਂ ਉਸ ਨੇ ਅਕਾਸ਼ਦੀਪ ਸਿੰਘ ਉਰਫ ਖੁਸ਼ੀ ਵਾਸੀ ਸੰਗਤ ਕਲਾਂ ਨਾਲ ਪ੍ਰੇਮ ਵਿਆਹ ਕਰਵਾਇਆ ਸੀ। 27 ਸਤੰਬਰ ਨੂੰ ਉਹ ਤੇ ਉਸ ਦਾ ਪਤੀ ਮੋਟਰਸਾਈਕਲ ’ਤੇ ਪਿੰਡ ਬੰਬੀਹਾ ਜਾ ਰਹੇ ਸਨ। ਪਿੰਡ ਕੋਟਗੁਰੂ ਤੋਂ ਘੁੱਦਾ ਨੂੰ ਜਾਂਦੀ ਲਿੰਕ ਰੋਡ ਨੇੜੇ ਗੁਰਦੁਆਰੇ ਕੋਲ ਦੋ ਮੋਟਰਸਾਈਕਲ ’ਤੇ ਆਏ ਚਾਰ ਹਮਲਾਵਰਾਂ ਨੇ ਅਕਾਸ਼ਦੀਪ ਦੇ ਸਿਰ ’ਤੇ ਤਲਵਾਰ ਤੇ ਨਲਕੇ ਦੀ ਹੱਥੀ ਨਾਲ ਵਾਰ ਕਰ ਕੇ ਅਕਾਸ਼ਦੀਪ ਨੂੰ ਮਾਰ ਦਿੱਤਾ ਸੀ।
ਐੱਸਐੱਸਪੀ ਅਨੁਸਾਰ ਰੰਜਿਸ਼ ਦੀ ਵਜ੍ਹਾ ਹਰਪ੍ਰੀਤ ਕੌਰ ਤੇ ਅਕਾਸ਼ਦੀਪ ਸਿੰਘ ਦਾ ਪ੍ਰੇਮ ਵਿਆਹ ਸੀ। ਇਸ ਕਾਰਨ ਹਰਪ੍ਰੀਤ ਦੇ ਪਰਿਵਾਰਕ ਮੈਂਬਰ ਖੁਸ਼ ਨਹੀਂ ਸਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਵਾਰਦਾਤ ’ਚ ਵਰਤੇ ਹਥਿਆਰ ਬਰਾਮਦ ਕੀਤੇ
ਜ਼ਿਲ੍ਹਾ ਪੁਲੀਸ ਕਪਤਾਨ ਨੇ ਦੱਸਿਆ ਕਿ ਥਾਣਾ ਸੰਗਤ ਅਤੇ ਸੀਆਈਏ ਸਟਾਫ-2 ਦੀ ਟੀਮ ਦੇ ਸਾਂਝੇ ਅਪਰੇਸ਼ਨ ਨਾਲ ਮੁਲਜ਼ਮਾਂ ਨੂੰ ਲੰਘੀ ਰਾਤ ਪਿੰਡ ਫੁੱਲੋ ਮਿੱਠੀ ਤੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਕਿੰਦੀ ਭਲਵਾਨ, ਗੁਰਭਿੰਦਰ ਸਿੰਘ, ਪਰਮਿੰਦਰ ਸਿੰਘ, ਰਾਜਵੀਰ ਸਿੰਘ (ਸਾਰੇ ਵਾਸੀ ਪਿੰਡ ਫੁੱਲੋ ਮਿੱਠੀ) ਤੇ ਸ਼ਮੀਰ ਖ਼ਾਨ ਵਾਸੀ ਸੰਗਤ ਮੰਡੀ ਵਜੋਂ ਦੱਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਲਈ ਵਰਤੇ ਹਥਿਆਰ ਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।