ਤੰਦਰੁਸਤੀ ਦੀ ਸਵਾਰੀ ਸਾਈਕਲ
ਵਿੱਕੀ ਸੁਰਖ਼ਾਬ
ਸਾਈਕਲ ਸ਼ਬਦ ਸੁਣਦੇ ਹੀ ਹਰ ਇੱਕ ਦੇ ਦਿਮਾਗ਼ ਵਿੱਚ ਬਚਪਨ ਯਾਦ ਆ ਜਾਂਦਾ ਹੈ ਕਿਉਂਕਿ ਸਾਈਕਲ ਅਤੇ ਬਚਪਨ ਦਾ ਬਹੁਤ ਗੂੜ੍ਹਾ ਨਾਤਾ ਹੈ। ਸਾਈਕਲ ਬਚਪਨ ਦੀ ਪਹਿਲੀ ਸਵਾਰੀ ਹੁੰਦੀ ਹੈ ਜੋ ਕਿਸੇ ਸ਼ਾਹੀ ਸਵਾਰੀ ਤੋਂ ਘੱਟ ਨਹੀਂ ਹੁੰਦੀ। ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨੀ ਅਤੇ ਫੇਰ ਬੁਢਾਪੇ ਵਿੱਚ ਵੀ ਸਾਈਕਲ ਪ੍ਰਤੀ ਪਿਆਰ ਵੇਖਣ ਨੂੰ ਮਿਲਦਾ ਹੈ। ਹੁਣ ਮਹਿੰਗੇ ਤੋਂ ਮਹਿੰਗੇ ਸਾਈਕਲ ਵੀ ਖਰੀਦੇ ਜਾਂਦੇ ਹਨ। ਲੋਕਾਂ ਦੇ ਸ਼ੌਕ ਨੂੰ ਵੇਖਦਿਆਂ ਸਾਈਕਲ ਕੰਪਨੀਆਂ ਵੀ ਸਾਈਕਲਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਆਕਰਸ਼ਿਤ ਅਤੇ ਸੁੰਦਰ ਬਣਾਉਣ ਦੀ ਦੌੜ ਵਿੱਚ ਲੱਗੀਆਂ ਹੋਈਆਂ ਹਨ। ਸਾਈਕਲ ਦਾ ਗੀਤਾਂ, ਬੋਲੀਆਂ, ਫਿਲਮਾਂ ਆਦਿ ਵਿੱਚ ਜ਼ਿਕਰ ਜ਼ਰੂਰ ਹੁੰਦਾ ਹੈ।
ਦੁਨੀਆ ਵਿੱਚ ਆਈ ਤਬਦੀਲੀ ਨੇ ਸਾਈਕਲ ਸਨਅੱਤ ਨੂੰ ਵੀ ਕਿਤੇ ਨਾ ਕਿਤੇ ਢਾਹ ਜ਼ਰੂਰ ਲਾਈ ਹੈ। ਸਕੂਟਰ, ਮੋਟਰਸਾਈਕਲ ਅਤੇ ਮਹਿੰਗੀਆਂ ਕਾਰਾਂ ਨੇ ਸਾਈਕਲ ਉਦਯੋਗ ਨੂੰ ਖ਼ਤਮ ਕਰ ਦਿੱਤਾ ਸੀ। ਸਿਆਣੇ ਆਖਦੇ ਨੇ ਕਿ ਭਾਵੇਂ ਸਾਰੀ ਦੁਨੀਆਂ ਘੁੰਮ ਲਵੋ ਆਉਣਾ ਤਾਂ ਆਖਰ ਘਰ ਨੂੰ ਹੀ ਹੈ। ਉਸੇ ਤਰ੍ਹਾਂ ਮਨੁੱਖ ਨੇ ਸਭ ਸੁੱਖ ਸਹੂਲਤਾਂ ਦਾ ਆਨੰਦ ਲੈ ਲਿਆ ਜਿਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਮਨੁੱਖ ਵਿੱਚ ਬੇਸ਼ੁਮਾਰ ਬਿਮਾਰੀਆਂ ਦਾ ਵਾਧਾ ਹੋਇਆ। ਜਿਸਮਾਨੀ ਕਸਰਤ ਘੱਟ ਹੋ ਗਈ। ਅਖੀਰ ਡਾਕਟਰਾਂ ਕੋਲ ਜਾ ਕੇ ਸਲਾਹ ਮਿਲਦੀ ਹੈ ਕਿ ਕਸਰਤ ਕਰੋ। ਜਿਸਮਾਨੀ ਮਿਹਨਤ ਕਰੋ। ਮੁੜਕਾ ਆਉਣਾ ਬਹੁਤ ਜ਼ਰੂਰੀ ਹੈ ਜੋ ਸਾਈਕਲ ਜਾਂ ਸੈਰ ਕਰਨ ਨਾਲ ਆ ਸਕਦਾ ਹੈ। ਡਾਕਟਰ ਦੀ ਸਲਾਹ ਨੇ ਮਨੁੱਖ ਨੂੰ ਫੇਰ ਸਾਈਕਲ ਵੱਲ ਧੱਕਿਆ ਅਤੇ ਮਨੁੱਖ ਨੇ ਸਾਈਕਲ ਨੂੰ ਫੇਰ ਆਪਣੇ ਜੀਵਨ ਵਿੱਚ ਢਾਲ ਲਿਆ। ਜੋ ਕਿਤੇ ਨਾ ਕਿਤੇ ਚੰਗੀ ਸਿਹਤ ਵੱਲ ਇਸ਼ਾਰਾ ਵੀ ਹੈ। ਸਿਹਤ ਦੇ ਨਾਲ ਨਾਲ ਸਾਈਕਲ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਬਣਦਾ। ਇਸ ਨਾਲ ਹਵਾ ਦੀ ਗੁਣਵੱਤਾ ਸਾਫ਼ ਸੁਥਰੀ ਰਹਿੰਦੀ ਹੈ। ਜੋ ਸਾਈਕਲ ‘ਤੇ ਨਿਰਭਰ ਹੈ ਉਸ ਨੂੰ ਨਿੱਤ ਵਧ ਰਹੀਆਂ ਤੇਲ ਦੀਆਂ ਕੀਮਤਾਂ ਅਤੇ ਬਾਜ਼ਾਰਾਂ ਵਿੱਚ ਘੰਟਿਆਂ ਬੱਧੀ ਲੱਗਦੇ ਟਰੈਫਿਕ ਜਾਮ ਨਾਲ ਕੋਈ ਵਾਸਤਾ ਨਹੀਂ। ਇਸ ਤਰ੍ਹਾਂ ਇਸ ਨੂੰ ਮੁਫ਼ਤ ਦੀ ਸਵਾਰੀ ਵੀ ਕਹਿ ਸਕਦੇ ਹਾਂ। ਸਾਈਕਲ ਦੀ ਸਵਾਰੀ ਕਰਨ ਨਾਲ ਸਿਹਤ ਨੂੰ ਬਹੁਤ ਲਾਭ ਮਿਲਦਾ ਹੈ, ਮਨੁੱਖ ਤੰਦਰੁਸਤ ਮਹਿਸੂਸ ਕਰਦਾ ਹੈ। ਡਾਕਟਰਾਂ ਦੇ ਮੁਤਾਬਿਕ ਜੋ ਵਿਅਕਤੀ ਰੋਜ਼ਾਨਾ ਸਾਈਕਲ ਚਲਾਉਂਦਾ ਹੈ, ਉਸ ਨੂੰ ਕਈ ਰੋਗ ਹੋਣ ਦੇ ਆਸਾਰ ਬਹੁਤ ਹੱਦ ਤੱਕ ਘੱਟ ਹੋ ਜਾਂਦੇ ਹਨ। ਸਾਈਕਲ ਚਲਾਉਣ ਨਾਲ ਲੱਤਾਂ ਦੀਆਂ ਮਾਸਪੇਸ਼ੀਆਂ ਅਤੇ ਪੇਟ ਦੀਆਂ ਮਾਸਪੇਸ਼ੀਆਂ ਬਹੁਤ ਮਜ਼ਬੂਤ ਹੋ ਜਾਂਦੀਆਂ ਹਨ।
ਪੁਰਾਣੇ ਸਮਿਆਂ ਵਿੱਚ ਸਾਈਕਲ ਵਾਲੇ ਵਿਅਕਤੀ ਨੂੰ ਵੱਡਾ ਅਮੀਰ ਤੇ ਖ਼ਾਨਦਾਨੀ ਸਮਝਿਆ ਜਾਂਦਾ ਸੀ ਅਤੇ ਹੁਣ ਦੇ ਸਮੇਂ ਵਿੱਚ ਸਾਈਕਲ ਵਾਲੇ ਨੂੰ ਗਰੀਬ ਅਤੇ ਲਾਚਾਰ ਸਮਝਿਆ ਜਾਂਦਾ ਹੈ। ਸਮੇਂ ਦੇ ਗੇੜ ਨਾਲ ਸਭ ਤੱਥ ਅਤੇ ਵਿਚਾਰ ਬਦਲ ਗਏ। ਪੁਰਾਣੇ ਸਮਿਆਂ ਵਿੱਚ ਪਿੰਡ ਦੇ ਟਾਵੇਂ ਟਾਵੇਂ ਵਿਅਕਤੀ ਕੋਲ ਹੀ ਸਾਈਕਲ ਹੁੰਦਾ ਸੀ। ਸਮੇਂ ਦੇ ਨਾਲ-ਨਾਲ ਇਹ ਆਮ ਹੁੰਦਾ ਗਿਆ ਅਤੇ ਕੰਮਕਾਜੀ ਲੋਕ ਇਸ ਨੂੰ ਆਉਣ ਜਾਣ ਲਈ ਵਰਤਣ ਲੱਗੇ। ਕੋਹਾਂ ਮੀਲਾਂ ਦਾ ਸਫ਼ਰ ਘੰਟਿਆਂ ‘ਚ ਤੈਅ ਹੋਣ ਲੱਗਾ ਜੋzwnj; ਪੈਦਲ ਚੱਲਣ ਨਾਲੋਂ ਬਹੁਤ ਹੱਦ ਤੱਕ ਤੇਜ਼ ਸੀ। ਜ਼ਿੰਦਗੀ ਦੀ ਰਫ਼ਤਾਰ ਤੇਜ਼ ਹੋਣੀ ਸ਼ੁਰੂ ਹੋ ਗਈ। ਕਾਫ਼ੀ ਦੇਰ ਤੱਕ ਸਾਡੇ zwnj;ਸਮਾਜਿਕ ਜੀਵਨ ਵਿੱਚ ਸਾਈਕਲ ਸਥਿਰ ਰਿਹਾ। ਫੇਰ ਮੋਟਰਸਾਈਕਲ ਅਤੇ ਸਕੂਟਰ ਕਾਰਾਂ ਦੀ ਕਾਢ ਨੇ ਇਸ ਨੂੰ ਬਹੁਤ ਪਿੱਛੇ ਧੱਕ ਦਿੱਤਾ। ਜਿਸ ਤੋਂ ਬਾਅਦ ਇਸ ਦੇ ਪੈਰ ਪੂਰੀ ਤਰ੍ਹਾਂ ਨਹੀਂ ਲੱਗੇ। ਸਮੇਂ ਦੇ ਨਾਲ ਇਸ ਨੂੰ ਗ਼ਰੀਬ ਦੀ ਸਵਾਰੀ ਕਿਹਾ ਜਾਣ ਲੱਗਾ। ਸ਼ਾਇਦ ਅੱਜ ਵੀ ਇਹ ਧਾਰਨਾ ਮੌਜੂਦ ਹੈ।
ਯੂਰਪ ਵਿੱਚ ਸਥਿਤ ਇੱਕ ਛੋਟਾ ਜਿਹਾ ਦੇਸ਼ ਹੈ ਨੀਦਰਲੈਂਡਜ਼। ਇਸ ਨੂੰ ਦੁਨੀਆ ਵਿੱਚ ਦੂਜੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਹ ਹੈ ਸਾਈਕਲ ਕੰਟਰੀ (ਸਾਈਕਲਾਂ ਦਾ ਦੇਸ਼)। ਨੀਦਰਲੈਂਡਜ਼ ਵਿੱਚ ਦੁਨੀਆ ਦੇ ਸਭ ਤੋਂ ਜ਼ਿਆਦਾ ਸਾਈਕਲ ਹਨ। ਇੱਥੋਂ ਦੇ ਲੋਕ ਸਾਈਕਲ ਚਲਾਉਣਾ ਬਹੁਤ ਪਸੰਦ ਕਰਦੇ ਹਨ। ਇੱਥੋਂ ਦੀ ਕੁੱਲ ਆਬਾਦੀ ਦਾ 99.1% ਹਿੱਸਾ ਸਾਈਕਲ ‘ਤੇ ਨਿਰਭਰ ਹੈ। ਇਵੇਂ ਕਹਿ ਲਵੋ ਕਿ ਨੀਦਰਲੈਂਡਜ਼ ਦੇ ਲਗਭਗ ਹਰ ਇੱਕ ਵਿਅਕਤੀ ਕੋਲ ਸਾਈਕਲ ਹੈ। ਇਸ ਕਾਰਨ ਉਨ੍ਹਾਂ ਦੇ ਦੇਸ਼ ਦੀ ਟਰੈਫਿਕ ਦੀ ਬਹੁਤ ਸਰਲ ਤਰੀਕੇ ਨਾਲ ਚੱਲਦੀ ਹੈ। ਉਸ ਦੇ ਨਾਲ ਹੀ ਉੱਥੇ ਨਾ ਹੀ ਆਵਾਜ਼ ਪ੍ਰਦੂਸ਼ਣ ਅਤੇ ਨਾ ਹੀ ਹਵਾ ਦਾ ਪ੍ਰਦੂਸ਼ਣ ਹੈ। ਹਵਾ ਦੀ ਗੁਣਵੱਤਾ ਬਹੁਤ ਸ਼ੁੱਧ ਹੈ। ਨੀਦਰਲੈਂਡਜ਼ ਦੇ ਲੋਕ ਵਾਤਾਵਰਨ ਨੂੰ ਬਹੁਤ ਪਿਆਰ ਕਰਦੇ ਹਨ। ਇੱਥੋਂ ਤੱਕ ਕਿ ਨੀਦਰਲੈਂਡਜ਼ ਦਾ ਪ੍ਰਧਾਨ ਮੰਤਰੀ ਵੀ ਆਪਣੇ ਦਫ਼ਤਰ ਸਾਈਕਲ ‘ਤੇ ਜਾਂਦਾ ਹੈ। ਇਸ ਵਿੱਚ ਉਹ ਸ਼ਰਮ ਮਹਿਸੂਸ ਨਹੀਂ ਕਰਦੇ। ਉੱਥੋਂ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵਧ ਰਹੀਆਂ ਤੇਲ ਦੀਆਂ ਕੀਮਤਾਂ ਨਾਲ ਕੋਈ ਮਤਲਬ ਨਹੀਂ ਕਿਉਂਕਿ ਉਹ ਜ਼ਿਆਦਾ ਸਫ਼ਰ ਅਤੇ ਕੰਮਕਾਰ ਸਾਈਕਲ ਜ਼ਰੀਏ ਹੀ ਕਰਦੇ ਹਨ। ਸਾਡੇ ਮੁਕਾਬਲੇ ਉਨ੍ਹਾਂ ਲੋਕਾਂ ਵਿੱਚ ਬਿਮਾਰੀਆਂ ਬਹੁਤ ਘੱਟ ਹਨ ਜਿਸ ਦੀ ਇੱਕ ਵਜ੍ਹਾ ਸਾਈਕਲ ਨੂੰ ਮੰਨਿਆ ਜਾ ਸਕਦਾ ਹੈ।
ਕਈ ਲੋਕ ਤਾਂ ਸਾਈਕਲ ਯਾਤਰਾ ਬੜੇ ਉਤਸ਼ਾਹ ਨਾਲ ਕਰਦੇ ਹਨ। ਅਕਸਰ ਵੇਖਣ ਸੁਣਨ ਨੂੰ ਮਿਲਦਾ ਹੈ ਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਸਾਈਕਲ ਯਾਤਰਾ ਕੀਤੀ ਗਈ। ਕਈ ਲੋਕ ਕਿਸੇ ਮਕਸਦ ਨੂੰ ਲੈ ਕੇ ਵੀ ਸਾਈਕਲ ਯਾਤਰਾ ਕਰਦੇ ਹਨ। ਕਈ ਲੋਕ ਪੂਰੇ ਦੇਸ਼ ਦੀ ਯਾਤਰਾ ਵੀ ਸਾਈਕਲ ‘ਤੇ ਕਰ ਚੁੱਕੇ ਹਨ। ਜੋ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਬਹੁਤ ਵਧੀਆ ਤਰੀਕਾ ਹੈ। ਵੇਖਣ ਵਿੱਚ ਆਇਆ ਹੈ ਕਿ ਸ਼ਹਿਰਾਂ ਵਿੱਚ ਕਾਫ਼ੀ ਲੋਕ ਹੁਣ ਸਾਈਕਲਿੰਗ ਕਰਦੇ ਨਜ਼ਰ ਆਉਂਦੇ ਹਨ ਜੋ ਸਵੇਰ ਦੀ ਸੈਰ ਵਾਂਗ ਹੀ ਹੈ। ਚੀਨ ਵਿੱਚ ਵੀ ਸਾਈਕਲ ਨੂੰ ਲੈ ਕੇ ਸਖ਼ਤ ਕਾਨੂੰਨ ਹਨ। ਉੱਥੋਂ ਦੇ ਲੋਕ ਤੈਅ ਕਿਲੋਮੀਟਰ ਤੱਕ ਦਾ ਸਫ਼ਰ ਸਿਰਫ਼ ਸਾਈਕਲ ‘ਤੇ ਹੀ ਕਰਨਗੇ, ਇਸ ਲਈ ਸਰਕਾਰ ਵੱਲੋਂ ਸਖ਼ਤ ਨਿਰਦੇਸ਼ ਹਨ। ਉੱਥੇ ਸਾਈਕਲ ਲਈ ਵੱਖਰੀ ਲੇਨ ਤਿਆਰ ਕੀਤੀ ਗਈ ਹੈ zwnj;ਜਿਸ ਉੱਤੇ ਸਿਰਫ਼ ਸਾਈਕਲ ਹੀ ਚੱਲ ਸਕਦੇ। ਚੀਨ ਦੇ ਬੀਜਿੰਗ ਸ਼ਹਿਰ ਵਿੱਚ ਲੋਕ ਸਾਈਕਲ ਕਿਰਾਏ ‘ਤੇ ਵੀ ਲੈ ਸਕਦੇ ਹਨ। ਜਿਸ ਨਾਲ ਭਾਰੀ ਟਰੈਫਿਕ ਜਾਮ ਤੋਂ ਵੀ ਨਿਜਾਤ ਮਿਲ ਸਕੇ। ਚੀਨ ਵਿੱਚ ਸਾਈਕਲ ਕਿਰਾਏ ‘ਤੇ ਦੇਣ ਵਾਲੀ ਪਹਿਲੀ ਕੰਪਨੀ ਮੋਬਇਕ ਸੀ ਜਿਹੜੀ 2016 ਵਿੱਚ ਸ਼ੁਰੂ ਹੋਈ। ਅੱਜ ਉਸ ਕੰਪਨੀ ਕੋਲ ਦੁਨੀਆ ਭਰ ਵਿੱਚ ਵੀਹ ਕਰੋੜ ਤੋਂ ਜ਼ਿਆਦਾ ਗਾਹਕ ਹਨ।
ਮੈਨੂੰ ਸਾਲ 2017 ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਰੁੜਕੀ, (ਉਤਰਾਖੰਡ) ਵਿੱਚ ਜਾਣ ਦਾ ਮੌਕਾ ਮਿਲਿਆ। ਤਕਰੀਬਨ 15 ਦਿਨ ਮੈਂ ਉੱਥੇ ਰਿਹਾ। ਜਿਸ ਦੌਰਾਨ ਮੈਂ ਬਹੁਤ ਕੁਝ ਸਿੱਖਿਆ ਅਤੇ ਸਮਝਿਆ। ਇੱਥੇ ਜਿਹੜੇ ਵੀ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ, ਉਹ ਆਪਣੇ ਵਾਹਨ ਭਾਵ ਮੋਟਰਸਾਈਕਲ, ਸਕੂਟਰ ਜਾਂ ਕਾਰ ਨਹੀਂ ਲਿਆ ਸਕਦੇ। ਵਿਦਿਆਰਥੀ ਸਿਰਫ਼ ਸਾਈਕਲ ਜਾਂ ਪੈਦਲ ਹੀ ਆਈਆਈਟੀ ਵਿੱਚ ਐਂਟਰੀ ਕਰ ਸਕਦੇ ਹਨ। ਇਸ ਨਾਲ ਵਿਦਿਆਰਥੀਆਂ ਦਾ ਦਿਖਾਵਾ ਬਿਲਕੁਲ ਨਹੀਂ ਰਹਿੰਦਾ। ਉਹ ਇੱਕ ਸਾਧਾਰਨ ਵਿਅਕਤੀ ਬਣ ਕੇ ਪੜ੍ਹਦੇ ਹਨ। ਦੂਜੇ ਪਾਸੇ ਸਾਡੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਇਸ ਦੇ ਬਿਲਕੁਲ ਉਲਟ ਹੈ, ਉੱਥੇ ਵਿਦਿਆਰਥੀ ਬਹੁਤ ਦਿਖਾਵੇ ਕਰਦੇ ਹਨ। ਲੋੜ ਹੈ ਆਈਆਈਟੀ ਵਾਂਗ ਕਾਨੂੰਨ ਬਣਾਉਣ ਦੀ ਤਾਂ ਜੋ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਸੁਖਾਵਾਂ ਤੇ ਸ਼ਾਂਤ ਮਾਹੌਲ ਮਿਲ ਸਕੇ।
ਹੁਣ ਪਿਛਲੇ ਕੁਝ ਸਾਲਾਂ ਤੋਂ ਲੋਕ ਮੁੜ ਸਾਈਕਲ ਨਾਲ ਜੁੜਨਾ ਸ਼ੁਰੂ ਹੋਏ ਹਨ। ਸਾਈਕਲ ਨੂੰ ਸ਼ੌਕ ਦੇ ਤੌਰ ‘ਤੇ ਨਾ ਲੈ ਕੇ ਇਸ ਨੂੰ ਵਾਤਾਵਰਨ ਬਚਾਉਣ ਲਈ ਵੀ ਇਸਤੇਮਾਲ ਕਰਨਾ ਚਾਹੀਦਾ ਹੈ। ਘੱਟ ਦੂਰੀ ਦਾ ਸਫ਼ਰ ਸਾਈਕਲ ਜਾਂ ਪੈਦਲ ਕਰਨ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਜਿਸ ਨਾਲ ਸਰੀਰਕ ਤੰਦਰੁਸਤੀ ਵੀ ਬਣੀ ਰਹੇਗੀ। ਸਾਡੀਆਂ ਸਰਕਾਰਾਂ ਨੂੰ ਵੀ ਨੀਦਰਲੈਂਡਜ਼ ਵਾਂਗ ਕਾਨੂੰਨ ਬਣਾਉਣ ਦੀ ਲੋੜ ਹੈ, ਪਰ ਉਸ ਤੋਂ ਪਹਿਲਾਂ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿ ਅਸੀਂ ਤਬਦੀਲੀ ਲੈ ਕੇ ਆਈਏ। ਸਾਡਾ ਸਭ ਦਾ ਇਹ ਵੀ ਫਰਜ਼ ਹੈ ਕਿ ਬਹੁਤਾ ਨਹੀਂ ਤਾਂ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ਼ ਸਫ਼ਾਈ ਰੱਖੀਏ, ਵੱਧ ਤੋਂ ਵੱਧ ਪੌਦੇ ਲਗਾਈਏ, ਆਵਾਜ਼ ਪ੍ਰਦੂਸ਼ਣ ਨੂੰ ਘੱਟ ਕਰੀਏ, ਪਰ ਇਸ ਵਿੱਚ ਹਰ ਇੱਕ ਵਿਅਕਤੀ ਦਾ ਯੋਗਦਾਨ ਹੋਣਾ ਜ਼ਰੂਰੀ ਹੈ।
ਸੰਪਰਕ: 84274-57224