For the best experience, open
https://m.punjabitribuneonline.com
on your mobile browser.
Advertisement

ਮੱਛੀਆਂ ਫੜਨ ਵਾਲੇ

10:55 AM Nov 22, 2023 IST
ਮੱਛੀਆਂ ਫੜਨ ਵਾਲੇ
Advertisement

“ਅੱਜ ਤਿੱਕੜੀ ਫਿਰ ਲੇਟ ਹੋ ਗਈ ਏ। ਇਵੇਂ ਗੱਲ ਨ੍ਹੀਂ ਬਣਨੀਂ। ਇਹ ਸਾਇੰਸ ਵਿਸ਼ੇ ਦੀ ਪੜ੍ਹਾਈ ਏ। ਤੁਸੀਂ ਤਾਂ ਅਕਸਰ ਰੋਜ਼ ਈ ਪਹਿਲਾ ਪੀਰੀਅਡ ਮਿਸ ਕਰ ਜਾਂਦੇ ਓ।” ਇੱਕ ਦਿਨ ਮੈਨੂੰ, ਬ੍ਰਿਜ ਤੇ ਨਰੇਸ਼ ਨੂੰ ਕਲਾਸ ਵਿੱਚ ਲੇਟ ਆਏ ਵੇਖ ਪ੍ਰੋਫੈਸਰ ਅਗਰਵਾਲ ਨੇ ਟੋਕ ਹੀ ਦਿੱਤਾ।
“ਸਰ, ਦੂਰੋਂ ਆਉਂਦੇ ਆਂ। ਕਦੇ-ਕਦੇ ਬੱਸ ਹੀ ਲੇਟ ਕਰ ਦਿੰਦੀ ਏ।” ਮੈਂ ਪ੍ਰੋਫੈਸਰ ਦੇ ਸਵਾਲ ਦਾ ਜਵਾਬ ਮੋੜਿਆ। ਬ੍ਰਿਜ ਤੇ ਨਰੇਸ਼ ਚੁੱਪ-ਚਾਪ ਖੜ੍ਹੇ ਸਨ।
“ਫਿਰ ਆਰਟਸ ਰੱਖ ਲਓ। ਸਾਇੰਸ ਜ਼ਰੂਰ ਪੜ੍ਹਨੀਂ ਏਂ? ਫਿਜ਼ਿਕਸ ਤਾਂ ਹਾਰਡ ਵਿਸ਼ਾ ਏ। ਇਹਦੇ ਵਿੱਚੋਂ ਪਾਸ ਹੋਣ ਲਈ ਤਾਂ ਸਖ਼ਤ ਮਿਹਨਤ ਕਰਨੀ ਪੈਂਦੀ ਏ।”
“ਸਰ, ਘਰਦੇ ਕਹਿੰਦੇ ਆ ਕਿ ਜੇ ਪੜ੍ਹਨਾ ਈ ਏ ਤਾਂ ਸਾਇੰਸ ਪੜ੍ਹੋ, ਨਹੀਂ ਤਾਂ ਪੜ੍ਹਾਈ ਛੱਡ ਦਿਓ।” ਨਰੇਸ਼ ਮਲਕੜੇ ਦੇਣੀ ਬੋਲਿਆ।
“ਹੁਣ ਤਾਂ ਪੇਂਡੂ ਲੋਕਾਂ ਨੂੰ ਵੀ ਪੜ੍ਹਾਈ ਬਾਰੇ ਖਾਸੀ ਸੋਝੀ ਆ ਗਈ ਲੱਗਦੀ ਏ। ਉਹ ਸੋਚਦੇ ਹੋਣੇ ਆਂ ਕਿ ਬੀ.ਐੱਸਸੀ. ਕਰਨ ਨਾਲ ਝੱਟ ਨੌਕਰੀ ਮਿਲ ਜਾਂਦੀ ਏ। ਇਹ ਤਾਂ ਇੱਕ ਵਧੀਆ ਗੱਲ ਏ।” ਪ੍ਰੋਫੈਸਰ ਅਗਰਵਾਲ ਨੇ ਆਖਿਆ।
ਦੂਰੋਂ ਆਉਣ ਦੀ ਮਜਬੂਰੀ ਵੇਖ ਪ੍ਰੋਫੈਸਰ ਅਗਰਵਾਲ ਨੇ ਵੀ ਅੱਗੇ ਤੋਂ ਸਾਨੂੰ ਟੋਕਣਾ ਛੱਡ ਦਿੱਤਾ। ਜਦੋਂ ਕਦੇ ਅਸੀਂ ਲੇਟ ਹੁੰਦੇ, ਚੁੱਪ-ਚਾਪ ਕਲਾਸ ਵਿੱਚ ਆ ਕੇ ਬੈਠ ਜਾਂਦੇ। ਅੱਧ-ਪਚੱਧਾ ਪੀਰੀਅਡ ਅਟੈਂਡ ਕਰ ਲੈਂਦੇ। ਪ੍ਰੋਫੈਸਰ ਅਗਰਵਾਲ ਸਾਨੂੰ ਕੁੱਝ ਨਾ ਆਖਦਾ। ਉਹ ਤਾਂ ਸਗੋਂ ਸਾਡੀ ਹਾਜ਼ਰੀ ਵੀ ਕਈ ਵਾਰ ਆਪੇ ਹੀ ਲਾ ਦਿੰਦਾ ਸੀ। ਜਿਵੇਂ ਉਹ ਹੁਣ ਸਾਡੇ ਪ੍ਰਤੀ ਕੁਝ ਵਧੇਰੇ ਹੀ ਹਮਦਰਦ ਹੋ ਗਿਆ ਹੋਵੇ।
ਇੱਕ ਦਿਨ ਅਸੀਂ ਤਿੰਨੋਂ ਜਣੇ ਬੱਸ ਵਿੱਚ ਕਾਲਜ ਜਾ ਰਹੇ ਸਾਂ। ਅੱਜ ਸਾਡਾ ਕਾਲਜ ਜਾਣ ਦਾ ਮੂਡ ਨਹੀਂ ਸੀ। ਅਸੀਂ ਤਿੰਨੇ ਹੀ ਇਸ ਦੁੁੁਬਿਧਾ ਵਿੱਚ ਸੀ ਕਿ ਕੀ ਕੀਤਾ ਜਾਵੇ?
“ਅੱਜ ਆਪਾਂ ਪਿਕਚਰ ਵੇਖਦੇ ਹਾਂ।” ਬ੍ਰਿਜ ਨੇ ਸਲਾਹ ਦਿੱਤੀ।
“ਕਿਹੜੀ ਪਿਕਚਰ ਲੱਗੀ ਹੋਈ ਐ?” ਨਰੇਸ਼ ਬੋਲਿਆ।
“ਜਿਹੜੀ ਮਰਜ਼ੀ ਹੋਵੇ, ਅਸੀਂ ਤਾਂ ਟਾਈਮ ਈ ਪਾਸ ਕਰਨੈ।” ਬ੍ਰਿਜ ਨੇ ਆਖਿਆ।
“ਜੇ ਕੋਈ ਪੰਜਾਬੀ ਪਿਕਚਰ ਹੋਈ ਤਾਂ ਵੇਖਣੀ ਆਂ। ਨਹੀਂ ਤੇ ਨਹੀਂ ਵੇਖਣੀ,” ਮੈਂ ਆਪਣੀ ਰਾਇ ਦਿੱਤੀ।
“ਹਾਂ, ਬਿਲਕੁਲ ਠੀਕ ਏ। ਮੈਨੂੰ ਵੀ ਪੰਜਾਬੀ ਫਿਲਮ ਈ ਚੰਗੀ ਲੱਗਦੀ ਏ।” ਨਰੇਸ਼ ਨੇ ਵੀ ਮੇਰੀ ਹਾਂ ਵਿੱਚ ਹਾਂ ਮਿਲਾਈ।
“ਜੋ ਮਜ਼ਾ ਹਿੰਦੀ ਫਿਲਮਾਂ ਵੇਖ ਕੇ ਆਉਂਦੈ, ਉਹ ਪੰਜਾਬੀ ਫਿਲਮਾਂ ਨਾਲ ਥੋੜ੍ਹਾ ਗੱਲ ਬਣਦੀ ਏ। ਹਿੰਦੀ ਫਿਲਮਾਂ ਦੀ ਕਹਾਣੀ ਬੜੀ ਦਿਲਚਸਪ ਹੁੰਦੀ ਏ। ਪੰਜਾਬੀ ਫਿਲਮਾਂ ਦਾ ਵੀ ਕੋਈ ਮਿਆਰ ਹੁੰਦੈ?” ਬ੍ਰਿਜ ਹਿੜਹਿੜਾਇਆ।
“ਪੰਜਾਬੀ ਫਿਲਮਾਂ ਤੈਨੂੰ ਦੰਦੀਆਂ ਵੱਢਦੀਆਂ ਨੇ। ਪੰਜਾਬੀ ਫਿਲਮਾਂ ਦੇ ਡਾਇਲਾਗ, ਕਿਆ ਬਾਤਾਂ! ਜਾਨ ਪਾ ਦਿੰਦੇ ਜਾਨ ਬੰਦੇ ’ਚ।” ਨਰੇਸ਼ ਨੇ ਝੱਟ ਮੋੜਵਾਂ ਜਵਾਬ ਦਿੱਤਾ।
“ਹਿੰਦੀ ਫਿਲਮਾਂ ਦੀ ਕੁਆਲਿਟੀ ਹੁੰਦੀ ਏ। ਗਹਿਰਾਈ ਹੁੰਦੀ ਏ। ’ਕੱਲੇ ਡਾਇਲਾਗਾਂ ਨੂੰ ਸਿਰ ’ਚ ਮਾਰਨੈ।” ਬ੍ਰਿਜ ਚੀਕਦਾ ਹੋਇਆ ਬੋਲਿਆ।
“ਲਾਲਾ ਜੀ, ਤੈਨੂੰ ਪਤੈ ਅੱਜਕੱਲ੍ਹ ਵੋਟਾਂ ਦਾ ਰਾਜ ਏ। ਅਸੀਂ ਦੋ ਜਣੇ ਇੱਕ ਪਾਸੇ ਆਂ। ਤੂੰ ’ਕੱਲਾ ਈ ਆਪਣੀ ਡਫਲੀ ਵਜਾਈ ਜਾਨੈਂ।” ਨਰੇਸ਼ ਵੀ ਉੱਚੀ ਦੇਣੀ ਬੋਲਿਆ।
“ਥੋੜ੍ਹਾ ਜਿਹਾ ਹੌਲੀ ਬਹਿਸ ਕਰੋ ਯਾਰ! ਤੁਸੀਂ ਤਾਂ ਇਉਂ ਰੌਲੀ ਪਾਉਨੇ ਓਂ, ਜਿਵੇਂ ਕਿਸੇ ਛਿੰਜ ਮੇਲੇ ’ਚ ਘੁੰਮਦੇ ਹੁੰਨੇ ਹੋ। ਤੁਹਾਨੂੰ ਕਾਲਜੀਏਟ ਕੌਣ ਕਹਿ ਦਊ?” ਮੈਂ ਦੋਵਾਂ ਨੂੰ ਸਮਝਾਉਂਦਿਆਂ ਆਖਿਆ।
ਬੱਸ ’ਚ ਬੈਠੀਆਂ ਕਈ ਸਵਾਰੀਆਂ ਸਾਡੇ ਵੱਲ ਵਿਤਰ-ਵਿਤਰ ਵੇਖ ਰਹੀਆਂ ਸਨ। ਤੇ ਕਈ ਮੱਥੇ ’ਤੇ ਤਿਊੜੀਆਂ ਪਾਈ ਚੁੱਪ-ਚਾਪ ਬੈਠੇ ਆਪਣੀਆਂ ਦੁਖੀ ਭਾਵਨਾਵਾਂ ਦਾ ਇਜ਼ਹਾਰ ਕਰ ਰਹੇ ਸਨ। ਉਨ੍ਹਾਂ ਦੋਵਾਂ ਦੀ ਬਹਿਸ ਮੁੱਕਣ ਵਿੱਚ ਨਹੀਂ ਸੀ ਆ ਰਹੀ। ਬੱਸ ’ਚ ਬੈਠੀਆਂ ਬਾਕੀ ਸਵਾਰੀਆਂ ਦੀ ਉਹ ਬਿਲਕੁਲ ਹੀ ਪਰਵਾਹ ਨਹੀਂ ਸੀ ਕਰ ਰਹੇ। ਡਰਾਈਵਰ ਵੀ ਆਪਣੇ ਸਾਹਮਣੇ ਲੱਗੇ ਸ਼ੀਸ਼ੇ ’ਚੋਂ ਉਨ੍ਹਾਂ ਵੱਲ ਘੂਰ ਘੂਰ ਝਾਕ ਰਿਹਾ ਸੀ।
“ਓਏ ਕਾਕਾ, ਥੋਤੋਂ ਚੁੱਪ ਕਰਕੇ ਨ੍ਹੀਂ ਬੈਠ ਹੁੰਦਾ? ਐਵੇਂ ਕਾਵਾਂ ਰੌਲੀ ਪਾ ਕੇ ਬੱਸ ਦੀ ਛੱਤ ਚੁੱਕਣੀਂ ਲਾਈ ਐ। ਚੜ੍ਹ ਜਾਂਦੇ ਬੱਸ ਵਿੱਚ ਮੂੰਹ ਚੁੱਕ ਕੇ। ਬਹੁਤੇ ਪੜ੍ਹਾਕੂ ਬਣੀ ਫਿਰਦੇ। ਜੇ ਹੁਣ ਰੌਲਾ ਪਾਇਆ ਤਾਂ ਐਥੇ ਹੀ ਲਾਹ ਦਊਂ। ਤੁਸਾਂ ਤਾਂ ਬਾਕੀ ਸਵਾਰੀਆਂ ਨੂੰ ਵੀ ਤੰਗ ਕੀਤਾ ਪਿਐ।” ਕਾਫ਼ੀ ਦੇਰ ਤੋਂ ਚੁੱਪ-ਚਾਪ ਵੇਖ ਰਹੇ ਕੰਡਕਟਰ ਨੇ ਸਾਨੂੰ ਗੁੱਸੇ ਨਾਲ ਆਖਿਆ।
“ਇਨ੍ਹਾਂ ਨੂੰ ਉਤਾਰੋ ਇੱਥੇ ਈ। ਵੇਖੋ ਨਾ, ਕਿੱਦਾਂ ਸਵਾਰੀਆਂ ਨੂੰ ਪਰੇਸ਼ਾਨ ਕੀਤਾ ਹੋਇਐ। ਕੋਈ ਕਿਸੇ ਪਰੇਸ਼ਾਨੀ ਵਿੱਚ ਐ, ਤੇ ਕੋਈ ਕਿਸੇ ਵਿੱਚ। ਇਹ ਉੱਤੋਂ ਹੋਰ ਤੰਗ ਕਰੀ ਜਾਂਦੇ ਆ।” ਇੱਕ ਸਵਾਰੀ ਨੇ ਵੀ ਆਪਣੇ ਮਨ ਦਾ ਉਬਾਲ ਕੱਢਿਆ।
“ਕਾਪੀ ਪੈੱਨ ਚੁੱਕ ਕੇ ਤੁਰ ਪੈਂਦੇ ਨੇ ਕਾਲਜ ਨੂੰ। ਪਤਾ ਨਹੀਂ, ਇਹ ਕਾਲਜ ਵਿੱਚ ਕੀ ਪੜ੍ਹਾਈ ਕਰਦੇ ਨੇ? ਬਸ ਆਪਣੇ ਮਾਪਿਆਂ ਨੂੰ ਬੇਵਕੂਫ਼ ਬਣਾਉਂਦੇ ਨੇ। ਬਿਨਾਂ ਵਜ੍ਹਾ ਪੈਸੇ ਤੇ ਸਮੇਂ ਦੀ ਬਰਬਾਦੀ। ਮੈਂ ਸੋਚਦੈਂ, ਇਸ ਦੇਸ਼ ਦਾ ਬਣੂ ਕੀ?” ਪਹਿਲੀ ਸਵਾਰੀ ਦੀ ਤਾਈਦ ਕਰਦਿਆਂ ਇੱਕ ਹੋਰ ਸਵਾਰੀ ਬੋਲੀ। ਇਹ ਕੋਈ ਖਾਸਾ ਪੜ੍ਹਿਆ-ਲਿਖਿਆ ਵਿਅਕਤੀ ਜਾਪਦਾ ਸੀ। ਬ੍ਰਿਜ ਤੇ ਨਰੇਸ਼ ਨੂੰ ਝਿੜਕਾਂ ਪੈਂਦੀਆਂ ਵੇਖ ਮੈਨੂੰ ਹਾਸਾ ਆ ਗਿਆ।
ਸਭ ਸਵਾਰੀਆਂ ਸਾਡੇ ਵੱਲ ਕੈੜੀਆਂ-ਕੈੜੀਆਂ ਵੇਖ ਰਹੀਆਂ ਸਨ। ਸਥਿਤੀ ਨੂੰ ਭਾਂਪਦਿਆਂ ਅਸਾਂ ਤਿੰਨੋਂ ਜਣੇ ਚੁੱਪ ਕਰਕੇ ਬੈਠ ਗਏ। ਫਿਰ ਸ਼ਹਿਰ ਦਾ ਬੱਸ ਅੱਡਾ ਨਜ਼ਦੀਕ ਆ ਗਿਆ ਸੀ। ਬ੍ਰਿਜ ਤੇ ਨਰੇਸ਼ ਕੰਡਕਟਰ ਵੱਲ ਭੂਤਰੇ ਸਾਨ੍ਹ ਵਾਂਗ ਵੇਖਦੇ ਕਾਹਲੀ-ਕਾਹਲੀ ਬੱਸ ਤੋਂ ਹੇਠਾਂ ਉਤਰ ਗਏ। “ਰੱਸੀ ਸੜ ਗਈ ਪਰ ਵੱਟ ਨ੍ਹੀਂ ਗਿਆ ਅਜੇ।” ਕੰਡਕਟਰ ਨੇ ਕਟਾਖਸ਼ ਭਰੇ ਅੰਦਾਜ਼ ਵਿੱਚ ਉਨ੍ਹਾਂ ’ਤੇ ਵਿਅੰਗ ਕਸਿਆ।
“ਕੋਈ ਨ੍ਹੀਂ, ਕੱਲ੍ਹ ਨੂੰ ਵੇਖਾਂਗੇ ਤੈਨੂੰ।” ਬ੍ਰਿਜ ਨੇ ਵੀ ਧਮਕੀ ਭਰੇ ਲਹਿਜੇ ਵਿੱਚ ਉਸ ਨੂੰ ਜਵਾਬ ਮੋੜਿਆ।
ਇਹ ਸੁਣਦੇ ਹੀ ਕੰਡਕਟਰ ਨੇ ਲੰਮੀ ਸਾਰੀ ਸੀਟੀ ਮਾਰੀ ਤੇ ਬੱਸ ਸੜਕ ਦੇ ਵਿਚਕਾਰ ਹੀ ਰੁਕ ਗਈ। ਸੜਕ ’ਤੇ ਜਾਮ ਲੱਗ ਗਿਆ। ਵੇਖਦਿਆਂ-ਵੇਖਦਿਆਂ ਹੀ ਦੋਵੇਂ ਪਾਸੇ ਗੱਡੀਆਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ। ਕਿਸੇ ਮੰਤਰੀ ਦੀ ਲਾਲ-ਬੱਤੀ ਵਾਲੀ ਕਾਰ ਵੀ ਵਿਚਾਲੇ ਹੀ ਫਸ ਗਈ। ਰਸਤਾ ਬਣਾਉਣ ਲਈ ਪੁਲੀਸ ਦੀਆਂ ਗੱਡੀਆਂ ਕੰਨ ਪਾੜਵੀਂ ਆਵਾਜ਼ ਵਿੱਚ ਹੂਟਰ ਮਾਰ ਰਹੀਆਂ ਸਨ। ਉਨ੍ਹਾਂ ਦੇ ਲੰਘਣ ਲਈ ਰਸਤਾ ਨਹੀਂ ਸੀ ਮਿਲ ਰਿਹਾ। ਇਹ ਹਫ਼ੜਾ-ਦਫ਼ੜੀ ਵਾਲਾ ਦ੍ਰਿਸ਼ ਵੇਖ ਕੇ ਅਸੀਂ ਵੀ ਘਬਰਾ ਗਏ। ਕੀ ਵਾਪਰਿਆ ਏ? ਕੀ ਕੋਈ ਐਕਸੀਡੈਂਟ ਹੋ ਗਿਆ ਏ? ਜਾਂ ਕੋਈ ਗੱਡੀ ਖ਼ਰਾਬ ਹੋ ਗਈ ਏ? ਕਿਸੇ ਨੂੰ ਕੁਝ ਵੀ ਸਮਝ ਨਹੀਂ ਸੀ ਲੱਗ ਰਹੀ। ਫਿਰ ਅਸੀਂ ਟਰੈਫਿਕ ਦੀ ਭੀੜ ਵਿੱਚੋਂ ਹੁੰਦੇ ਹੋਏ ਬੜੀ ਚੁਸਤੀ ਨਾਲ ਉੱਥੋਂ ਖਿਸਕ ਗਏ।
“ਐਧਰ ਗਏ, ਐਧਰ ਗਏ।” ਕੰਡਕਟਰ ਉੱਚੀ-ਉੱਚੀ ਰੌਲਾ ਪਾ ਰਿਹਾ ਸੀ।
“ਕਾਲਜੀਏਟ ਮੁੰਡੇ ਮੈਨੂੰ ਧਮਕੀਆਂ ਦਿੰਦੇ ਨੇ। ਅਸੀਂ ਨ੍ਹੀਂ ਬੱਸ ਚਲਾਉਣੀ। ਕੱਲ੍ਹ ਨੂੰ ਮੇਰੇ ਨਾਲ ਹੱਥੋ-ਪਾਈ ਹੋਣ ਜਾਂ ਬੱਸ ਨੂੰ ਨੁਕਸਾਨ ਪਹੁੰਚਾਉਣ, ਇਹਦਾ ਜ਼ਿੰਮੇਵਾਰ ਕੌਣ ਐਂ? ਪਹਿਲਾਂ ਮੁੰਡਿਆਂ ਨੂੰ ਫੜੋ, ਫਿਰ ਬੱਸ ਤੋਰਾਂਗੇ।” ਕੰਡਕਟਰ ਪੁਲੀਸ ਨਾਲ ਬਹਿਸ ਕਰਦਾ ਹੋਇਆ ਆਖ ਰਿਹਾ ਸੀ। ਅਸੀਂ ਤਿੰਨੋਂ ਦੌੜ ਕੇ ਕਾਫ਼ੀ ਦੂਰ ਚਲੇ ਗਏ ਸਾਂ। ਸ਼ਹਿਰ ਦੇ ਭੀੜ ਭਰੇ ਬਾਜ਼ਾਰ ਵਿੱਚ ਸਾਨੂੰ ਫੜਨਾ ਹੁਣ ਹੋਰ ਵੀ ਮੁਸ਼ਕਿਲ ਸੀ। ਕੰਡਕਟਰ ਨੂੰ ਰਾਜ਼ੀ ਕਰਕੇ, ਪੁਲੀਸ ਨੇ ਮਸਾਂ ਟਰੈਫਿਕ ਚਾਲੂ ਕਰਾਈ। ਅਸੀਂ ਵੀ ਬਹੁਤ ਡਰੇ ਹੋਏ ਸਾਂ। ਟਰੈਫਿਕ ਦਾ ਜਾਮ ਖੁੱਲ੍ਹਣ ਕਰਕੇ ਮਸਾਂ ਸਾਡੀ ਜਾਨ ’ਚ ਜਾਨ ਆਈ। ਕਾਲਜ ਜਾਣ ਦੀ ਤਾਂ ਅੱਜ ਸਾਡੀ ਪਹਿਲੋਂ ਈ ਸਲਾਹ ਨਹੀਂ ਸੀ। ਫਿਰ ਅਸੀਂ ਸਲਾਹ ਕਰਕੇ ਸਤਲੁਜ ਦਰਿਆ ਵੱਲ ਨਿਕਲ ਗਏ। ਹੁਨਾਲ ਦਾ ਮੌਸਮ ਹੋਣ ਕਰਕੇ ਦਰਿਆ ਵੀ ਖ਼ੁਸ਼ਕ ਸੀ। ਅਸੀਂ ਖ਼ੁਸ਼ਕ ਦਰਿਆ ਦੀ ਰੇਤ ਉੱਤੇ ਉੱਗੇ ਕਾਹੀ ਦੇ ਵੱਢਾਂ ਵਿੱਚੋਂ ਹੁੰਦੇ ਹੋਏ ਸੁੰਗੜੇ ਕਿਨਾਰਿਆਂ ਵਾਲੇ ਵਗਦੇ ਦਰਿਆ ਕੋਲ ਜਾ ਪਹੁੰਚੇ। ਇੱਥੇ ਅਸੀਂ ਆਪਣੇ ਆਪ ਨੂੰ ਭੈਅ-ਮੁਕਤ ਤੇ ਪੂਰਨ ਆਜ਼ਾਦੀ ਦੀ ਫ਼ਿਜ਼ਾ ਵਿੱਚ ਵਿਚਰਦੇ ਅਨੁਭਵ ਕਰ ਰਹੇ ਸਾਂ। ਅਸੀਂ ਤਿੰਨੋਂ ਹੀ ਵਗਦੇ ਪਾਣੀ ਦੇ ਕੰਢੇ ਆਪਣੇ ਪੈਰ ਪਾਣੀ ਵਿੱਚ ਡੋਬ ਕੇ ਬੈਠ ਗਏ। ਸਵੇਰ ਦੇ ਗਿਆਰਾਂ ਵੱਜ ਚੁੱਕੇ ਸਨ।
“ਪ੍ਰਭਵੀਰ, ਵੇਖਿਐ ਕਿੰਨਾ ਨਜ਼ਾਰਾ ਐ ਇੱਥੇ? ਦਰਿਆ ਦਾ ਠੰਢਾ ਪਾਣੀ ਕਿਵੇਂ ਦਿਮਾਗ਼ ’ਚ ਠੰਢ ਵਰਤਾ ਰਿਹੈ?” ਬ੍ਰਿਜ ਨੇ ਮੈਨੂੰ ਮਜ਼ਾਕ ਵਿੱਚ ਆਖਿਆ।
“ਮਿੱਤਰਾ ਠੰਢ ਤਾਂ ਵਰਤਾ ਹੋ ਜਾਣੀ ਸੀ ਜੇ ਕਿਤੇ ਪੁਲੀਸ ਦੇ ਅੜਿੱਕੇ ਚੜ੍ਹ ਜਾਂਦੇ। ਬਚ ਗਏ ਬਚ ਅੱਜ।” ਮੈਂ ਉਸ ਨੂੰ ਜਵਾਬ ਮੋੜਿਆ।
“ਪਿਛਲੀਆਂ ਗੱਲਾਂ ਭੁੱਲ ਜਾਓ ਹੁਣ। ਐਵੇਂ ਪਰੇਸ਼ਾਨੀ ’ਚ ਨਾ ਪਓ। ਜੋ ਹੋਣਾ ਸੀ ਉਹ ਹੋ ਗਿਐ। ਹੁਣ ਲੁਤਫ਼ ਲਓ ਲੁਤਫ਼।” ਨਰੇਸ਼ ਨੇ ਅੱਖ ਦੱਬ ਕੇ ਗੱਲ ਕੀਤੀ।
“ਜੇ ਪੇਪਰਾਂ ’ਚ ਫੇਲ੍ਹ ਹੋ ਗਏ ਨਾ, ਤਾਂ ਘਰਦਿਆਂ ਨੇ ਘਰ ਵੀ ਨ੍ਹੀਂ ਵੜਨ ਦੇਣਾ ਮਿੱਤਰੋ! ਫਿਰ ਲੁਤਫ਼ ਪੂਰਾ ਆ ਜਾਣਾ।” ਮੈਂ ਆਖਿਆ।
“ਪ੍ਰਭਵੀਰ, ਫਿਰ ਓਹੀ ਗੱਲ। ਤੁਸੀਂ ਅੱਜ ਦੀ ਗੱਲ ਕਰੋ ਯਾਰ। ਕੱਲ੍ਹ ਕਿਨ ਵੇਖਿਐ।” ਮੇਰੀ ਗੱਲ ਸੁਣ ਕੇ ਨਰੇਸ਼ ਝੱਟ ਬੋਲਿਆ।
“ਨਰੇਸ਼, ਤੈਨੂੰ ਤਾਂ ਕੋਈ ਫ਼ਰਕ ਨ੍ਹੀਂ ਪੈਣਾ। ਤੁਹਾਡੀ ਤਾਂ ਦੁੱਧ ਦੀ ਡੇਅਰੀ ਹੈਗੀ ਏ। ਤੂੰ ਤਾਂ ਲੋਕਾਂ ਨੂੰ ਦੁੱਧ ਵਿੱਚ ਪਾਣੀ ਪਾ-ਪਾ ਵੇਚੀ ਜਾਣੈ।” ਬ੍ਰਿਜ ਨੇ ਨਰੇਸ਼ ਨੂੰ ਮਸਕਰੀ ਕੀਤੀ।
“ਤੇ ਫਿਰ ਪ੍ਰਭਵੀਰ ਕੀ ਕਰੇਗਾ?” ਨਰੇਸ਼ ਨੇ ਗੱਲ ਮੇਰੇ ਵੱਲ ਘੁਮਾਈ।
“ਇਹਨੂੰ ਮੈਂ ਆਪਣੀ ਦੁਕਾਨ ’ਤੇ ਲੱਡੂ ਵੱਟਣ ਲਈ ਰੱਖ ਲੈਣਾ।” ਬ੍ਰਿਜ ਹੱਸਦਾ-ਹੱਸਦਾ ਬੋਲਿਆ।
“ਬ੍ਰਿਜ, ਤੂੰ ਜੱਟ ਤੇ ਬਾਣੀਏ ਦੀ ਕਹਾਣੀ ਨ੍ਹੀਂ ਸੁਣੀ ਹੋਣੀ।” ਆਪਣੇ ’ਤੇ ਕੱਸਿਆ ਵਿਅੰਗ ਸੁਣ ਕੇ ਮੈਂ ਝੱਟ ਬੋਲਿਆ।
“ਕਿਹੜੀ ਕਹਾਣੀ?” ਇੰਜ ਆਖ ਬ੍ਰਿਜ ਮੇਰੇ ਕੰਨੀਂ ਗਹੁ ਨਾਲ ਵੇਖਣ ਲੱਗਾ।
“ਇੱਕ ਵਾਰ ਇੱਕ ਬਾਣੀਏ ਨੇ ਜੱਟ ਨੂੰ ਆਖਿਆ ਕਿ ਮੇਰਾ ਨੌਕਰ ਛੁੱਟੀ ’ਤੇ ਗਿਆ ਏ। ਕੀ ਤੂੰ ਕੁਝ ਦਿਨ ਮੇਰੇ ਲੱਡੂ ਵੱਟ ਸਕਦੈਂ? ਜੱਟ ਨੇ ਝੱਟ ਹਾਂ ਕਰ ਦਿੱਤੀ। ਜੱਟ ਲੱਗ ਪਿਆ ਲੱਡੂ ਵੱਟਣ। ਇੱਕ ਲੱਡੂ ਆਪਣੇ ਮੂੰਹ ਵਿੱਚ ਤੇ ਦੂਜਾ ਪਰਾਤ ਵਿੱਚ। ਜੱਟ ਨੇ ਘੰਟੇ ਕੁ ਵਿੱਚ ਹੀ ਸਾਰੇ ਲੱਡੂ ਵੱਟ ਦਿੱਤੇ। ਬਾਣੀਆਂ ਬੜਾ ਖ਼ੁਸ਼ ਹੋਇਆ ਕਿ ਜੱਟ ਨੇ ਕੰਮ ਛੇਤੀ ਮੁਕਾ ਦਿੱਤਾ ਏ। ਉਸ ਨੇ ਜੱਟ ਦੀ ਖ਼ੂਬ ਸੇਵਾ ਕੀਤੀ। ਇਹ ਸਿਲਸਿਲਾ ਦੋ-ਤਿੰਨ ਦਿਨ ਚੱਲਦਾ ਰਿਹਾ। ਬਾਅਦ ਵਿੱਚ ਬਾਣੀਏ ਨੇ ਵੇਖਿਆ ਕਿ ਲੱਡੂਆਂ ਵਿੱਚ ਤਾਂ ਰੋਜ਼ ਈ ਘਾਟਾ ਪੈਂਦਾ ਏ। ਹੁਣ ਉਹ ਉਸ ਨੂੰ ਕੁੱਝ ਆਖ ਵੀ ਨਹੀਂ ਸੀ ਸਕਦਾ। ਜੱਟ ਤਾਂ ਦੁਕਾਨਾਂ ਤੋਂ ਖ਼ਾਲੀ ਹੱਥ ਜਾਂਦਾ ਸੀ। ਜੱਟ ਜਦੋਂ ਚੌਥੇ ਕੁ ਦਿਨ ਦੁਕਾਨ ’ਤੇ ਗਿਆ ਤਾਂ ਬਾਣੀਆਂ, ਜੱਟ ਮੂਹਰੇ ਹੱਥ ਜੋੜਦਾ ਫਿਰੇ। ਅਖੇ, ਮੈਂ ਤਾਂ ਲੱਡੂ ਵੱਟਣ ਦਾ ਧੰਦਾ ਈ ਬੰਦ ਕਰ ਦਿੱਤੈ।”
“ਕਿਉਂ ਲਾਲਾ ਜੀ, ਜੱਟ ਤੋਂ ਵਟਾਉਣੇ ਲੱਡੂ?” ਮੇਰੀ ਇਹ ਕਹਾਣੀ ਸੁਣ ਕੇ ਨਰੇਸ਼, ਬ੍ਰਿਜ ਵੱਲ ਵੇਖਦਾ ਹੋਇਆ ਚਟਕਾਰੀ ਮਾਰ ਕੇ ਹੱਸਦਾ ਬੋਲਿਆ। ਫਿਰ ਅਸੀਂ ਤਿੰਨੋਂ ਉੱਚੀ ਦੇਣੀ ਹੱਸੇ।
“ਓਏ, ਤੁਸੀਂ ਇੱਥੇ ਮੱਛੀਆਂ ਫੜ ਰਹੇ ਓ? ਤੁਹਾਨੂੰ ਪਤਾ ਨਹੀਂ ਕਿ ਦਰਿਆ ਵਿੱਚ ਮੱਛੀਆਂ ਫੜਨਾ ਮਨ੍ਹਾ ਏਂ?” ਇੰਨੇ ਨੂੰ ਦਰਿਆ ਦੇ ਦੂਜੇ ਬੰਨੇ ਖੜ੍ਹੇ ਇੱਕ ਸਿਪਾਹੀ ਨੇ ਉੱਚੀ ਆਵਾਜ਼ ਵਿੱਚ ਆਖਿਆ। ਸਿਪਾਹੀ ਦੀ ਗੜ੍ਹਕਵੀਂ ਤੇ ਚਿਤਾਵਨੀ ਭਰੀ ਆਵਾਜ਼ ਸੁਣ ਕੇ ਅਸਾਂ ਤਿੰਨੋਂ ਦਹਿਲ ਗਏ।
“ਸਰ ਜੀ, ਅਸੀਂ ਮੱਛੀਆਂ ਫੜਨ ਵਾਲੇ ਨਹੀਂ ਆਂ। ਅਸੀਂ ਤਾਂ ਕਾਲਜ ਵਿੱਚ ਪੜ੍ਹਦੇ ਆਂ। ਅੱਜ ਇੱਥੇ ਸੈਰ ਕਰਨ ਆਏ ਆਂ।” ਮੈਂ ਜਵਾਬ ਵਿੱਚ ਆਖਿਆ। “ਥੋਨੂੰ ਦਰਿਆ ਦੇ ਕੰਢੇ ਸੈਰ ਕਰਾਵਾਂ ਮੈਂ? ਬੁਲਾਵਾਂ ਹੌਲਦਾਰ ਨੂੰ? ਕਰਾਈਏ ਥੋਡੀ ਸੈਰ? ਥੋਨੂੰ ਪਤੈ ਇੱਥੇ ਮੱਛੀਆਂ ਫੜਨ ਵਾਲੇ ਨੂੰ ਇੱਕ ਹਜ਼ਾਰ ਰੁਪਿਆ ਜੁਰਮਾਨਾ ਹੁੰਦੈ ਜਾਂ ਤਿੰਨ ਮਹੀਨੇ ਦੀ ਸਜ਼ਾ। ਸੋਚ ਲਓ, ਕਿਹੜੀ ਗੱਲ ਮਨਜ਼ੂਰ ਆ। ਆ ਗਏ ਵੱਡੇ ਸੈਰ ਕਰਨ ਵਾਲੇ।” ਸਿਪਾਹੀ ਤੈਸ਼ ਵਿੱਚ ਆ ਕੇ ਬੋਲਿਆ।
“ਸਰ ਜੀ, ਸਾਡੀਆਂ ਕਾਪੀਆਂ ਵੇਖ ਲਓ। ਸਾਡੇ ਆਈ ਕਾਰਡ ਚੈੱਕ ਕਰ ਲਓ। ਅਸੀਂ ਝੂਠ ਨਹੀਂ ਬੋਲਦੇ। ਅਸੀਂ ਕਾਲਜ ਵਿੱਚ ਈ ਪੜ੍ਹਦੇ ਆਂ।” ਬ੍ਰਿਜ ਨੇ ਵੀ ਸਪੱਸ਼ਟੀਕਰਨ ਦਿੱਤਾ।
“ਬਹੁਤੇ ਚਲਾਕ ਨਾ ਬਣੋਂ। ਸਭ ਮੱਛੀਆਂ ਫੜਨ ਵਾਲੇ ਇਵੇਂ ਈ ਬਹਾਨੇ ਬਣਾਉਂਦੇ ਨੇ। ਕਾਲਜ ਥੋਡਾ ਦਰਿਆ ’ਚ ਲੱਗਦੈ। ਵੱਡੇ ਕਾਲਜੀਏਟ ਬਣੀ ਫਿਰਦੇ। ਆਪਣੀਆਂ ਕੁੰਡੀਆਂ-ਕਾਂਡੀਆਂ ਲੈ ਕੇ ਭੱਜ ਜਾਓ ਇੱਥੋਂ, ਨਹੀਂ ਤੇ ਫਿਰ...।” ਸਿਪਾਹੀ, ਪੁਲਸੀਆ ਦਬਕੇ ਵਿੱਚ ਫਿਰ ਬੋਲਿਆ। ਫਿਰ ਅਸੀਂ ਚੁੱਪ-ਚਾਪ ਆਪਣੀਆਂ ਕਾਪੀਆਂ ਚੁੱਕ ਉੱਥੋਂ ਚਲੇ ਗਏ। ਸਿਪਾਹੀ ਆਪਣੇ ਕੁਆਟਰ ਅੰਦਰ ਜਾ ਵੜਿਆ।
“ਅੱਜ ਕਿੱਦਾਂ ਦਾ ਨਹਿਸ਼ ਦਿਨ ਚੜ੍ਹਿਐ ਯਾਰ? ਸਾਡੇ ਨਾਲ ਤਾਂ ਸਵੇਰ ਦੀ ਹੀ ਕੁੱਤੇ ਖਾਣੀ ਹੋਈ ਜਾਂਦੀ ਏ। ਹੁਣ ਕਿੱਥੇ ਜਾਈਏ? ਘਰ ਵੀ ਨਹੀਂ ਜਾ ਸਕਦੇ। ਘਰ ਦੇ ਆਖਣਗੇ ਕਿ ਅੱਜ ਤੁਸੀਂ ਕਾਲਜ ਤੋਂ ਪਹਿਲਾਂ ਕਿਵੇਂ ਆ ਗਏ?” ਮੈਂ ਆਖਿਆ।
“ਹੁਣ ਤਾਂ ਸਿਨਮੇ ਦਾ ਟਾਈਮ ਵੀ ਬੀਤ ਚੁੱਕਾ ਏ।” ਬ੍ਰਿਜ ਵੀ ਹੌਲੀ ਦੇਣੀ ਫੁਸਫੁਸਾਇਆ।
“ਕਾਲਜ ਵੀ ਨਹੀਂ ਜਾ ਸਕਦੇ। ਕਿਤੇ ਪੁਲੀਸ ਸਾਡਾ ਪਿੱਛਾ ਹੀ ਨਾ ਕਰਦੀ ਹੋਵੇ।” ਨਰੇਸ਼ ਨੇ ਵੀ ਆਪਣੇ ਮਨ ਦੀ ਸ਼ੰਕਾ ਜ਼ਾਹਰ ਕੀਤੀ। ਅਜਿਹੀਆਂ ਸੋਚਾਂ ’ਚ ਡੁੱਬੇ ਅਸੀਂ ਹੌਲੀ-ਹੌਲੀ ਤੁਰੀ ਜਾ ਰਹੇ ਸਾਂ।
“ਘਰਦਿਆਂ ਨੂੰ ਦੱਸ ਦੇਵਾਂਗੇ ਕਿ ਅੱਜ ਕਾਲਜ ਵਿੱਚ ਹੜਤਾਲ ਹੋ ਗਈ ਸੀ।” ਸੋਚ ਵਿਚਾਰ ਕੇ ਬ੍ਰਿਜ ਨੇ ਆਪਣਾ ਮਸ਼ਵਰਾ ਦਿੱਤਾ।
“ਹਾਂ, ਇਹ ਵਧੀਆ ਵਿਚਾਰ ਐ।” ਅਸੀਂ ਦੋਵਾਂ ਨੇ ਵੀ ਹਾਮੀ ਭਰੀ। ਫਿਰ ਅਸੀਂ ਆਪੋ-ਆਪਣੇ ਘਰ ਜਾਣ ਦਾ ਫ਼ੈਸਲਾ ਕਰ ਲਿਆ। ਕਈ ਦਿਨ ਸਾਡਾ ਮੂਡ ਅਪਸੈੱਟ ਰਿਹਾ। ਬੱਸ ਵਾਲੀ ਘਟਨਾ ਨੂੰ ਯਾਦ ਕਰਕੇ ਅਸੀਂ ਕਈ ਵਾਰ ਦਹਿਲ ਜਾਂਦੇ। ਇਸ ਘਟਨਾ ਤੋਂ ਡਰੇ ਅਸੀਂ ਬੱਸ ਵਿੱਚ ਬੈਠੇ ਕਦੇ ਵੀ ਕੂੰਦੇ ਨਾ। ਸਮਾਂ ਪੁਲਾਂਘਾਂ ਪੁੱਟਦਾ ਗਿਆ। ਅਸੀਂ ਤਿੰਨਾਂ ਨੇ ਹੀ ਬੀ.ਐੱਸਸੀ. ਕਰ ਲਈ ਸੀ।
“ਪ੍ਰਭਵੀਰ, ਕੀ ਹਾਲ ਏ ਤੇਰਾ।” ਇੱਕ ਦਿਨ ਫੋਨ ’ਤੇ ਆਈ ਇਹ ਓਪਰੀ ਜਿਹੀ ਆਵਾਜ਼ ਸੁਣ ਕੇ ਮੈਂ ਹੱਕਾ-ਬੱਕਾ ਰਹਿ ਗਿਆ।
“ਕੌਣ ਓ ਜੀ?” ਮੈਂ ਪਰੇਸ਼ਾਨ ਜਿਹਾ ਹੋਇਆ ਬੋਲਿਆ।
“ਪ੍ਰਭਵੀਰ, ਪਛਾਣਿਆ ਨਹੀਂ? ਮੈਂ ਬ੍ਰਿਜ ਆਂ। ਤੇਰਾ ਕਲਾਸ ਫੈਲੋ। ਯਾਦ ਏ?”
“ਬੱਲੇ-ਬੱਲੇ-ਬੱਲੇ ਬ੍ਰਿਜ ਐ। ਬੜੇ ਸਾਲਾਂ ਬਾਅਦ ਯਾਦ ਕੀਤਾ ਅੱਜ। ਠੀਕ-ਠਾਕ ਤਾਂ ਹੈਂ?” ਆਪਣੇ ਪੁਰਾਣੇ ਮਿੱਤਰ ਦੀ ਆਈ ਕਾਲ ਸੁਣ ਕੇ ਮੈਂ ਫੁੱਲਿਆ ਨਹੀਂ ਸਮਾ ਰਿਹਾ ਸੀ।
“ਪ੍ਰਭਵੀਰ, ਮੈਂ ਤਾਂ ਠੀਕ-ਠਾਕ ਐਂ, ਤੂੰ ਕੀ ਕਰਦਾ ਹੁੰਦਾ ਅੱਜਕੱਲ੍ਹ?”
“ਬ੍ਰਿਜ, ਮੈਂ ਐੱਮ.ਐੱਸਸੀ. ਕਰਕੇ ਅਧਿਆਪਕ ਲੱਗਾ ਹੋਇਐਂ। ਤੂੰ ਕੀ ਕਰਦੈਂ?” ਮੈਂ ਪੁੱਛਿਆ।
“ਪ੍ਰਭਵੀਰ, ਕਿਹੜਾ ਪੜ੍ਹਾਈ ਨਾਲ ਮੱਥਾ ਮਾਰੀ ਜਾਵੇ। ਮੈਂ ਤਾਂ ਬੀ.ਐੱਸਸੀ. ਕਰਕੇ ਪੁਲੀਸ ਵਿੱਚ ਸਬ-ਇੰਸਪੈਕਟਰ ਭਰਤੀ ਹੋ ਗਿਆ ਸੀ।”
“ਬ੍ਰਿਜ, ਤੂੰ ਤੇ ਫਿਰ ਚੰਗਾ ਰਹਿ ਗਿਐਂ। ਹੋਰ ਤੈਨੂੰ ਕੀ ਚਾਹੀਦੈ? ਮੌਜਾਂ ਤੇ ਸਾਰੀਆਂ ਤੂੰ ਲੁੱਟ ਗਿਐਂ।”
“ਪ੍ਰਭਵੀਰ, ਮੌਜਾਂ ਕਾਹਦੀਆਂ ਯਾਰ। ਦੂਰ ਦੇ ਢੋਲ ਈ ਸੁਹਾਵਣੇ ਲੱਗਦੇ ਐ। ਚੌਵੀ-ਚੌਵੀ ਘੰਟੇ ਡਿਊਟੀ ਕਰਨੀ ਪੈਂਦੀ ਐ। ਉੱਤੋਂ ਮੰਤਰੀਆਂ-ਸੰਤਰੀਆਂ ਦੇ ਦਬਕੇ ਵੱਖਰੇ। ਤੇਰਾ ਮਹਿਕਮਾ ਵਧੀਆ ਐ। ਮਨ ਨੂੰ ਸ਼ਾਂਤੀ ਤਾਂ ਹੈ।”
“ਬ੍ਰਿਜ, ਬਸ ਕੋਲ ’ਕੱਲੀ ਸ਼ਾਂਤੀ-ਸ਼ਾਂਤੀ ਈ ਏ। ਹੋਰ ਪੱਲੇ ਕੁਝ ਨਹੀਂ ਏਂ।”
“ਪ੍ਰਭਵੀਰ, ਤੂੰ ਅੱਜਕੱਲ੍ਹ ਜੌਬ ਕਿੱਥੇ ਕਰਦੈਂ?”
“ਬ੍ਰਿਜ, ਮੈਂ ਤਾਂ ਲੋਕਲ ਈ ਆਂ। ਆਪਣੇ ਪਿੰਡ ਲਾਗੇ ਈ। ਤੂੰ ਕਿੱਥੇ ਏਂ?”
“ਪ੍ਰਭਵੀਰ, ਮੈਂ ਹੁਣ ਜਲੰਧਰ ਆਂ। ਅਗਲੇ ਸਾਲ ਮੇਰੀ ਪ੍ਰਮੋਸ਼ਨ ਡਿਊ ਏ। ਫਿਰ ਕੋਈ ਹੋਰ ਸਟੇਸ਼ਨ ਮਿਲੇਗਾ।”
“ਵਿਆਹ ਵਗੈਰਾ ਕਰਾ ਲਿਆ ਜਾਂ ਨਹੀਂ?” ਮੈਂ ਬ੍ਰਿਜ ਨੂੰ ਪੁੱਛਿਆ।
“ਪ੍ਰਭਵੀਰ, ਵਿਆਹ ਹੋਏ ਨੂੰ ਤਾਂ ਦੋ ਸਾਲ ਹੋ ਗਏ ਨੇ। ਹੁਣ ਤਾਂ ਕੋਲ ਇੱਕ ਜੁਆਕ ਵੀ ਏ। ਤੂੰ ਕਿਵੇਂ ਐਂ?”
“ਬ੍ਰਿਜ, ਮੇਰੇ ਵਿਆਹ ਨੂੰ ਵੀ ਸਾਲ ਕੁ ਹੋ ਗਿਐ। ਪਤਨੀ ਵੀ ਅਧਿਆਪਕ ਲੱਗੀ ਏ। ਇਕੱਠੇ ਈ ਸੈਕੰਡਰੀ ਸਕੂਲ ’ਚ ਪੜ੍ਹਾਉਂਦੇ ਹਾਂ।”
“ਪ੍ਰਭਵੀਰ, ਫਿਰ ਤੇ ਮੇਰੇ ਭਰਾ ਦੀ ਪੂਰੀ ਠੁੱਕ ਏ।”
“ਬ੍ਰਿਜ, ਕਾਹਦੀ ਠੁੱਕ ਏ। ਸਾਡੇ ਮਹਿਕਮੇ ਨੂੰ ਪੁੱਛਦਾ ਕੌਣ ਏ? ਠੁੱਕ ਤਾਂ ਤੁਹਾਡੇ ਮਹਿਕਮੇ ਦੀ ਏ। ਪੂਰਾ ਦਬਕਾ ਚੱਲਦੈ...।” ਅਸਾਂ ਦੋਵੇਂ ਜਣੇ ਫੋਨ ’ਤੇ ਖਾਸਾ ਸਮਾਂ ਆਪਸ ਵਿੱਚ ਹਾਸਾ-ਮਜ਼ਾਕ ਕਰਦੇ ਰਹੇ।
“ਬ੍ਰਿਜ, ਤੈਨੂੰ ਕਦੇ ਨਰੇਸ਼ ਦਾ ਫੋਨ ਆਇਐ?” ਗੱਲਬਾਤ ਚੱਲਦਿਆਂ ਹੀ ਮੈਂ ਨਰੇਸ਼ ਬਾਰੇ ਪੁੱਛਿਆ।
“ਪ੍ਰਭਵੀਰ, ਛੇ-ਸੱਤ ਸਾਲ ਪਹਿਲਾਂ ਇੱਕ ਵਾਰ ਓਹਦਾ ਫੋਨ ਆਇਆ ਸੀ। ਉਦੋਂ ਦੱਸਦਾ ਸੀ ਕਿ ਮੈਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਵਿੱਚ ਇੰਸਪੈਕਟਰ ਲੱਗਿਆ ਹੋਇਐਂ। ਬਾਅਦ ਵਿੱਚ ਤਾਂ ਕਦੇ ਫੋਨ ਆਇਆ ਨਹੀਂ।”
“ਅਸਲ ਵਿੱਚ ਅੱਜ ਦੇ ਯੁੱਗ ਵਿੱਚ ਰੁਝੇਵੇਂ ਹੀ ਬੜੇ ਨੇ। ਇੱਕ ਦੂਜੇ ਨੂੰ ਮਿਲਣਾ ਕਿਹੜੇ ਸੌਖਾ ਏ।” ਮੈਂ ਜਵਾਬ ਦਿੱਤਾ। ਤੇ ਫਿਰ ਓ.ਕੇ.-ਬਾਏ-ਬਾਏ ਤੋਂ ਬਾਅਦ ਫੋਨ ਛੇਤੀ ਹੀ ਕੱਟਿਆ ਗਿਆ।
ਸਮਾਜਿਕ ਤੇ ਪਰਿਵਾਰਕ ਜ਼ਿੰਮੇਵਾਰੀਆਂ ਵਧ ਜਾਣ ਕਾਰਨ ਅਸੀਂ ਤਿੰਨੋਂ ਹੀ ਆਪੋ-ਆਪਣੇ ਕੰਮਾਂ-ਕਾਰਾਂ ਵਿੱਚ ਉਲਝੇ ਹੋਏ ਸਾਂ। ਕਈ ਵਰ੍ਹੇ ਬਿਨ ਮਿਲਿਆਂ ਹੀ ਬੀਤ ਗਏ। ਸਮੇਂ ਦਾ ਪਤਾ ਹੀ ਨਾ ਲੱਗਾ। ਸਾਲ ਜਿਵੇਂ ਮਹੀਨਿਆਂ ਵਾਂਗ ਗੁਜ਼ਰ ਗਏ ਹੋਣ, ਪਰ ਸਹਿਪਾਠੀ ਹੋਣ ਕਾਰਨ ਫਿਰ ਵੀ ਅਸੀਂ ਇੱਕ-ਦੂਜੇ ਬਾਰੇ ਇੱਧਰੋਂ-ਉੱਧਰੋਂ ਪਤਾ ਕਰਦੇ ਰਹਿੰਦੇ ਸਾਂ।
“ਪ੍ਰਭਵੀਰ, ਮੈਂ ਬ੍ਰਿਜ ਬੋਲਦੈਂ।” ਕਈ ਸਾਲਾਂ ਬਾਅਦ ਦੁਬਾਰਾ ਫਿਰ ਇੱਕ ਦਿਨ ਟੈਲੀਫੋਨ ’ਤੇ ਬ੍ਰਿਜ ਨੇ ਮੈਨੂੰ ਯਾਦ ਕੀਤਾ।
“ਕੀ ਹਾਲ ਏ ਬ੍ਰਿਜ? ਯਾਦ ਕਰਨ ਲਈ ਬਹੁਤ-ਬਹੁਤ ਧੰਨਵਾਦ। ਹੋਰ ਕਿਵੇਂ ਓਂ?” ਮੈਂ ਹਾਲ-ਚਾਲ ਪੁੱਛਿਆ।
“ਪ੍ਰਭਵੀਰ, ਮੈਨੂੰ ਇੱਕ ਦਿਨ ਨਰੇਸ਼ ਜਲੰਧਰ ਮਿਲਿਆ ਸੀ। ਉਹ ਵੀ ਮਿਲਣ ਨੂੰ ਆਖਦਾ ਸੀ। ਤੁਸੀਂ ਇਵੇਂ ਕਰਨਾ ਅਗਲੇ ਮਹੀਨੇ ਦਸ ਤਰੀਕ ਨੂੰ ਮੇਰੀ ਕੋਠੀ ਲੁਧਿਆਣੇ ਆ ਜਾਣੈਾ। ਮੈਂ ਅੱਜਕੱਲ੍ਹ ਲੁਧਿਆਣੇ ਪੁਲੀਸ ਇੰਸਪੈਕਟਰ ਲੱਗਿਆ ਹੋਇਐਂ। ਤੇ ਨਰੇਸ਼ ਦੀ ਪੋਸਟਿੰਗ ਜਲੰਧਰ ਐੱਫ਼.ਸੀ.ਆਈ. ਵਿੱਚ ਏ। ਆਪਾਂ ਤਿੰਨੇ ਇੱਕ ਰਾਤ ਇਕੱਠੇ ਲੁਧਿਆਣੇ ਰਹਾਂਗੇ ਤੇ ਨਾਲੇ ਗੱਪ-ਸ਼ੱਪ ਲੜਾਵਾਂਗੇ।” ਇਹ ਸੁਨੇਹਾ ਦੇਣ ਤੋਂ ਬਾਅਦ ਬ੍ਰਿਜ ਨੇ ਛੇਤੀ ਹੀ ਫੋਨ ਕੱਟ ਦਿੱਤਾ, ਜਿਵੇਂ ਬਾਕੀ ਗੱਲਾਂ ਮਿਲਣ ’ਤੇ ਕਰਨੀਆਂ ਹੋਣ।
ਮਿੱਥੇ ਸਮੇਂ ਅਨੁਸਾਰ ਮੈਂ ਤੇ ਨਰੇਸ਼ ਸ਼ਾਮ ਨੂੰ ਬ੍ਰਿਜ ਦੀ ਕੋਠੀ ਪਹੁੰਚ ਗਏ। ਕਾਫ਼ੀ ਅਰਸੇ ਬਾਅਦ ਮਿਲਣ ਕਾਰਨ ਅਸਾਂ ਤਿੰਨੋਂ ਬੜੀ ਗਰਮ-ਜੋਸ਼ੀ ਨਾਲ ਇੱਕ-ਦੂਜੇ ਨੂੰ ਮਿਲੇ। ਫਿਰ ਬ੍ਰਿਜ ਸਾਨੂੰ ਇੱਕ ਵੱਡੇ ਸਾਰੇ ਗੈਸਟ-ਰੂਮ ਵਿੱਚ ਲੈ ਗਿਆ, ਜਿਸ ਵਿੱਚ ਇੱਕ ਕੀਮਤੀ ਸ਼ਾਨਦਾਰ ਸੋਫ਼ਾ ਸੈੱਟ ਤੇ ਸ਼ੀਸ਼ੇ ਦਾ ਵੱਡਾ ਮੇਜ਼ ਸਜਿਆ ਪਿਆ ਸੀ। ਚਾਹ ਪੀਂਦੇ-ਪੀਂਦੇ ਅਸੀਂ ਤਿੰਨੋਂ ਜਣੇ ਇੱਕ ਦੂਜੇ ਨਾਲ ਪਰਿਵਾਰਕ ਜਾਣਕਾਰੀ ਵੀ ਸਾਂਝੀ ਕਰਦੇ ਰਹੇ। ਫਿਰ ਬ੍ਰਿਜ ਨੇ ਸਾਨੂੰ ਲੱਖਾਂ ਰੁਪਏ ਦੀ ਬਣੀ ਆਪਣੀ ਇਹ ਡਬਲ ਸਟੋਰੀ ਕੋਠੀ ਵਿਖਾਈ, ਜਿਸ ਵਿੱਚ ਮਹਿੰਗਾ ਸੰਗਮਰਮਰ ਤੇ ਕੀਮਤੀ ਲੱਕੜ ਲੱਗੀ ਹੋਈ ਸੀ।
“ਬ੍ਰਿਜ, ਤੇਰੀ ਕੋਠੀ ਤਾਂ ਬੜੀ ਖੁੱਲ੍ਹੀ-ਡੁੱਲ੍ਹੀ ਤੇ ਸ਼ਾਨਦਾਰ ਏ। ਨਕਸ਼ਾ ਵੀ ਬੜਾ ਬਾਕਮਾਲ ਏ।” ਕੋਠੀ ਵੇਖ ਕੇ ਮੇਰੇ ਮੂੰਹੋਂ ਆਪ-ਮੁਹਾਰੇ ਹੀ ਤਾਰੀਫ਼ ਨਿਕਲੀ। ਤੇ ਫਿਰ ਬ੍ਰਿਜ ਸਾਨੂੰ ਗੈਸਟ ਰੂਮ ਵਿੱਚ ਵਾਪਸ ਲੈ ਗਿਆ।
“ਵਾਹ! ਮੇਜ਼ ਤਾਂ ਪਹਿਲਾਂ ਈ ਸਜਿਆ ਪਿਆ ਏ।” ਗੈਸਟ ਰੂਮ ਵਿੱਚ ਮੇਜ਼ ’ਤੇ ਪਈ ਇੱਕ ਵਿਦੇਸ਼ੀ ਸਕਾਚ ਦੀ ਬੋਤਲ, ਗਲਾਸ ਤੇ ਹੋਰ ਖਾਣ-ਪੀਣ ਦਾ ਸਾਮਾਨ ਰੱਖਿਆ ਵੇਖ ਨਰੇਸ਼ ਇਕਦਮ ਬੋਲਿਆ।
“ਨਰੇਸ਼, ਅੱਜਕੱਲ੍ਹ ਦੇ ਨੌਕਰ ਸਭ ਕੁਝ ਆਪੇ ਜਾਣਦੇ ਨੇ।” ਬ੍ਰਿਜ ਨੇ ਹੱਸਦਿਆਂ ਜਵਾਬ ਦਿੱਤਾ।
ਅਸੀਂ ਤਿੰਨੋਂ ਹੌਲੀ-ਹੌਲੀ ਗੱਲਾਂ ਕਰਦੇ ਸਕਾਚ ਸਿਪ ਕਰਨ ਲੱਗੇ। ਪੰਦਰਾਂ-ਵੀਹਾਂ ਮਿੰਟਾਂ ਬਾਅਦ ਹੀ ਅਸੀਂ ਨਸ਼ੇ ਦੀ ਲੋਰ ਵਿੱਚ ਖੁੱਲ੍ਹ ਕੇ ਗੱਲਾਂ ਕਰਨ ਲੱਗ ਪਏ।
“ਇਸ ਕੋਠੀ ਤੋਂ ਇਲਾਵਾ, ਸ਼ਹਿਰ ਵਿੱਚ ਮੇਰੇ ਦੋ-ਤਿੰਨ ਪਲਾਟ ਹੋਰ ਵੀ ਨੇ। ਆਪਣੇ ਪਿੰਡ ਵੀ ਆਉਣ ਜਾਣ ਲਈ ਇੱਕ ਕੋਠੀ ਪਾਈ ਹੋਈ ਏ।” ਨਸ਼ੇ ਦੇ ਖੇੜੇ ਵਿੱਚ ਬ੍ਰਿਜ ਹੁੱਬ ਕੇ ਦੱਸ ਰਿਹਾ ਸੀ।
“ਆਹ ਤੇਰੀ ਕੋਠੀ ਤਾਂ ਮੇਰੀ ਕੋਠੀ ਸਾਹਮਣੇ ਕੁਝ ਵੀ ਨਹੀਂ ਏ। ਡਬਲ ਸਟੋਰੀ ਕੋਠੀ ਤੇ ਖੁੱਲ੍ਹੇ-ਡੁੱਲ੍ਹੇ ਛੇ ਬੈੱਡਰੂਮ ਨੇ। ਹਰ ਬੈੱਡਰੂਮ ਨਾਲ ਅਟੈਚਡ ਆਲੀਸ਼ਾਨ ਕਮਰਿਆਂ ਵਰਗੇ ਵੱਡੇ-ਵੱਡੇ ਬਾਥਰੂਮ ਨੇ। ਪਲਾਟ ਵੀ ਇਸ ਤੋਂ ਵੱਡਾ ਏ। ਕਿਤੇ ਆ ਕੇ ਤਾਂ ਵੇਖਿਓ। ਨਾਲੇ ਮੈਨੂੰ ਸੇਵਾ ਦਾ ਮੌਕਾ ਦਿਓ।” ਨਰੇਸ਼ ਵੀ ਆਪਣੀ ਟੌਹਰ ਬਣਾਉਣ ਵਿੱਚ ਪਿੱਛੇ ਨਾ ਰਿਹਾ।
“ਤੁਹਾਡੇ ਮਹਿਕਮਿਆਂ ਵਿੱਚ ਬਾਹਰੋਂ ਕਮਾਈ ਏ, ਬਈ। ਸਾਡੇ ਮਹਿਕਮੇ ਨੂੰ ਤਾਂ ਪੁੱਛਦਾ ਈ ਕੋਈ ਨਹੀਂ।” ਮੈਂ ਆਪਣੀ ਗੱਲ ਆਖੀ।
“ਨਹੀਂ, ਨਹੀਂ, ਪ੍ਰਭਵੀਰ। ਗੱਲ ਬਾਹਰੋਂ ਕਮਾਈ ਦੀ ਨਹੀਂ ਏਂ। ਗੱਲ ਤਾਂ ਕੰਮ ਕਰਨ ਦੇ ਢੰਗ ਦੀ ਏ। ਸਾਡੇ ਨਾਲ ਦੇ ਕਈ ਬੰਦੇ ਨੇ। ਜਿਹੋ ਜਿਹੇ ਉਹ ਪਹਿਲਾਂ ਸੀ, ਉਹੋ ਜਿਹੇ ਹੁਣ ਨੇ।” ਬ੍ਰਿਜ ਨੇ ਆਪਣੀ ਦਲੀਲ ਦਿੱਤੀ।
“ਯਾਰ ਜਿਹਦਾ ਕੰਮ ਮੌਕੇ ’ਤੇ ਹੀ ਹੋ ਜਾਵੇ, ਉਹ ਆਪੇ ਖ਼ੁਸ਼ ਹੋ ਕੇ ਸੇਵਾ ਕਰਦੈ। ਜੇ ਕਿਸੇ ਦਾ ਜਾਇਜ਼-ਨਾਜਾਇਜ਼ ਕੰਮ ਕਰ ਦਿਓ ਤਾਂ ਅਗਲੇ ਨੂੰ ਸੇਵਾ ਕੀਤੀ ਦੁਖਦੀ ਵੀ ਨਹੀਂ ਏਂ। ਕੰਮ ਕਰਨ ਦਾ ਟੈਕਟ ਹੁੰਦੈ।” ਨਰੇਸ਼ ਨੇ ਵੀ ਬ੍ਰਿਜ ਦੀ ਗੱਲ ਦੀ ਤਾਈਦ ਕੀਤੀ।
ਮੈਨੂੰ ਉਸੇ ਸਮੇਂ ਅੱਜ ਤੋਂ ਵੀਹ-ਪੱਚੀ ਸਾਲ ਪਹਿਲਾਂ ਸਤਲੁਜ ਦਰਿਆ ਦੇ ਕੰਢੇ ਵਾਪਰੀ ਉਹ ਘਟਨਾ ਯਾਦ ਆ ਗਈ, ਜਦੋਂ ਇੱਕ ਸਿਪਾਹੀ ਨੇ ਸਾਨੂੰ ਮੱਛੀਆਂ ਫੜਨ ਵਾਲੇ ਸਮਝ ਕੇ ਉੱਥੋਂ ਭਜਾ ਦਿੱਤਾ ਸੀ। ਉੱਥੇ ਬੈਠਿਆਂ ਹੁਣ ਮੈਨੂੰ ਇਉਂ ਲੱਗ ਰਿਹਾ ਸੀ, ਜਿਵੇਂ ਉਹ ਸਿਪਾਹੀ ਸੱਚਾ ਹੋਵੇ ਤੇ ਅਸੀਂ ਝੂਠੇ।

Advertisement

­ਸੰਪਰਕ:+61431696030

Advertisement
Author Image

sukhwinder singh

View all posts

Advertisement
Advertisement
×