ਗੁਰੂ ਗੋਬਿੰਦ ਸਿੰਘ ਕਾਲਜ ’ਚ ਪਹਿਲੀ ਸਰਦ ਰੁੱਤ ਭਾਸ਼ਾ ਕਾਨਫਰੰਸ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਨਵੰਬਰ
ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਪੀਤਮ ਪੁਰਾ ਵਿੱਚ ਤਿੰਨ ਭਾਸ਼ਾਵਾਂ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ਪਹਿਲੀ ਸਰਦ-ਰੁੱਤ ਭਾਸ਼ਾ ਕਾਨਫਰੰਸ ਕਰਵਾਈ ਗਈ। ਕਾਲਜ ਸੈਮੀਨਾਰ ਕਮੇਟੀ ਵੱਲੋਂ ਭਾਰਤੀ ਭਾਸ਼ਾ ਕੇਂਦਰੀ ਸੰਸਥਾਨ (ਸੈਂਟਰਲ ਇੰਸਟੀਚਿਊਟ ਆਫ਼ ਇੰਡੀਅਨ ਲੈਂਗੁੁਏਜਿਜ਼) ਮੈਸੂਰ ਅਤੇ ਸਾਹਿਤ ਅਕਾਦਮੀ ਭਾਰਤ ਸਰਕਾਰ ਦੇ ਸਹਿਯੋਗ ਨਾਲ ਹੋਈ ਕਾਨਫਰੰਸ ਦਾ ਵਿਸ਼ਾ ‘ਡਿਜੀਟਲ ਯੁੱਗ ਵਿਚ ਭਾਸ਼ਾ ਅਤੇ ਸਾਹਿਤ’ ਸੀ। ਕਾਨਫਰੰਸ ਵਿਚ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿਭਾਗ ਦੇ ਮੁਖੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਨਫਰੰਸ ਦੇ ਕਨਵੀਨਰ ਡਾ. ਵੈਭਵ ਪੁਰੀ (ਅਸਿਸਟੈਂਟ ਪ੍ਰੋਫੈਸਰ, ਅਰਥਸ਼ਾਸਤਰ ਵਿਭਾਗ) ਨੇ ਕਿਹਾ ਕਿ ਅੱਜ ਬਦਲਦੇ ਸਮੇਂ ਅਤੇ ਜੀਵਨ-ਜਾਚ ਨੇ ਡਿਜੀਟਲ ਵਰਤਾਰੇ ਨੂੰ ਸਾਰਥਕ ਬਣਾ ਦਿੱਤਾ ਹੈ। ਲੋੜ ਹੈ ਇਸ ਵਰਤਾਰੇ ਨੂੰ ਸਮਝਦਿਆਂ, ਇਸ ਨੂੰ ਮਨੁੱਖੀ ਵਿਕਾਸ ਦੇ ਲਈ ਲਾਹੇਵੰਦ ਬਣਾਇਆ ਜਾਏ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਤਿੰਦਰਬੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਿਜੀਟਲ ਯੁੱਗ ਵਿਚ ਵਧਦੇ ਮੌਕਿਆਂ ’ਤੇ ਚਾਨਣਾ ਪਾਇਆ। ਕਾਨਫਰੰਸ ਦੇ ਮੁੱਖ ਮਹਿਮਾਨ ਅੰਗ੍ਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਅਨਿਲ ਕੁਮਾਰ ਅਨੇਜਾ ਨੇ ਡਿਜੀਟਲ ਕ੍ਰਾਂਤੀ ਨੂੰ ਭਾਸ਼ਾ ਅਤੇ ਸਾਹਿਤ ਦੇ ਲਈ ਇਕ ਵੱਡਾ ਵਰਦਾਨ ਦੱਸਿਆ।
ਉਨ੍ਹਾਂ ਅਨੁਸਾਰ ਤਕਨੀਕ ਸੁਧਾਰ ਦਾ ਇਹ ਨਤੀਜਾ ਸਿੱਖਿਆ, ਵਪਾਰ ਅਤੇ ਦੇਸ਼ ਦੀ ਪ੍ਰਗਤੀ ਵਿਚ ਵਾਧਾ ਕਰ ਰਿਹਾ ਹੈ। ਉਦਘਾਟਨੀ ਸੈਸ਼ਨ ਤੋਂ ਉਪਰੰਤ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਦੇ ਤਿੰਨ ਵੱਖਰੇ ਸੈਸ਼ਨਾਂ ਵਿਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਅਕਾਦਮਿਕ ਅਦਾਰਿਆਂ ਤੋਂ ਆਏ ਅਧਿਆਪਕਾਂ ਅਤੇ ਖੋਜਾਰਥੀਆਂ ਨੇ ਵਿਸ਼ੇ ਨਾਲ ਸਬੰਧਤ ਆਪਣੇ ਖੋਜ-ਪੱਤਰ ਪੇਸ਼ ਕੀਤੇ। ਅੰਗਰੇਜ਼ੀ ਸੈਸ਼ਨ ਦੇ ਪ੍ਰਧਾਨਗੀ ਦਿੱਲੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਦੇਵੇਂਦਰ ਸਿੰਘ ਅਤੇ ਡਾ. ਗੀਤਾਂਜਲੀ ਕਾਲਾ ਨੇ ਕੀਤੀ। ਹਿੰਦੀ ਸੈਸ਼ਨ ਦੀ ਪ੍ਰਧਾਨਗੀ ਕਮਲਾ ਨਹਿਰੂ ਕਾਲਜ ਦੇ ਹਿੰਦੀ ਵਿਭਾਗ ਦੀ ਡਾ. ਸੰਗੀਤਾ ਵਰਮਾ ਅਤੇ ਸਤਿਆਵਤੀ ਕਾਲਜ ਦੇ ਹਿੰਦੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਰਾਕੇਸ਼ ਕੁਮਾਰ ਸਿੰਘ ਨੇ ਕੀਤੀ। ਪੰਜਾਬੀ ਸੈਸ਼ਨ ਦੀ ਪ੍ਰਧਾਨਗੀ ਬਲਜੀਤ ਸਿੰਘ ਰੈਨਾ ਅਤੇ ਡਾ. ਬਲਜਿੰਦਰ ਸਿੰਘ ਨਸਰਾਲੀ ਵੱਲੋਂ ਕੀਤੀ ਗਈ। ਹਰ ਸੈਸ਼ਨ ਦੇ ਅੰਤ ਵਿਚ ਸੈਸ਼ਨ ਪ੍ਰਧਾਨ ਨੇ ਪੜ੍ਹੇ ਗਏ ਪਰਚਿਆਂ ਬਾਰੇ ਆਪਣੀ ਟਿੱਪਣੀ ਪੇਸ਼ ਕੀਤੀ। ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋ. ਮੋਹਨ ਨੇ ਡਿਜੀਟਲ ਯੁੱਗ ਵਿਚ ਆ ਰਹੇ ਬਦਲਾਅ ’ਤੇ ਚਾਨਣਾ ਪਾਇਆ। ਇਸ ਦੌਰਾਨ ਹਰ ਸੈਸ਼ਨ ਦੇ ਵਿਚ ਪੜ੍ਹੇ ਗਏ ਸਰਵੋਤਮ ਪੇਪਰ ਨੂੰ ਨਕਦ ਇਨਾਮ ਰਾਸ਼ੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।