For the best experience, open
https://m.punjabitribuneonline.com
on your mobile browser.
Advertisement

ਪਹਿਲਾਂ ਰਿਸ਼ਤਿਆਂ ਨੇ ਮੂੰਹ ਫੇਰਿਆ ਤੇ ਹੁਣ ਮੁੁਸੀਬਤਾਂ ਨੇ ਘੇਰਿਆ

08:48 AM Jul 15, 2023 IST
ਪਹਿਲਾਂ ਰਿਸ਼ਤਿਆਂ ਨੇ ਮੂੰਹ ਫੇਰਿਆ ਤੇ ਹੁਣ ਮੁੁਸੀਬਤਾਂ ਨੇ ਘੇਰਿਆ
ਨੱਗਲ ਦੀ ਦਰਸ਼ਨੀ ਦੇਵੀ ਡਿੱਗੇ ਹੋਏ ਘਰ ਦਾ ਮਲਬਾ ਦਿਖਾਉਂਦੀ ਹੋਈ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 14 ਜੁਲਾਈ
ਇੱਥੋਂ ਨੇੜਲੇ ਪਿੰਡ ਨੱਗਲ ਦੀ ਬਾਲਮੀਕ ਭਾਈਚਾਰੇ ਨਾਲ ਸਬੰਧ ਰੱਖਦੀ 46 ਸਾਲਾ ਤਲਾਕਸ਼ੁਦਾ ਦਰਸ਼ਨੀ ਦੇਵੀ ਪੁੱਤਰੀ ਮੁਨਸ਼ੀ ਰਾਮ ਦੇ ਪੰਜ ਖਣਾਂ ਦੇ ਇੱਕੋ-ਇੱਕ ਕੱਚੇ ਕੋਠੇ ’ਤੇ ਕੁਦਰਤ ਵੀ ਕਿਹਰਵਾਨ ਹੋ ਗਈ। ਮਜ਼ਦੂਰੀ ਕਰਕੇ ਆਪਣੇ ਦੋ ਬੱਚਿਆਂ ਨੂੰ ਪਾਲ ਰਹੀ ਮਹਿਲਾ ਇਸ ਕੱਚੇ ਕੋਠੇ ਵਿੱਚ ਪੰਦਰਾਂ ਵਰ੍ਹਿਆਂ ਤੋਂ ਜ਼ਿੰਦਗੀ ਬਸਰ ਕਰ ਰਹੀ ਸੀ। ਲੰਘੇ ਸੋਮਵਾਰ ਰਾਤੀਂ ਢਾਈ ਵਜੇ ਆਪਣੇ ਦੋ ਮੁੰਡਿਆਂ ਨਾਲ ਭਾਰੀ ਮੀਂਹ ਦੌਰਾਨ ਛੱਤ ਡਿੱਗਣ ਤੋਂ ਡਰਦੀ ਉਹ ਮੰਜੇ ’ਤੇ ਬੈਠੀ ਜਾਗ ਰਹੀ ਸੀ। ਜਦੋਂ ਉਸ ਨੇ ਇੱਕ ਕੰਧ ਉੱਲਰਦੀ ਦੇਖੀ ਤਾਂ ਝੱਟ ਮੁੰਡਿਆਂ ਨੂੰ ਜਗ੍ਹਾ ਕੇ ਬਾਹਰ ਆਈ। ਉਨ੍ਹਾਂ ਆਪਣੀ ਜਾਨ ਤਾਂ ਬਚਾ ਲਈ ਪਰ ਘਰ ਦਾ ਸਾਰਾ ਸਾਮਾਨ ਮਲਬੇ ਥੱਲੇ ਦੱਬ ਗਿਆ ਅਤੇ ਮੀਂਹ ਕਾਰਨ ਖ਼ਰਾਬ ਹੋ ਗਿਆ।
ਦਰਅਸਲ ਸਹੁਰਿਆਂ ਵੱਲੋਂ ਤਲਾਕ ਦੇਣ ਮਗਰੋਂ ਦਰਸ਼ਨੀ ਦੇਵੀ ਪੰਦਰਾਂ ਸਾਲਾਂ ਤੋਂ ਆਪਣੇ ਦੋ ਬੱਚਿਆਂ ਨਾਲ ਇਸ ਇੱਕੋ ਕੱਚੇ ਕੋਠੇ ਦੇ ਆਸਰੇ ਜੀਵਨ ਬਸਰ ਕਰ ਰਹੀ ਸੀ। ਇੱਕੋ ਕੋਠੇ ਵਿੱਚ ਚੁੱਲ੍ਹਾ ਰੱਖ ਕੇ ਉਹ ਰੋਟੀ-ਪਾਣੀ ਬਣਾਉਂਦੀ ਅਤੇ ਇੱਕ ਨੁੱਕਰੇ ਉਸ ਨੇ ਬਨਿਾਂ ਦਰਵਾਜ਼ੇ ਤੋਂ ਓਹਲਾ ਕਰਕੇ ਨਹਾਉਣ ਲਈ ਗੁਸਲਖ਼ਾਨੇ ਦਾ ਜੁਗਾੜ ਕੀਤਾ ਹੋਇਆ ਸੀ। ਇਸੇ ਕੋਠੇ ਵਿੱਚ ਘਰ ਦਾ ਨਿੱਕ-ਸੁੱਕ ਅਤੇ ਸੌਣ ਲਈ ਮੰਜੇ ਸਨ। ਗਾਰੇ ਦੀਆਂ ਕੰਧਾਂ ਅਤੇ ਬਾਲਿਆਂ ਦੀ ਛੱਤ ਨੇ ਪਹਿਲਾਂ ਵੀ ਕਈ ਮੀਂਹਾਂ ਦੀ ਮਾਰ ਝੱਲੀ ਹੈ ਅਤੇ ਉਹ ਹਰ ਵਾਰ ਹਿੰਮਤ ਜੁਟਾ ਮੁੜ ਗਾਰੇ ਨਾਲ ਕੰਧਾਂ ਉਸਾਰ ਕੇ ਬੈਠਣ ਦਾ ਜ਼ਰ੍ਹੀਆਂ ਬਣਾ ਲੈਂਦੀ।
ਦਰਸ਼ਨੀ ਦੇਵੀ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਕੱਚੇ ਤੋਂ ਪੱਕਾ ਘਰ ਬਣਾਉਣ ਲਈ ਪਿੰਡ ਦੇ ਸਰਪੰਚ ਤੋਂ ਲੈ ਕੇ ਸਮੇਂ-ਸਮੇਂ ਬਣੇ ਵਿਧਾਇਕਾਂ ਸਮੇਤ ਬੀਡੀਪੀਓ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੱਕ ਦਰਖਾਸਿਤਾਂ ਦੇ ਚੁੱਕੀ ਹੈ ਪਰ ਅੱਜ ਤੱਕ ਉਸ ਨੂੰ ਇੱਕ ਦੁਆਨੀ ਨਹੀਂ ਜੁੜੀ। ਪਰਿਵਾਰ ਦਾ ਖਰਚਾ ਚਲਾਉਣ ਲਈ ਉਸ ਦੇ ਵੱਡੇ ਪੁੱਤ ਨੂੰ ਦਸਵੀਂ ਤੋਂ ਬਾਅਦ ਇਸ ਸਾਲ ਪੜ੍ਹਾਈ ਅੱਧਵਾਟੇ ਛੱਡਣੀ ਪਈ ਹੈ। ਦਰਸ਼ਨੀ ਦੇਵੀ ਨੂੰ ਇਨ੍ਹੀਂ ਦਨਿੀਂ ਗੁਆਂਢੀਆਂ ਨੇ ਆਪਣੇ ਇੱਕ ਕਮਰੇ ਵਿੱਚ ਢੋਈ ਦਿੱਤੀ ਹੋਈ ਹੈ ਅਤੇ ਉਹੀ ਉਸ ਨੂੰ ਰੋਟੀ ਲਈ ਆਟਾ ਤੇ ਹੋਰ ਸਾਮਾਨ ਮੁਹੱਈਆ ਕਰਵਾ ਰਹੇ ਹਨ।

Advertisement

ਪੈਨਸ਼ਨ ਲਈ ਅਦਾਲਤੀ ਤਲਾਕ ਦੀ ਕਾਪੀ ਬਣੀ ਅੜਿੱਕਾ
ਦਰਸ਼ਨੀ ਦੇਵੀ ਦਾ ਪੰਚਾਇਤੀ ਤਲਾਕ ਹੋਇਆ ਸੀ। ਸਹੁਰੇ ਅਤੇ ਪੇਕੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਦੇ ਇਸ ’ਤੇ ਦਸਤਖ਼ਤ ਹਨ। ਤਲਾਕਸ਼ੁਦਾ ਮਹਿਲਾਵਾਂ ਨੂੰ ਮਿਲਦੀ 1500 ਪ੍ਰਤੀ ਮਹੀਨਾ ਦੀ ਪੈਨਸ਼ਨ ਲਗਵਾਉਣ ਲਈ ਵੀ ਉਹ ਹਰ ਥਾਂ ਦਰਖਾਸਿਤ ਦੇ ਚੁੱਕੀ ਹੈ। ਪਿਛਲੀਆਂ ਸਰਕਾਰਾਂ ਸਮੇਂ ਦਰਜਨਾਂ ਵਾਰ ਭਰੇ ਫ਼ਾਰਮਾਂ ਤੋਂ ਇਲਾਵਾ ਉਹ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਧਰਮਗੜ੍ਹ ਵਿੱਚ ਵਿਧਾਇਕਾ ਨੀਨਾ ਮਿੱਤਲ ਵੱਲੋਂ ਲਾਏ ਗਏ ਲੋਕ ਦਰਬਾਰ ਅਤੇ ਫਿਰ 21 ਜੂਨ ਨੂੰ ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਲ ਨਿੱਜੀ ਤੌਰ ’ਤੇ ਪੇਸ਼ ਹੋ ਕੇ ਪੈਨਸ਼ਨ ਲਈ ਗੁਹਾਰ ਲਗਾ ਚੁੱਕੀ ਹੈ। ਵਿਭਾਗ ਵੱਲੋਂ ਉਸ ਕੋਲੋਂ ਅਦਾਲਤੀ ਤਲਾਕ ਦੀ ਕਾਪੀ ਮੰਗੀ ਜਾ ਰਹੀ ਹੈ, ਜੋ ਉਸ ਕੋਲ ਨਹੀਂ ਹੈ। ਉਸ ਨੇ ਮੁੱਖ ਮੰਤਰੀ ਤੇ ਹੋਰਨਾਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ।

Advertisement
Tags :
Author Image

sukhwinder singh

View all posts

Advertisement
Advertisement
×