For the best experience, open
https://m.punjabitribuneonline.com
on your mobile browser.
Advertisement

ਪਹਿਲਾਂ ਬੈਲੇਟ ਵੋਟਾਂ ਦੀ ਗਿਣਤੀ ਯਕੀਨੀ ਬਣਾਵੇ ਚੋਣ ਕਮਿਸ਼ਨ

06:59 AM Jun 03, 2024 IST
ਪਹਿਲਾਂ ਬੈਲੇਟ ਵੋਟਾਂ ਦੀ ਗਿਣਤੀ ਯਕੀਨੀ ਬਣਾਵੇ ਚੋਣ ਕਮਿਸ਼ਨ
ਮੀਡੀਆ ਨਾਲ ਗੱਲਬਾਤ ਕਰਦਾ ਹੋਇਆ ‘ਇੰਡੀਆ’ ਗੱਠਜੋੜ ਦਾ ਵਫ਼ਦ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 2 ਜੂਨ
‘ਇੰਡੀਆ’ ਗੱਠਜੋੜ ਦੇ ਵਫ਼ਦ ਨੇ ਅੱਜ ਚੋਣ ਕਮਿਸ਼ਨ ਨੂੰ 4 ਜੂਨ ਨੂੰ ਈਵੀਐੱਮਜ਼ ਦੇ ਨਤੀਜਿਆਂ ਤੋਂ ਪਹਿਲਾਂ ਬੈਲੇਟ ਵੋਟਾਂ ਦੀ ਗਿਣਤੀ ਕਰਕੇ ਉਨ੍ਹਾਂ ਦੇ ਨਤੀਜੇ ਐਲਾਨਣੇ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਚੋਣ ਕਮਿਸ਼ਨ ਨੂੰ ਗਿਣਤੀ ਪ੍ਰਕਿਰਿਆ ਬਾਰੇ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।
ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਮੰਗਲਵਾਰ ਨੂੰ ਹੋਣ ਵਾਲੀ ਗਿਣਤੀ ਤੋਂ ਪਹਿਲਾਂ ‘ਇੰਡੀਆ’ ਗੱਠਜੋੜ ਦੇ ਆਗੂਆਂ ਨੇ ਇੱਕ ਵਫ਼ਦ ਨੇ ਅੱਜ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਮੁਲਾਕਾਤ ਮਗਰੋਂ ਕਾਂਗਰਸੀ ਆਗੂ ਅਭਿਸ਼ੇਕ ਸਿੰਘਵੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਤੀਜੀ ਵਾਰ ਹੈ ਜਦੋਂ ਵਿਰੋਧੀ ਆਗੂਆਂ ਦੇ ਵਫ਼ਦ ਨੇ ਆਮ ਚੋਣਾਂ ਦੌਰਾਨ ਚੋਣ ਕਮਿਸ਼ਨ ਦਫ਼ਤਰ ਦਾ ਦੌਰਾ ਕੀਤਾ ਹੈ।
ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਮੁਤਾਬਕ ਵਫ਼ਦ ਨੇ ਹੋਰ ਗੱਲਾਂ ਸਣੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਈਵੀਐੱਮ ਦੇ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਬੈਲੇਟ ਵੋਟਾਂ ਦੀ ਗਿਣਤੀ ਹੋਵੇ ਅਤੇ ਇਨ੍ਹਾਂ ਦਾ ਨਤੀਜਾ ਐਲਾਨਿਆ ਜਾਵੇ। ਕਾਂਗਰਸੀ ਨੇਤਾ ਨੇ ਆਖਿਆ, ‘‘ਅਸੀਂ ਦੋ-ਤਿੰਨ ਵੱਡੇ ਮੁੱਦਿਆਂ ’ਤੇ ਕਮਿਸ਼ਨ ਨਾਲ ਚਰਚਾ ਕੀਤੀ ਹੈ। ਇਨ੍ਹਾਂ ਵਿੱਚ ਸਭ ਤੋਂ ਅਹਿਮ ਬੈਲੇਟ ਵੋਟਾਂ ਦੀ ਗਿਣਤੀ ਤੇ ਉਨ੍ਹਾਂ ਦੇ ਨਤੀਜਿਆਂ ਦਾ ਪਹਿਲਾਂ ਐਲਾਨ ਕਰਨਾ ਹੈ। ਇਹ ਇੱਕ ਬਹੁਤ ਸਪੱਸ਼ਟ ਤੇ ਸੰਵਿਧਾਨਕ ਨਿਯਮ ਹੈ, ਜਿਹੜਾ ਪ੍ਰਬੰਧ ਕਰਦਾ ਹੈ ਕਿ ਤੁਹਾਨੂੰ ਬੈਲੇਟ ਵੋਟਾਂ ਦੀ ਗਿਣਤੀ ਪਹਿਲਾਂ ਕਰਨੀ ਚਾਹੀਦੀ ਹੈ।’’ ਉਨ੍ਹਾਂ ਆਖਿਆ, ‘‘ਸਾਡੀ ਇਹ ਸ਼ਿਕਾਇਤ ਹੈ ਕਿ ਇਸ ਦਿਸ਼ਾ-ਨਿਰਦੇਸ਼ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਰਵਾਇਤ ਤੋੜ ਦਿੱਤੀ ਹੈ।’’ ਚੋਣ ਕਮਿਸ਼ਨ ਨੂੰ ਸੌਂਪੇ ਗਏ ਪੱਤਰ ’ਚ ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ’ਚ ਡਾਕ ਰਾਹੀਂ ਵੋਟਾਂ ਦੀ ਗਿਣਤੀ ’ਚ ਕਾਫੀ ਵਾਧਾ ਹੋਇਆ ਹੈ ਕਿਉਂਕਿ ਸੀਨੀਅਰ ਸਿਟੀਜ਼ਨਾਂ ਤੇ ਦਿਵਿਆਂਗਾਂ ਨੂੰ ਇਸ ਪ੍ਰਕਿਰਿਆ ਰਾਹੀਂ ਮਤਦਾਨ ਦੀ ਆਗਿਆ ਦਿੱਤੀ ਗਈ ਸੀ। ਉਨ੍ਹਾਂ ਨੇ ਵੱਖ-ਵੱਖ ਨੇਮਾਂ ਤੇ ਦਿਸ਼ਾ ਨਿਰਦੇਸ਼ਾਂ ਦਾ ਹਵਾਲਾ ਦਿੱਤਾ, ਜਿਸ ’ਚ ਚੋਣ ਸੰਚਾਲਨ ਨਿਯਮ 1961 ਅਤੇ ਰਿਟਰਨਿੰਗ ਅਧਿਕਾਰੀਆਂ ਤੇ ਵੋਟ ਗਿਣਤੀ ਏਜੰਟਾਂ ਲਈ ਹੈਂਡਬੁੱਕ (ਅਗਸਤ 2023) ਸ਼ਾਮਲ ਹਨ ਤੇ ਇਨ੍ਹਾਂ ਵਿੱਚ ਕਿਹਾ ਕਿ ਗਿਆ ਹੈ ਕਿ ਬੈਲੇਟ ਵੋਟਾਂ ਦੀ ਗਿਣਤੀ ਪਹਿਲਾਂ ਹੋਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਮੁਖੀ ਸ਼ਰਦ ਪਵਾਰ ਤੇ ਸੀਪੀਆਈ (ਐੱਮ) ਜਨਰਲ ਸਕੱਤਰ ਸੀਤਾਰਾਮ ਯੇਚੁਰੀ ਸਣੇ ਵਿਰੋਧੀ ਪਾਰਟੀਆਂ ਦੇ 13 ਆਗੂਆਂ ਦੇ ਦਸਤਖਤਾਂ ਵਾਲੇ ਇੱਕ ਹੋਰ ਪੱਤਰ ਕਿਹਾ ਗਿਆ ਕਿ ਹਾਲਾਂਕਿ ਸਿਆਸੀ ਪਾਰਟੀਆਂ ਨੇ ਆਪਣੇ ਵੋਟ ਗਿਣਤੀ ਏਜੰਟਾਂ ਨੂੰ ਟਰੇਨਿੰਗ ਦੇਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਹਨ ਪਰ ਫਿਰ ਵੀ ਵੋਟ ਗਿਣਤੀ ਅਧਿਕਾਰੀ ਅਕਸਰ ਵੋਟਾਂ ਦੀ ਗਿਣਤੀ ਪ੍ਰਕਿਰਿਆ ਦੇ ਸਾਰੇ ਪਹਿਲੂਆਂ ਨੂੰ ਸਮਝਣ ’ਚ ਨਾਕਾਮ ਹੋ ਜਾਂਦੇ ਹਨ।
ਸੀਤਾਰਾਮ ਯੇਚੁਰੀ ਨੇ ਵਿਰੋਧੀ ਧਿਰ ਦੀਆਂ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਉਸ ਵੱਲੋਂ ਆਪਣੇ ਖ਼ੁਦ ਦੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕੀਤਾ ਜਾਵੇ, ਜਿਸ ਵਿੱਚ ਈਵੀਐੱਮ ਦੀ ਕੰਟਰੋਲ ਯੂੁਨਿਟ ਨੂੰ ਸੀਸੀਟੀਵੀ ਨਿਗਰਾਨੀ ਵਾਲੇ ਕੌਰੀਡੋਰ ਵਿਚੋਂ ਦੀ ਲਿਜਾਇਆ ਜਾਣਾ ਹੈ ਅਤੇ ਕੰਟਰੋਲ ਯੂਨਿਟ ਦੀ ਮੌਜੂਦਾ ਤਰੀਕ ਤੇ ਸਮਾਂ ਦਰਸਾਉਣ ਦੀ ਤਸਦੀਕ ਕਰਨੀ ਯਕੀਨੀ ਬਣਾਉਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਇਹ ਤਸਦੀਕ ਅਹਿਮ ਹੈ ਕਿਉਂਕਿ ਜਦੋਂ ਤੱਕ ਅਜਿਹਾ ਨਹੀਂ ਕੀਤਾ ਜਾਂਦਾ, ਇਸ ਦੀ ਕੋਈ ਪ੍ਰਮਾਣਿਕਤਾ ਨਹੀਂ ਹੈ। ਇਹ ਉਹੀ ਕੰਟਰੋਲ ਯੂਨਿਟ ਹੈ ਜੋ ਵੋਟਿੰਗ ਕੇਂਦਰ ਤੋਂ ਆਈ ਸੀ ਤੇ ਉਸ ਨੂੰ ਬਦਲਿਆ ਨਹੀਂ ਗਿਆ ਹੈ।’’ ਸੀਪੀਆਈ (ਐੱਮ) ਨੇਤਾ ਨੇ ਇਹ ਵੀ ਆਖਿਆ ਕਿ ਕੰਟਰੋਲ ਯੂਨਿਟ ’ਤੇ ਮਤਦਾਨ ਪ੍ਰਕਿਰਿਆ ਦੇ ਸ਼ੁਰੂ ਹੋਣ ਅਤੇ ਖਤਮ ਹੋਣ ਤੋਂ ਇਲਾਵਾ ਤਰੀਕ ਦੀ ਜਾਂਚ ਕਰਨੀ ਵੀ ਜ਼ਰੂੁਰੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×