ਪਹਿਲਾ ਟੈਸਟ: ਤੇਜ਼ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਦੀ ਮੈਚ ਵਿੱਚ ਕਰਵਾਈ ਵਾਪਸੀ
ਬੰਗਲੂਰੂ, 19 ਅਕਤੂਬਰ
ਸਰਫਰਾਜ਼ ਖਾਨ (150) ਤੇ ਰਿਸ਼ਭ ਪੰਤ (99) ਦੀ ਚੌਥੇ ਵਿਕਟ ਲਈ 177 ਦੌੜਾਂ ਦੀ ਭਾਈਵਾਲੀ ਦੌਰਾਨ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਅੱਜ ਮੈਚ ’ਤੇ ਸ਼ਿਕੰਜਾ ਕਸਣਾ ਸ਼ੁਰੂ ਕੀਤਾ ਸੀ ਪਰ ਤੇਜ਼ ਗੇਂਦਬਾਜ਼ਾਂ ਨੇ ਨਵੀਂ ਗੇਂਦ ਨਾਲ 54 ਦੌੜਾਂ ਅੰਦਰ ਸੱਤ ਵਿਕਟਾਂ ਝਟਕ ਕੇ ਨਿਊਜ਼ੀਲੈਂਡ ਦੀ ਸ਼ਾਨਦਾਰ ਵਾਪਸੀ ਕਰਵਾਈ। ਭਾਰਤ ਦੀ ਦੂਜੀ ਪਾਰੀ 462 ਦੌੜਾਂ ’ਤੇ ਨਿੱਬੜ ਗਈ, ਜਿਸ ਨਾਲ ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਮਿਲਿਆ।
ਸਰਫ਼ਰਾਜ਼ ਨੇ ਆਪਣੀ 195 ਗੇਂਦਾਂ ਦੀ ਪਾਰੀ ਦੌਰਾਨ 18 ਚੌਕੇ ਤੇ ਤਿੰਨ ਛੱਕੇ ਮਾਰੇ, ਜਦਕਿ ਪੰਤ ਨੇ 105 ਗੇਂਦਾਂ ਅੰਦਰ ਨੌਂ ਚੌਕੇ ਤੇ ਪੰਜ ਛੱਕੇ ਜੜੇ। ਸਰਫ਼ਰਾਜ਼ ਨੇ ਟੈਸਟ ਕ੍ਰਿਕਟ ਦਾ ਆਪਣਾ ਪਹਿਲਾ ਸੈਂਕੜਾ ਵੀ ਬਣਾਇਆ ਹੈ। ਨਿਊਜ਼ੀਲੈਂਡ ਨੇ ਟੀਚੇ ਦਾ ਪਿੱਛਾ ਕਰਨਾ ਸ਼ੁਰੂ ਹੀ ਕੀਤਾ ਸੀ ਕਿ ਪਹਿਲੇ ਹੀ ਓਵਰ ਦੌਰਾਨ ਖਰਾਬ ਰੋਸ਼ਨੀ ਕਾਰਨ ਅੰਪਾਇਰ ਨੇ ਮੈਚ ਰੋਕ ਦਿੱਤਾ। ਇਸ ਮਗਰੋਂ ਤੇਜ਼ ਮੀਂਹ ਪੈਣ ਲੱਗਾ ਤੇ ਦਿਨ ਦੀ ਖੇਡ ਸਮਾਪਤ ਐਲਾਨ ਦਿੱਤੀ ਗਈ। ਟੀਮ ਹੁਣ ਤੱਕ ਚਾਰ ਗੇਂਦਾਂ ਦੀ ਆਪਣੀ ਦੂਜੀ ਪਾਰੀ ’ਚ ਖਾਤਾ ਵੀ ਨਹੀਂ ਖੋਲ੍ਹ ਸਕੀ। ਕਰੀਜ਼ ’ਤੇ ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ ਟੌਮ ਲਾਥਮ ਤੇ ਡੈਵੋਨ ਕਾਨਵੇਅ ਮੌਜੂਦ ਹਨ। ਮੈਚ ਰੋਕਣ ਦੇ ਅੰਪਾਇਰਾਂ ਦੇ ਫ਼ੈਸਲੇ ਤੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨਾਰਾਜ਼ ਵੀ ਦਿਖਾਈ ਦਿੱਤੇ। -ਪੀਟੀਆਈ