ਪਹਿਲਾ ਟੈਸਟ: ਨਿਊਜ਼ੀਲੈਂਡ ਖਿ਼ਲਾਫ਼ ਭਾਰਤ ਦੀ ਪਹਿਲੀ ਪਾਰੀ 46 ਦੌੜਾਂ ’ਤੇ ਸਿਮਟੀ
* ਪੰਜ ਬੱਲੇਬਾਜ਼ ਬਿਨਾਂ ਖਾਤਾ ਖੋਲ੍ਹੇ ਆਊਟ
* ਹੈਨਰੀ ਨੂੰ ਪੰਜ ਤੇ ਰਾਊਰਕੀ ਨੂੰ ਚਾਰ ਵਿਕਟਾਂ
ਬੰਗਲੂਰੂ, 17 ਅਕਤੂਬਰ
ਤੇਜ਼ ਗੇਂਦਬਾਜ਼ਾਂ ਦੇ ਦਮ ’ਤੇ ਭਾਰਤ ਨੂੰ ਰਿਕਾਰਡ 46 ਦੌੜਾਂ ’ਤੇ ਸਮੇਟਣ ਮਗਰੋਂ ਡੈਵੋਨ ਕਾਨਵੇ ਦੀਆਂ 91 ਦੌੜਾਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਅੱਜ ਪਹਿਲੀ ਪਾਰੀ ’ਚ ਤਿੰਨ ਵਿਕਟਾਂ ਗੁਆ ਕੇ 180 ਦੌੜਾਂ ਬਣਾ ਲਈਆਂ ਹਨ। ਡੇਰਿਲ ਮਿਸ਼ੈਲ 14 ਤੇ ਰਚਿਨ ਰਵਿੰਦਰ 22 ਦੌੜਾਂ ਬਣਾ ਕੇ ਖੇਡ ਰਹੇ ਹਨ। ਨਿਊਜ਼ੀਲੈਂਡ ਕੋਲ 134 ਦੌੜਾਂ ਦੀ ਲੀਡ ਹੈ। ਇਸ ਤੋਂ ਪਹਿਲਾਂ ਮੈਟ ਹੈਨਰੀ (15 ਦੌੜਾਂ ਦੇ ਕੇ ਪੰਜ ਵਿਕਟਾਂ) ਅਤੇ ਵਿਲੀਅਮ ਓ ਰਾਊਰਕੀ (22 ਦੌੜਾਂ ਦੇ ਕੇ 4 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ ’ਤੇ ਨਿਊਜ਼ੀਲੈਂਡ ਨੇ ਭਾਰਤੀ ਬੱਲੇਬਾਜ਼ੀ ਦੀਆਂ ਧੱਜੀਆਂ ਉਡਾਈਆਂ। ਭਾਰਤੀ ਟੀਮ ਘਰੇਲੂ ਟੈਸਟ ’ਚ ਆਪਣੇ ਸਭ ਤੋਂ ਘੱਟ ਸਕੋਰ 46 ਦੌੜਾਂ ’ਤੇ ਆਊਟ ਹੋ ਗਈ। ਇਸ ਤੋਂ ਪਹਿਲਾਂ ਭਾਰਤ ’ਚ ਉਸ ਦਾ ਘੱਟੋ ਘੱਟ ਸਕੋਰ 75 ਦੌੜਾਂ ਸੀ ਜੋ 1987 ’ਚ ਵੈਸਟ ਇੰਡੀਜ਼ ਖ਼ਿਲਾਫ਼ ਦਿੱਲੀ ’ਚ ਬਣਾਇਆ ਸੀ। ਆਸਟਰੇਲੀਆ ਦੇ 2020-21 ਦੇ ਦੌਰੇ ਦੌਰਾਨ ਐਡੀਲੇਡ ਟੈਸਟ ’ਚ ਭਾਰਤੀ ਟੀਮ 36 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਭਾਰਤ ਦੇ ਪੰਜ ਬੱਲੇਬਾਜ਼ ਖਾਤਾ ਵੀ ਨਾ ਖੋਲ੍ਹ ਸਕੇ। ਦਿਨ ਦੇ ਅਖੀਰ ’ਚ ਭਾਰਤ ਨੂੰ ਇੱਕ ਹੋਰ ਝਟਕਾ ਲੱਗਾ ਜਦੋਂ ਰਵਿੰਦਰ ਜਡੇਜਾ ਦੀ ਫਿਰਕੀ ਗੇਂਦ ਉਸ ਦੇ ਖੱਬੇ ਗਿੱਟੇ ’ਤੇ ਜਾ ਲੱਗੀ ਅਤੇ ਉਸ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਨਿਊਜ਼ੀਲੈਂਡ ਨੇ ਮਜ਼ਬੂਤ ਸ਼ੁਰੂਆਤ ਕੀਤੀ ਜਦੋਂ ਕਾਨਵੇ ਨੇ ਟੌਮ ਲਾਥਮ (15) ਨਾਲ ਮਿਲ ਕੇ ਪਹਿਲੀ ਵਿਕਟ ਲਈ 67 ਦੌੜਾਂ ਜੋੜੀਆਂ। ਉਸ ਨੇ ਵਿਲ ਯੰਗ (33) ਨਾਲ 75 ਦੌੜਾਂ ਦੀ ਭਾਈਵਾਲੀ ਕੀਤੀ। -ਪੀਟੀਆਈ