ਪਹਿਲਾ ਟੈਸਟ: ਭਾਰਤ ਨੇ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ
ਚੇਨੱਈ, 22 ਸਤੰਬਰ
ਭਾਰਤੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਦੇ ਹਰਫ਼ਨਮੌਲਾ ਪ੍ਰਦਰਸ਼ਨ (ਪਹਿਲੀ ਪਾਰੀ ਵਿਚ 113 ਦੌੜਾਂ ਤੇ ਦੂਜੀ ਪਾਰੀ ਵਿਚ 88 ਦੌੜਾਂ ਬਦਲੇ 6 ਵਿਕਟ) ਦੀ ਬਦੌਲਤ ਭਾਰਤ ਨੇ ਅੱਜ ਇਥੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ ਹੈ। ਬੰਗਲਾਦੇਸ਼ ਦੀ ਟੀਮ ਨੇ ਅੱਜ ਦਿਨ ਦੀ ਸ਼ੁਰੂਆਤ 158/4 ਦੇ ਸਕੋਰ ਨਾਲ ਕੀਤੀ ਸੀ ਤੇ ਟੀਮ ਦੀ ਦੂਜੀ ਪਾਰੀ 234 ਦੌੜਾਂ ’ਤੇ ਸਿਮਟ ਗਈ। ਭਾਰਤ ਨੇ ਪਹਿਲੀ ਪਾਰੀ ਵਿਚ 376 ਬਣਾਈਆਂ ਸਨ ਤੇ ਦੂਜੀ ਪਾਰੀ 287/4 ਦੇ ਸਕੋਰ ’ਤੇ ਐਲਾਨ ਦਿੱਤੀ ਸੀ। ਮਹਿਮਾਨ ਟੀਮ ਨੇ ਪਹਿਲੀ ਪਾਰੀ ਵਿਚ 149 ਦੌੜਾਂ ਬਣਾਈਆਂ ਸਨ। ਇਸ ਜਿੱਤ ਨਾਲ ਭਾਰਤ ਨੇ ਦੋ ਟੈਸਟ ਮੈਚਾਂ ਦੀ ਲੜੀ ’ਚ 1-0 ਦੀ ਲੀਡ ਬਣਾ ਲਈ ਹੈ।
ਲੜੀ ਦਾ ਦੂਜਾ ਤੇ ਆਖਰੀ ਟੈਸਟ ਮੈਚ 27 ਸਤੰਬਰ ਤੋਂ ਕਾਨਪੁਰ ਵਿਚ ਖੇਡਿਆ ਜਾਵੇਗਾ। ਭਾਰਤ ਦੀ ਜਿੱਤ ਵਿਚ ਅਸ਼ਿਵਨ ਦਾ ਅਹਿਮ ਯੋਗਦਾਨ ਰਿਹਾ, ਜਿਸ ਨੇ 88 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਉਸ ਨੂੰ ਰਵਿੰਦਰ ਜਡੇਜਾ ਦਾ ਚੰਗਾ ਸਾਥ ਮਿਲਿਆ, ਜਿਸ ਨੇ 58 ਦੌੜਾਂ ਦੇ ਕੇ ਤਿੰਨ ਵਿਕਟਾਂ ਲਈ। ਕਪਤਾਨ ਨਜਮੁਲ ਹਸਨ ਸ਼ਾਂਟੋ ਨੇ ਬੰਗਲਾਦੇਸ਼ ਲਈ 127 ਗੇਂਦਾਂ ’ਚ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਸ ਨੂੰ ਕਿਸੇ ਬੱਲੇਬਾਜ਼ ਦਾ ਚੰਗਾ ਸਾਥ ਨਹੀਂ ਮਿਲਿਆ। ਸ਼ਾਂਟੋ ਅਤੇ ਸ਼ਾਕਿਬ ਅਲ ਹਸਨ (25) ਨੇ ਹਾਲਾਂਕਿ ਟੀਮ ਨੂੰ ਅੱਜ ਚੰਗੀ ਸ਼ੁਰੂਆਤ ਦਿੱਤੀ ਸੀ। ਅਸ਼ਿਵਨ ਨੇ ਸ਼ਾਕਿਬ ਅਲ ਹਸਨ, ਮੇਹਦੀ ਹਸਨ ਮਿਰਾਜ, ਤਸਕਿਨ ਅਹਿਮਦ, ਸ਼ਾਦਮਾਨ ਇਸਲਾਮ, ਮੋਮੀਨੁਲ ਹੱਕ, ਮੁਸ਼ਫਿਕੁਰ ਰਹਿਮਾਨ ਦੀ ਵਿਕਟ ਲਈ। ਉਸ ਨੇ ਟੈਸਟ ਵਿੱਚ 37ਵੀਂ ਵਾਰ ਪਾਰੀ ’ਚ ਪੰਜ ਵਿਕਟਾਂ ਲੈ ਕੇ ਮਹਾਨ ਆਸਟਰੇਲਿਆਈ ਗੇਂਦਬਾਜ਼ ਸ਼ੇਨ ਵਾਰਨ ਦੇ ਰਿਕਾਰਡ ਦੀ ਬਰਾਬਰੀ ਕੀਤੀ। ਅਸ਼ਿਵਨ ਨੇ ਨਿਊਜ਼ੀਲੈਂਡ ਦੇ ਦਿੱਗਜ ਰਿਚਰਡ ਹੈਡਲੀ ਦੇ 36 ਵਾਰ ਪੰਜ ਵਿਕਟਾਂ ਲੈਣ ਦੇ ਰਿਕਾਰਡ ਨੂੰ ਪਿੱਛੇ ਛੱਡਿਆ। ਟੈਸਟ ਮੈਚ ਵਿੱਚ ਇਹ ਚੌਥੀ ਵਾਰ ਹੈ ਜਦੋਂ ਅਸ਼ਿਵਨ ਨੇ ਸੈਂਕੜੇ ਦੇ ਨਾਲ ਪਾਰੀ ’ਚ ਪੰਜ ਵਿਕਟਾਂ ਲਈਆਂ ਹਨ। ਰਵਿੰਦਰ ਜਡੇਜਾ ਨੇ ਕਪਤਾਨ ਨਜਮੁਲ ਹਸਨ ਸ਼ਾਂਟੋ, ਲਿਟਨ ਦਾਸ ਅਤੇ ਹਸਨ ਮਹਿਮੂਦ ਦੀ ਵਿਕਟ ਲਈ। -ਪੀਟੀਆਈ
ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ’ਚ ਕੋਈ ਬਦਲਾਅ ਨਹੀਂ
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਕੌਮੀ ਚੋਣਕਰਤਾਵਾਂ ਨੇ ਅੱਜ ਇੱਥੇ ਸ਼ੁਰੂਆਤੀ ਟੈਸਟ ਵਿੱਚ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਉਣ ਵਾਲੀ ਭਾਰਤੀ ਟੀਮ ਨੂੰ ਕਾਨਪੁਰ ਵਿੱਚ ਹੋਣ ਵਾਲੇ ਦੂਜੇ ਅਤੇ ਆਖ਼ਰੀ ਮੈਚ ਲਈ ਬਰਕਰਾਰ ਰੱਖਿਆ ਹੈ। ਬੀਸੀਸੀਆਈ ਦੇ ਬਿਆਨ ਅਨੁਸਾਰ ਪੁਰਸ਼ ਚੋਣ ਕਮੇਟੀ ਨੇ ਬੰਗਲਾਦੇਸ਼ ਖ਼ਿਲਾਫ਼ ਆਈਡੀਐੱਫਸੀ ਫਰਸਟ ਬੈਂਕ ਟੈਸਟ ਲੜੀ ਦੇ ਦੂਜੇ ਮੈਚ ਲਈ ਇਹ ਟੀਮ ਬਰਕਰਾਰ ਰੱਖੀ ਹੈ। ਭਾਰਤੀ ਟੀਮ ਵਿੱਚ ਕਪਤਾਨ ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਸਰਫ਼ਰਾਜ਼ ਖ਼ਾਨ, ਵਿਕਟ ਕੀਪਰ ਰਿਸ਼ਭ ਪੰਤ ਤੇ ਧਰੁਵ ਜੁਰੇਲ, ਆਰ ਅਸ਼ਿਵਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ਦੀਪ, ਜਸਪ੍ਰੀਤ ਬੁਮਰਾਹ ਅਤੇ ਯਸ਼ ਦਿਆਲ ਸ਼ਾਮਲ ਹਨ।