ਗੁਰਦੁਆਰਾ ਹੇਮਕੁੰਟ ਸਾਹਿਬ ’ਚ ਸਰਦ ਰੁੱਤ ਦੀ ਪਹਿਲੀ ਬਰਫ਼ਬਾਰੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਦਸੰਬਰ
ਉੱਤਰਾਖੰਡ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਅਤੇ ਇਸ ਖੇਤਰ ਵਿੱਚ ਸਰਦ ਰੁੱਤ ਦੀ ਪਹਿਲੀ ਬਰਫਬਾਰੀ ਹੋਈ, ਜਿਸ ਨਾਲ ਖੇਤਰ ਵਿੱਚ ਸੀਤ ਨੇ ਜ਼ੋਰ ਫੜ ਲਿਆ। ਬਰਫਬਾਰੀ ਦਾ ਇਹ ਸਿਲਸਿਲਾ ਬੀਤੀ ਰਾਤ ਨੂੰ ਸ਼ੁਰੂ ਹੋਇਆ ਅਤੇ ਅੱਜ ਸਵੇਰੇ 9 ਵਜੇ ਤੱਕ ਜਾਰੀ ਰਿਹਾ। ਗੁਰਦੁਆਰਾ ਹੇਮਕੁੰਟ ਸਾਹਿਬ ਤੋਂ ਹੇਠਾਂ ਗੁਰਦੁਆਰਾ ਗੋਬਿੰਦ ਧਾਮ ਜੋ ਲਗਪਗ 10 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਹੈ, ਵਿਖੇ ਕਰੀਬ 6 ਇੰਚ ਬਰਫ ਪੈ ਗਈ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਅੱਜ ਘਾਗਰੀਆ ਇਲਾਕੇ ਵਿੱਚ ਬੀਤੀ ਰਾਤ ਤੋਂ ਬਰਫਬਾਰੀ ਹੋ ਰਹੀ ਹੈ ਅਤੇ ਸਵੇਰ ਤੱਕ ਬਰਫਬਾਰੀ ਜਾਰੀ ਸੀ। ਗੁਰਦੁਆਰਾ ਗੋਬਿੰਦ ਧਾਮ ਵਿਖੇ ਅਤੇ ਇਸ ਦੇ ਨਾਲ ਵਾਲੇ ਇਲਾਕੇ ਵਿੱਚ ਲਗਪਗ ਪੰਜ ਤੋਂ ਛੇ ਇੰਚ ਬਰਫ ਪੈ ਗਈ ਹੈ। ਉਨ੍ਹਾਂ ਕਿਹਾ ਕਿ ਅਨੁਮਾਨ ਹੈ ਕਿ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਡੇਢ ਤੋਂ ਦੋ ਫੁੱਟ ਤੱਕ ਬਰਫ ਪਈ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਰਦ ਰੁੱਤ ਦੀ ਪਹਿਲੀ ਬਰਫਬਾਰੀ ਹੈ। ਇਸ ਨਾਲ ਵਾਤਾਵਰਨ ਵਿੱਚ ਸੁਧਾਰ ਆਵੇਗਾ।
ਟਰੱਸਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਸਮਾਪਤੀ ਸਮੇਂ ਹਲਕੀ ਬਰਫਬਾਰੀ ਹੋਈ ਸੀ ਅਤੇ ਮਗਰੋਂ ਹੁਣ ਤੱਕ ਮੌਸਮ ਖੁਸ਼ਕ ਚੱਲ ਰਿਹਾ ਸੀ। ਇਹ ਸਰਦ ਰੁੱਤ ਦੀ ਪਹਿਲੀ ਬਰਫਬਾਰੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗੋਬਿੰਦ ਧਾਮ ਵਿਖੇ ਫਿਲਹਾਲ ਮੁਰੰਮਤ ਦੇ ਕੰਮ ਜਾਰੀ ਹਨ ਅਤੇ ਬੀਤੀ ਰਾਤ ਤੋਂ ਲੈ ਕੇ ਸਵੇਰ ਤੱਕ ਉੱਥੇ ਬਰਫਬਾਰੀ ਹੋਈ ਹੈ।