ਮੁਹਾਲੀ ਜ਼ਿਲ੍ਹੇ ਦਾ ਪਹਿਲਾ ਸਰਸ ਮੇਲਾ 18 ਤੋਂ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 6 ਅਕਤੂਬਰ
ਮੁਹਾਲੀ ਜ਼ਿਲ੍ਹੇ ਦਾ ਪਹਿਲਾ ਸਰਸ ਮੇਲਾ 18 ਤੋਂ 27 ਅਕਤੂਬਰ ਤੱਕ ਇੱਥੋਂ ਦੇ ਸੈਕਟਰ 88 ਦੇ ਖੁੱਲ੍ਹੇ ਮੈਦਾਨ ਵਿੱਚ ਲੱਗੇਗਾ। ਮੇਲੇ ਦੀਆਂ ਤਿਆਰੀਆਂ ਨੂੰ ਪ੍ਰਸ਼ਾਸਨ ਵੱਲੋਂ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਮੇਲੇ ਦੀਆਂ ਤਿਆਰੀਆਂ ਲਈ 19 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਦੇ ਨੋਡਲ ਅਫਸਰਾਂ ਨਾਲ ਉਹ ਖ਼ੁਦ ਮੀਟਿੰਗਾਂ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਅਨੁਸਾਰ ਸਰਸ ਮੇਲਾ ਵੱਖ-ਵੱਖ ਰਾਜਾਂ ਦੇ ਕਾਰੀਗਰਾਂ ਅਤੇ ਕਲਾਕਾਰਾਂ ਲਈ ਆਪਣੀਆਂ ਵਸਤਾਂ ਅਤੇ ਕਲਾਵਾਂ ਨੂੰ ਪ੍ਰਫੁੱਲਤ ਕਰਨ ਲਈ ਇੱਕ ਢੁੱਕਵਾਂ ਪਲੇਟਫਾਰਮ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ 300 ਤੋਂ ਵੱਧ ਸਟਾਲ ਅਤੇ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਜੋ ਕਿ ਦੇਸ਼ ਦੇ ਸੱਭਿਆਚਾਰ ਅਤੇ ਦਸਤਕਾਰੀ ਕਲਾ ਨੂੰ ਪ੍ਰਦਰਸ਼ਿਤ ਕਰਨਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਲੋਕਾਂ ਦੀ ਕਲਾਤਮਕ ਪ੍ਰਤਿਭਾ ਅਤੇ ਕਲਾਤਮਕ ਗੁਣਾਂ ਦੇ ਪ੍ਰਦਰਸ਼ਨ ਤੋਂ ਇਲਾਵਾ, ਗਾਇਕ ਅਤੇ ਹਾਸਰਸ ਕਲਾਕਾਰ ਵੀ ਰੋਜ਼ਾਨਾ ਦਰਸ਼ਕਾਂ ਨੂੰ ਮੰਤਰ ਮੁਗਧ ਕਰਨਗੇ। ਸਰਸ ਮੇਲਾ ਉਭਰਦੇ ਕਲਾਕਾਰਾਂ ਨੂੰ ਉੱਥੇ ਮੌਜੂਦ ਦਰਸ਼ਕਾਂ ਸਾਹਮਣੇ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਵੀ ਪ੍ਰਦਾਨ ਕਰੇਗਾ। ਮੇਲੇ ਵਿੱਚ ਦਰਸ਼ਕਾਂ ਦੀ ਐਂਟਰੀ ਮੁਫ਼ਤ ਹੋਵੇਗੀ।