ਪਹਿਲੀ ਤਨਖਾਹ
ਡਾ. ਮਨਜੀਤ ਸਿੰਘ ਬੱਲ
ਪਿੰਡ ਵਾਲੇ ਸਕੂਲ ਤੋਂ ਮਿਡਲ ਪਾਸ ਕਰਨ ਤੋਂ ਬਾਅਦ ਨੌਵੀਂ ’ਚ ਮੈਨੂੰ ਟਾਊਨ ਹਾਲ ਅੰਮ੍ਰਿਤਸਰ ਵਾਲੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਸ ਜਗ੍ਹਾ ਅੱਜ ਕਲ੍ਹ ਸ੍ਰੀ ਦਰਬਾਰ ਸਾਹਿਬ ਦੀ ਬਹੁ-ਮੰਜਿ਼ਲਾ ਪਾਰਕਿੰਗ ਹੈ। ਇਕ ਪਾਸੇ ਕੋਤਵਾਲੀ ਤੇ ਦੂਜੇ ਪਾਸੇ ਗੁਰਦੁਆਰਾ ਸਾਰਾਗੜ੍ਹੀ ਹੈ। ਪਿੰਡ ਤੋਂ ਪੰਦਰਾਂ ਕਿਲੋਮੀਟਰ ਦੂਰ ਪੈਂਦੇ ਸਕੂਲ ਵਿਚ ਦੋ ਸ਼ਿਫਟਾਂ ਸਨ। ਗਰਮੀਆਂ ’ਚ ਸਾਢੇ ਪੰਜ ਸਕੂਲ ਲਗਦਾ ਸੀ; ਸੋ ਸਾਢੇ ਚਾਰ ਵਜੇ ਪਿੰਡੋਂ (ਬੱਲ ਕਲਾਂ) ਸਾਇਕਲ ’ਤੇ ਨਿਕਲਦਾ ਤੇ ਸਿਆਲ਼ਾਂ ’ਚ ਸਕੂਲ ਟਾਇਮ ਸਾਢੇ ਸੱਤ ਹੋਣ ਕਰ ਕੇ ਘਰੋਂ ਸਾਢੇ ਛੇ ਵਜੇ ਚੱਲਦਾ ਸਾਂ। ਤੇਰਾਂ ਸਾਲ ਦੇ ਨਿਆਣੇ ਨੂੰ ਘੱਟੋ-ਘੱਟ 30 ਕਿਲੋਮੀਟਰ ਰੋਜ਼ ਸਾਇਕਲ ਚਲਾਉਣਾ ਪੈਂਦਾ ਸੀ। ਸਰਦੀਆਂ ’ਚ ਪਹਿਲਾਂ ਪੀਰੀਅਡ ਅੰਗਰੇਜ਼ੀ ਦਾ ਹੁੰਦਾ ਸੀ; ਛੋਟੀ ਮੋਟੀ ਗ਼ਲਤੀ ਹੋ ਜਾਵੇ ਤਾਂ ਸੁਲਤਾਨਵਿੰਡ ਵਾਲੇ ਮਾਸਟਰ ਮਲਿਕ ਕੋਲੋਂ ਠਰੇ ਹੱਥਾਂ ’ਤੇ ਡੰਡੇ ਖਾਣੇ ਪੈਂਦੇ ਸਨ।
ਨਾਨ-ਮੈਡੀਕਲ ਵਿਸ਼ਿਆਂ ਨਾਲ ਗਿਆਰ੍ਹਵੀਂ ਕਰ ਕੇ ਪਹਿਲਾਂ ਹਿੰਦੂ ਕਾਲਜ ਅੰਮ੍ਰਿਤਸਰ ਤੋਂ ਬਾਇਓਲੋਜੀ ਦਾ ਐਡੀਸ਼ਨਲ ਵਿਸ਼ਾ ਪਾਸ ਕੀਤਾ, ਫਿਰ ਡੀਏਵੀ ਕਾਲਜ ਅੰਮ੍ਰਿਤਸਰ ਤੋਂ ਪ੍ਰੀ-ਮੈਡੀਕਲ ਕੀਤੀ। ਚੰਗੀ ਕਿਸਮਤ ਨੂੰ 1971 ’ਚ ਅੰਮ੍ਰਿਤਸਰ ਦੇ ਹੀ ਸਰਕਾਰੀ ਮੈਡੀਕਲ ਕਾਲਜ ਵਿਚ ਐੱਮਬੀਬੀਐੱਸ ’ਚ ਦਾਖ਼ਲਾ ਮਿਲ ਗਿਆ। ਕੁਝ ਮਹੀਨਿਆਂ ਬਾਅਦ ਹੀ ਪਾਕਿਸਤਾਨ ਨਾਲ ਜੰਗ ਲੱਗ ਗਈ। ਉਹ ਸਮਾਂ ਬੜਾ ਕਸ਼ਟ ਵਾਲਾ ਸੀ। ਪਰਿਵਾਰ ਦੀ ਮਾਇਕ ਹਾਲਤ ਮਾੜੀ ਹੋਣ ਕਰ ਕੇ ਪੜ੍ਹਾਈ ਦੇ ਨਾਲ ਨਾਲ ਹੋਰ ਕਈ ਪਾਪੜ ਵੇਲਣੇ ਪਏ। ਇੰਟਰਨਸ਼ਿਪ ਤੇ ਹਾਊਸ ਜੌਬ ਵਿਚ ਨਿਗੂਣੀ ਜਿਹੀ ਤਨਖ਼ਾਹ (250 ਤੇ 350 ਰੁਪਏ ਮਹੀਨਾ) ਨੇ ਕੁਝ ਰਾਹਤ ਦਿੱਤੀ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਚੁਣ ਕੇ ਪੰਜਾਬ ਸਰਕਾਰ ਦੇ ਰੈਗੂਲਰ ਪੀਸੀਐੱਮਐੱਸ ਮੈਡੀਕਲ ਅਫਸਰ ਵਜੋਂ ਮੇਰੀ ਪਹਿਲੀ ਨਿਯੁਕਤੀ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਸਿਵਿਲ ਹਸਪਤਾਲ ਵਿਚ ਹੋਈ ਤੇ ਦੋ ਜਨਵਰੀ 1978 ਨੂੰ ਮੈਂ ਡਿਊਟੀ ਸੰਭਾਲੀ। ਸੋਚਿਆ, ਹੁਣ ਆਪ ਕਮਾਂਵਾਂਗਾ ਤੇ ਖਰਚਾਂਗਾ; ਖਾਣ-ਪੀਣ ਤੇ ਕੱਪੜੇ-ਲੱਤਿਆਂ ਵਾਸਤੇ ਮਾਪਿਆਂ ਨੂੰ ਤੰਗ ਨਹੀਂ ਕਰਨਾ ਪਵੇਗਾ। 300 ਰੁਪਏ ਵਾਲੀ ਤਨਖ਼ਾਹ ’ਚੋਂ ਬਚਤ ਕਰ ਕੇ ਲਾਲ ਰੰਗ ਦਾ ਅੰਗਰੇਜ਼ੀ ਬ੍ਰੇਕਾਂ ਵਾਲਾ ਸਾਇਕਲ ਮੈਂ ਹਾਊਸ ਜੌਬ ਦੌਰਾਨ ਖਰੀਦ ਲਿਆ ਸੀ।
ਜਲੰਧਰ ਮੇਰੇ ਨਾਲ ਪਟਿਆਲਾ ਮੈਡੀਕਲ ਕਾਲਜ ਦੇ ਗ੍ਰੈਜੂਏਟ ਡਾ. ਗੁਰਜੀਤ ਸਿੰਘ ਤੇ ਡਾ. ਅਮਰਜੀਤ ਸਿੰਘ ਨੇ ਵੀ ਡਿਊਟੀ ਸੰਭਾਲੀ। ਡਾ. ਗੁਰਜੀਤ ਸਿੰਘ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ/ਹਸਪਤਾਲ ਵਿਚ ਸਰਜਰੀ ਦੇ ਪ੍ਰੋਫੈਸਰ ਸਨ ਅਤੇ ਡਾ. ਅਮਰਜੀਤ ਸਿੰਘ (ਪੰਡੋਰੀ) ਇਸ ਵੇਲੇ ਲੁਧਿਆਣੇ ਪੈਥਾਲੋਜੀ ਦੀ ਪ੍ਰੈਕਟਿਸ ਕਰਦੇ ਹਨ। ਅਸੀਂ ਤਿੰਨੇ 24-24 ਸਾਲ ਦੇ ਜਵਾਨ ਡਾਕਟਰਾਂ ਨੇ ਸਲਾਹ ਕਰ ਕੇ ਹਸਪਤਾਲ ਦੇ ਨਜ਼ਦੀਕ ਹੀ ਦੋ ਕਮਰਿਆਂ ਅਤੇ ਰਸੋਈ ਵਾਲਾ ਘਰ ਕਿਰਾਏ ’ਤੇ ਲੈ ਲਿਆ। ਗੇਟ ਵਾਲੀ ਨੇਮ ਪਲੇਟ ’ਤੇ ਜੀਤ (ਮਨ, ਗੁਰ, ਅਮਰ) ਲਿਖਵਾਇਆ। ਮੇਰੇ ਉਸ ਮਲੂਕ ਜਿਹੇ ਸਾਇਕਲ ’ਤੇ ਅਸੀਂ ਤਿੰਨੇ ਜਣੇ ਬੈਠ ਜਾਂਦੇ। ਕੋਈ ਸਿਨੇਮਾ (ਜਯੋਤੀ, ਨਾਜ਼, ਸੰਤ, ਲਾਲ ਰਤਨ, ਲਕਸ਼ਮੀ, ਫਰੈਂਡਜ਼, ਨਰਿੰਦਰਾ, ਸਾਇਨ ਪਾਇਲ, ਪ੍ਰੀਤਮ, ਸਤਲੁਜ) ਨਹੀਂ ਸੀ ਛੱਡਿਆ ਜਿੱਥੇ ਅਸੀ ਫਿਲਮ ਨਾ ਦੇਖੀ ਹੋਵੇ।&ਨਬਸਪ; ਅਪਰੈਲ ਵਿਚ ਫਿਲਮ ‘ਅਖੀਓਂ ਕੇ ਝਰੋਖੋਂ ਸੇ’ ਦੇਖਣ ਵੇਲੇ ਵਾਪਸੀ ’ਤੇ ਸਾਇਕਲ ਪਾਰਕਿੰਗ ਵਾਲਿਆਂ ਨਾਲ ਨਿੱਕੀ ਜਿਹੀ ਗੱਲ ਦਾ ਖਲਾਰ ਪੈ ਗਿਆ ਅਤੇ ਸਾਨੂੰ ਸੱਟਾਂ ਵੀ ਲੱਗੀਆਂ ਸਨ। ਇਕ ਹੋਰ ਘਟਨਾ ਯਾਦ ਆ ਰਹੀ ਹੈ। ਇਕ ਦਿਨ ਡਾ. ਗੁਰਜੀਤ ਰਾਤ ਨੂੰ ਲੇਟ ਆਇਆ ਤੇ ਕੱਪੜੇ ਬਦਲਣ ਤੋਂ ਬਗ਼ੈਰ ਹੀ ਸੌਂ ਗਿਆ। ਸਵੇਰੇ ਉਠ ਕੇ ਮੈਂ ਪੁੱਛਿਆ, “ਰਾਤ ਟਾਈ ਲਗਾ ਕੇ ਈ ਸੌਂ ਗਿਆ ਸੈਂ?” ਸਹੀ ਜਵਾਬ ਦੇਣ ਦੀ ਬਜਾਇ ਕਹਿੰਦਾ, “ਯਾਰ ਮੈਂ ਸੋਚਿਆ, ਜੇ ਕਿਤੇ ਰਾਤ ਸੁਫ਼ਨੇ ’ਚ ਹੇਮਾ ਮਾਲਿਨੀ ਆ ਜਾਵੇ ਤਾਂ ਉਹ ਕਹੇਗੀ ਕਿ ਤੂੰ ਤਿਆਰ ਈ ਨਹੀਂ ਹੋਇਆ।”
ਉਨ੍ਹੀਂ ਦਿਨੀਂ ਮੇਰੀ ਡਿਊਟੀ ਮਾਇਨਰ ਅਪਰੇਸ਼ਨ ਥੀਏਟਰ ’ਚ ਸੀ ਜਿੱਥੇ ਕਈ ਔਰਤਾਂ ਦੇ ਕੰਨਾਂ ਦੇ ਖੁੱਲ੍ਹੇ ਤੇ ਕੱਟੇ ਹੋਏ ਛੇਕ ਸੀਂਅ ਕੇ ਤੰਗ ਕੀਤੇ ਸਨ। ਉਦੋਂ ਰੇਡੀਓ ਕਲਾਕਾਰ ਵੱਡੀ ਸੈਲੀਬ੍ਰਿਟੀ ਹੁੰਦੇ ਸਨ। ਉਥੇ ਹੀ ਮੈਨੂੰ ਆਕਾਸ਼ ਬਾਣੀ ਜਲੰਧਰ ਦੇ ਕਲਾਕਾਰ ਠੰਢੂ ਰਾਮ (ਜਾਨਕੀ ਦਾਸ ਭਾਰਦਵਾਜ) ਮਿਲੇ ਸਨ ਜਿਨ੍ਹਾਂ ਦੇ ਪੇਟ ਦੀ ਚਮੜੀ ’ਤੇ ਨਿੱਕੀ ਜਿਹੀ ਚਰਬੀ ਦੀ ਗਿਲ੍ਹਟੀ ਬਣੀ ਹੋਈ ਸੀ।
ਜਨਵਰੀ ਖ਼ਤਮ ਹੋਣ ’ਤੇ ਫਰਵਰੀ ਦੇ ਪਹਿਲੇ ਹਫਤੇ ਤਨਖ਼ਾਹ ਮਿਲਣ ਦੀ ਉਮੀਦ ਨਾਲ ਦਿਲ ਬਹੁਤ ਖੁਸ਼ ਸੀ। ਮਕਾਨ ਦੇ ਕਿਰਾਏ ਅਤੇ ਰੋਟੀ-ਪਾਣੀ ਦੇ ਪਾਲ ਢਾਬੇ ਵਾਲਿਆਂ ਦਾ ਵੀ ਉਧਾਰ ਦੇਣਾ ਸੀ। ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਤਿੰਨੇ ਸਿਵਿਲ ਹਸਪਤਾਲ ਵਿਚ ਮੈਡੀਕਲ ਅਫਸਰ ਹਾਂ ਤੇ ਕਦੇ ਕਦੇ ਫੂਡ ਸੈਂਪਲਿੰਗ ਵਾਲੀ ਟੀਮ ਨਾਲ ਛਾਪਿਆਂ ਵਾਸਤੇ ਵੀ ਜਾਂਦੇ ਹਾਂ; ਸੋ ਉਹਨੇ ਮੂੰਹੋਂ ਕਦੀ ਨਹੀਂ ਸੀ ਕਿਹਾ ਕਿ ਪੈਸੇ ਦਿਓ ਪਰ ਸਾਨੂੰ ਅੰਦਰ ਹੀ ਅੰਦਰ ਇਹ ਨਮੋਸ਼ੀ ਖਾਈ ਜਾਂਦੀ ਕਿ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਤੇ ਅਸੀਂ ਢਾਬੇ ਵਾਲੇ ਦਾ ਹਿਸਾਬ ਨਹੀਂ ਕਰ ਰਹੇ। ਕਰਦੇ ਕਿਥੋਂ? ਕਿਸੇ ਕੋਲ ਵੀ ਪੈਸਾ ਨਹੀਂ ਸੀ। ਸਰਕਾਰੀ ਸਰਵਿਸ ਵਿਚ ਪਹਿਲੀ ਤਨਖ਼ਾਹ ਲੇਟ ਹੋ ਹੀ ਜਾਂਦੀ ਹੈ ਬਲਕਿ ਬਦਲੀ ਤੋਂ ਬਾਅਦ ਨਵੀਂ ਜਗ੍ਹਾ ’ਤੇ ਜਾ ਕੇ ਵੀ ਕਈ ਵਾਰ ਤਨਖ਼ਾਹ ਲੇਟ ਹੋ ਜਾਂਦੀ ਹੈ।&ਨਬਸਪ; ਮਾਪਿਆਂ ਨੂੰ ਤਾਂ ਹੀ ਮਿਲਣ ਜਾਂਦੇ ਜੇ ਕੁਝ ਪੱਲੇ ਹੁੰਦਾ। ਪੰਦਰਾਂ ਤਰੀਕ ਹੋ ਗਈ। ਪੈਸਿਆਂ ਦੀ ਬੜੀ ਔੜ ਲੱਗੀ ਹੋਈ ਸੀ। ਉਂਝ ਕਹਿਣ ਨੂੰ ਗਜ਼ਟਿਡ ਅਫਸਰ ਪਰ ਪੱਲੇ ਧੇਲਾ ਵੀ ਨਹੀਂ ਸੀ।
ਲਓ ਜੀ ਸਤਾਰਾਂ ਫਰਵਰੀ ਨੂੰ ਤਨਖ਼ਾਹ ਆ ਗਈ, ਉਦੋਂ ਨਕਦ ਹੀ ਮਿਲਦੀ ਹੁੰਦੀ ਸੀ। ਇਹ ਪਲੇਠੀ ਤਨਖ਼ਾਹ ਇਕ ਹਜ਼ਾਰ ਤੋਂ ਵੀ ਘੱਟ ਸੀ। ਪੈਂਟ ਦੀ ਪਿਛਲੀ ਜੇਬ ਵਿਚ ਇੰਨੀ ਵੱਡੀ ਰਕਮ ਪਾ ਕੇ ਮੈਂ ਫੁੱਲਿਆ ਨਾ ਸਮਾਵਾਂ। ਘਰ ਪਹੁੰਚਦਿਆਂ ਤੱਕ ਘੜੀ ਮੁੜੀ ਜੇਬ ’ਤੇ ਹੱਥ ਮਾਰ ਕੇ ਟੋਂਹਦਾ ਰਿਹਾ ਕਿ ਪੈਸੇ ਵਿਚੇ ਹੀ ਨੇ...! ਉਸ ਦਿਨ ਅਸੀਂ ਲ੍ਹੇੜ ਕੇ ਮਨ ਪਸੰਦ ਰਾਤ ਦਾ ਖਾਣਾ ਖਾਧਾ। ਵਾਪਿਸ ਆ ਕੇ ਤਿੰਨਾਂ ਨੇ ਆਪੋ-ਆਪਣੀ ਤਲਾਈ ਉਤੋਂ ਨੋਟ ਵਿਛਾ ਦਿੱਤੇ ਤੇ
ਉਪਰੋਂ ਚਾਦਰ ਵਿਛਾ ਕੇ ਸੁੱਤੇ। ਜੋ ਲੁਤਫ਼ ਉਨ੍ਹਾਂ 987 ਰੁਪਇਆਂ ਦਾ ਆਇਆ ਸੀ, ਉਹ ਲੱਖਾਂ ਵਾਲੀਆਂ ਤਨਖ਼ਾਹਾਂ ਨਾਲ ਵੀ ਨਹੀਂ ਆਇਆ। ਅਗਲੇ ਸ਼ਨਿਚਰਵਾਰ ਬਕਾਇਆ ਪੈਸੇ ਲੈ ਕੇ ਪਿੰਡ ਪੁੱਜਾ ਤੇ ਬਚੀ ਹੋਈ ਤਨਖ਼ਾਹ ਮਾਂ ਦੀ ਤਲ਼ੀ ’ਤੇ ਰੱਖ ਦਿੱਤੀ।
ਸੰਪਰਕ: 98728-43491