ਮਿਨੀ ਕਹਾਣੀ ‘ਫੋਰਥ ਜੈਂਡਰ’ ਨੂੰ ਪਹਿਲਾ ਸਥਾਨ
ਖੇਤਰੀ ਪ੍ਰਤੀਨਿਧ
ਸੰਗਰੂਰ, 30 ਅਗਸਤ
ਮਿਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਕਰਵਾਏ ਗਏ 34ਵੇਂ ਅੰਤਰਰਾਜੀ ਮਿਨੀ ਕਹਾਣੀ ਮੁਕਾਬਲੇ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਗੁਰਮੀਤ ਸਿੰਘ ਮਰਾਹੜ ਦੀ ਮਿਨੀ ਕਹਾਣੀ ‘ਫੋਰਥ ਜੈਂਡਰ’ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਦੂਜਾ ਸਥਾਨ ਤਰਸੇਮ ਗੋਪੀਕਾ ਦੀ ਕਹਾਣੀ ‘ਅਹਿਸਾਸ’ ਅਤੇ ਡਾਕਟਰ ਸੰਦੀਪ ਰਾਣਾ ਦੀ ਮਿਨੀ ਕਹਾਣੀ ‘ਮਾਂ ਦੀਆਂ ਯਾਦਾਂ’ ਤੀਸਰੇ ਸਥਾਨ ’ਤੇ ਰਹੀਆਂ ਹਨ। ਇਸ ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆਂ ਮੁਕਾਬਲੇ ਦੇ ਸੰਯੋਜਕ ਕੁਲਵਿੰਦਰ ਕੌਸ਼ਲ ਨੇ ਦੱਸਿਆ ਕਿ ਮਿਨੀ ਕਹਾਣੀ ਲੇਖਕ ਮੰਚ, ਪੰਜਾਬ ਵੱਲੋਂ ਆਏ ਸਾਲ ਮਿੰਨੀ ਕਹਾਣੀ ਦੇ ਪ੍ਰਚਾਰ, ਪਾਸਾਰ ਅਤੇ ਵਿਕਾਸ ਲਈ ਮਿੰਨੀ ਕਹਾਣੀ ਮੁਕਾਬਲਾ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਸਦੇ ਕਰੀਬ 55 ਲੇਖਕਾਂ ਨੇ ਇਸ ਮੁਕਾਬਲੇ ਲਈ ਆਪਣੀਆਂ ਕਰੀਬ 104 ਮਿਨੀ ਕਹਾਣੀਆਂ ਭੇਜੀਆਂ ਸਨ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ ਬਲਜੀਤ ਕੌਰ ਦੀ ‘ਇਕੋ ਕਿਸ਼ਤੀ’, ਪਰਮਜੀਤ ਕੌਰ ਸ਼ੇਖੂਪੁਰ ਕਲਾਂ ਦੀ ‘ਸਿਸਟਮ’ ਅਤੇ ਸੀਮਾ ਭਾਟੀਆ ਦੀ ‘ਅੰਨੀ ਦੌੜ’ ਨੂੰ ਉਤਸ਼ਾਹਿਤ ਇਨਾਮਾਂ ਲਈ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮੂਹ ਜੇਤੂਆਂ ਨੂੰ 5 ਅਕਤੂਬਰ 2024 ਨੂੰ ਅੰਮ੍ਰਿਤਸਰ ਵਿੱਚ ਕਰਵਾਏ ਜਾਣ ਵਾਲੇ 30ਵੇਂ ਅੰਤਰਰਾਜੀ ਮਿਨੀ ਕਹਾਣੀ ਸਮਾਗਮ ਮੌਕੇ ਇਨਾਮ ਦਿੱਤੇ ਜਾਣਗੇ।