ਚੰਡੀਗੜ੍ਹ ਵਿੱਚ ਪਹਿਲਾ ਮਾਡਲ ਆਂਗਣਵਾੜੀ-ਕਮ-ਕਰੈੱਚ ਖੁੱਲ੍ਹਿਆ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਜੁਲਾਈ
ਚੰਡੀਗੜ੍ਹ ਵਿਚ ਅੱਜ ਪਹਿਲਾ ਮਾਡਲ ਆਂਗਣਵਾੜੀ ਕਮ ਕਰੈਚ ਡੱਡੂਮਾਜਰਾ ਵਿੱਚ ਖੁੱਲ੍ਹ ਗਿਆ ਹੈ ਜਿਸ ਦਾ ਉਦਘਾਟਨ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕੀਤਾ ਹੈ। ਇਹ ਸੈਂਟਰ ਮੁੱਢਲੇ ਪੜਾਅ ਹੇਠ ਬੱਚਿਆਂ ਦੀ ਦੇਖ-ਭਾਲ ਤੇ ਆਧੁਨਿਕ ਸਿੱਖਿਆ ਦੇਣ ਅਤੇ ਭਾਰਤ ਦੇ ਸਾਲ 2047 ਤਕ ਵਿਕਸਤ ਭਾਰਤ ਦਾ ਸਟੇਟਸ ਹਾਸਲ ਕਰਨ ਦੇ ਉਦੇਸ਼ ਨਾਲ ਉਸਾਰਿਆ ਗਿਆ ਹੈ।
ਇਸ ਸੈਂਟਰ ਵਿਚ ਬੱਚਿਆਂ ਨੂੰ ਇੱਕ ਛੱਤ ਹੇਠ ਪੌਸ਼ਟਿਕ ਆਹਾਰ, ਸਹੀ ਸਮੇਂ ’ਤੇ ਟੀਕਾਕਰਨ, ਸਿਹਤ ਸੰਭਾਲ ਲਈ ਕੈਂਪ, ਸਿਹਤ ਸਿੱਖਿਆ ਮਿਲੇਗੀ। ਇਸ ਮੌਕੇ ਸ੍ਰੀ ਪੁਰੋਹਿਤ ਨੇ ਸਮਾਜਿਕ ਕਲਿਆਣ ਅਤੇ ਬੱਚਿਆਂ ਦੇ ਵਿਕਾਸ ਦੇ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੈਂਟਰ ਪ੍ਰਧਾਨ ਮੰਤਰੀ ਦੇ ਵਿਕਸਤ ਭਾਰਤ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਮੀਲਪੱਥਰ ਸਾਬਤ ਹੋਵੇਗਾ। ਇਸ ਸੈਂਟਰ ਵਿਚ ਬੱਚਿਆਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਵੰਨ-ਸਵੰਨੇ ਪਕਵਾਨ ਪਰੋਸੇ ਜਾਣਗੇ। ਇਸ ਸੈਂਟਰ ਵਿੱਚ ਬੱਚਿਆਂ ਨੂੰ ਤਣਾਅਮੁਕਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਤੇ ਉਨ੍ਹਾਂ ਨੂੰ ਪੜ੍ਹਨ ਲਈ ਸਾਜ਼ਗਾਰ ਮਾਹੌਲ ਦਿੱਤਾ ਜਾਵੇਗਾ। ਇਸ ਦੌਰਾਨ ਗਰਭਵਤੀ ਔਰਤਾਂ ਨੂੰ ਪੋਸ਼ਣ ਸਮੱਗਰੀ ਦੀ ਟੋਕਰੀ, ਪ੍ਰੀਮਿਕਸ ਖਿਚੜੀ, ਦਲੀਆ ਆਦਿ ਦੇ ਪੈਕੇਟ ਦਿੱਤੇ ਗਏ। ਇਸ ਤੋਂ ਬਾਅਦ ਛੇ ਮਹੀਨੇ ਦੇ ਬੱਚਿਆਂ ਨੂੰ ਸੂਜੀ ਦੀ ਖੀਰ ਦਿੱਤੀ ਗਈ।
ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ, ਸਕੱਤਰ ਹਰਗੁਨਜੀਤ ਕੌਰ ਤੇ ਹੋਰ ਅਧਿਕਾਰੀ ਮੌਜੂਦ ਸਨ। ਸ੍ਰੀ ਪੁਰੋਹਿਤ ਨੇ ਦੱਸਿਆ ਕਿ ਬੱਚਿਆਂ ਦੀ ਸੰਭਾਲ ’ਚ ਆਂਗਣਵਾੜੀ ਵਰਕਰਾਂ ਤੇ ਅਧਿਆਪਕਾਂ ਦਾ ਮੁੱਖ ਰੋਲ ਹੁੰਦਾ ਹੈ ਤੇ ਉਹ ਬੱਚਿਆਂ ਨੂੰ ਚੰਗੇ ਗੁਣ ਤੇ ਸਿੱਖਿਆ ਦੇ ਕੇ ਸਹੀ ਪਾਸੇ ਲਾ ਸਕਦੇ ਹਨ।