ਅਕਾਲ ਤਖ਼ਤ ਵੱਲੋਂ ਕਾਇਮ ਅਕਾਲੀ ਦਲ ਦੀ ਭਰਤੀ ਕਮੇਟੀ ਦੀ ਪਲੇਠੀ ਮੀਟਿੰਗ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਫਰਵਰੀ
ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਦੋ ਮਹੀਨੇ ਪਹਿਲਾਂ ਕਾਇਮ ਕੀਤੀ ਸੱਤ ਮੈਂਬਰੀ ਕਮੇਟੀ ਦੀ ਪਲੇਠੀ ਮੀਟਿੰਗ ਅੱਜ ਇੱਥੇ ਬਹਾਦਰਗੜ੍ਹ ’ਚ ਹੋਈ। ਢਾਈ ਘੰਟੇ ਚੱਲੀ ਮੀਟਿੰਗ ਦੌਰਾਨ ਬਾਦਲ ਦਲ ਵੱਲੋਂ ਸ਼ੁਰੂ ਕੀਤੀ ਭਰਤੀ ਸਣੇ ਕੁਝ ਹੋਰ ਪਹਿਲੂਆਂ ਬਾਰੇ ਵੀ ਚਰਚਾ ਹੋਈ। ਅਧਿਕਾਰਤ ਤੌਰ ’ਤੇ ਇਸ ਮੀਟਿੰਗ ’ਚ ਕੇਵਲ ਇਸ ਮੱਦ ’ਤੇ ਹੀ ਸਹਿਮਤੀ ਬਣੀ ਕਿ 11 ਫਰਵਰੀ ਨੂੰ ਇੱਥੇ ਅਗਲੀ ਮੀਟਿੰੰਗ ਸੱਦ ਕੇ ਉਸ ’ਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਵਜੋਂ ਬਲਵਿੰਦਰ ਸਿੰਘ ਭੂੰਦੜ ਨੂੰ ਸੱਦਿਆ ਜਾਵੇਗਾ। ਉਨ੍ਹਾਂ ਤੋਂ ਪੁੱੱਛਿਆ ਜਾਵੇਗਾ ਕਿ ਕੀ ਸ਼੍ਰੋਮਣੀ ਅਕਾਲੀ ਦਲ 2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਸੱੱਤ ਮੈਂਬਰੀ ਕਮੇਟੀ ਨੂੰ ਹੋਏ ਹੁਕਮ ਮੁਤਾਬਿਕ ਭਰਤੀ ਪ੍ਰਕਿਰਿਆ ਸ਼ੁਰੂ ਕਰਨਾ ਚਾਹੁੰਦਾ ਹੈ। ਇੱਥੇ ਕਸਬਾ ਬਹਾਦਰਗੜ੍ਹ ਵਿੱਚ ਸਥਿਤ ਸ਼੍ਰੋਮਣੀ ਕਮੇਟੀ ਦੇ ਅਕਾਦਮਿਕ ਟ੍ਰੇਨਿੰਗ ਸੈਂਟਰ ‘ਟੌਹੜਾ ਇੰਸਟੀਚਿਊਟ’ ਵਿੱਚ ਹੋਈ ਮੀਟਿੰਗ ਦੀ ਪ੍ਰਧਾਨਗੀ ਭਰਤੀ ਕਮੇਟੀ ਦੇ ਮੁਖੀ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ (ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਕੀਤੀ। ਇਸ ਦੌਰਾਨ ਕਮੇਟੀ ਦੇ ਬਾਕੀ ਛੇ ਮੈਂਬਰਾਂ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਮਨਪ੍ਰੀਤ ਸਿੰਘ ਇਆਲ਼ੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੇਦਪੁਰ, ਇਕਬਾਲ ਸਿੰਘ ਝੂੰਦਾਂ ਅਤੇ ਬੀਬੀ ਸਤਵੰਤ ਕੌਰ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਮਗਰੋਂ ਸ੍ਰੀ ਧਾਮੀ ਨੇ ਵਿਸ਼ੇਸ਼ ਤੌਰ ’ਤੇ ਆਖਿਆ ਕਿ 11 ਫਰਵਰੀ ਵਾਲ਼ੀ ਮੀਟਿੰਗ ਦੇ ਜੋ ਵੀ ਸਿੱਟੇ ਹੋਣਗੇ, ਉਹ ਬਾਕਾਇਦਾ ਸਾਂਝੇ ਕੀਤੇ ਜਾਣਗੇ। ਸ੍ਰੀ ਧਾਮੀ ਨੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਇਕਜੁੱਟਤਾ ’ਤੇ ਜ਼ੋਰ ਦਿੱਤਾ। ਗੁਰਪ੍ਰ੍ਰਤਾਪ ਵਡਾਲਾ ਨੇ ਕਿਹਾ ਕਿ ਹੁਕਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ।