For the best experience, open
https://m.punjabitribuneonline.com
on your mobile browser.
Advertisement

ਤਿਵਾੜੀ ਦੇ ਹੱਕ ਵਿੱਚ ਕਾਂਗਰਸ ਤੇ ‘ਆਪ’ ਵੱਲੋਂ ਪਹਿਲੀ ਮੀਟਿੰਗ

08:22 AM Apr 25, 2024 IST
ਤਿਵਾੜੀ ਦੇ ਹੱਕ ਵਿੱਚ ਕਾਂਗਰਸ ਤੇ ‘ਆਪ’ ਵੱਲੋਂ ਪਹਿਲੀ ਮੀਟਿੰਗ
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨੀਸ਼ ਤਿਵਾੜੀ ਅਤੇ ਕਾਂਗਰਸ ਤੇ ‘ਆਪ’ ਆਗੂ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 24 ਅਪਰੈਲ
ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਵਜੋਂ ਮਨੀਸ਼ ਤਿਵਾੜੀ ਦੇ ਨਾਮ ਦਾ ਐਲਾਨ ਹੋਣ ਤੋਂ ਇਕ ਹਫ਼ਤਾ ਬਾਅਦ ਅੰਜ ਕਾਂਗਰਸ ਤੇ ‘ਆਪ’ ਨੇ ਤਿਵਾੜੀ ਦੇ ਹੱਕ ਵਿੱਚ ਪਹਿਲੀ ਚੋਣ ਮੀਟਿੰਗ ਕੀਤੀ। ਇਹ ਮੀਟਿੰਗ ਸੈਕਟਰ-35 ਦੇ ਇਕ ਹੋਟਲ ਵਿੱਚ ਹੋਈ। ਇਸ ਮੀਟਿੰਗ ਵਿੱਚ ‘ਆਪ’ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ, ਸਹਿ-ਇੰਚਾਰਜ ਡਾ. ਸੰਨੀ ਆਹਲੂਵਾਲੀਆ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ, ‘ਇੰਡੀਆ’ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ, ਮੇਅਰ ਕੁਲਦੀਪ ਕੁਮਾਰ, ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਅਤੇ ਕਾਂਗਰਸ ਤੇ ‘ਆਪ’ ਦੇ ਕੌਂਸਲਰਾਂ ਤੋਂ ਇਲਾਵਾ ਹੋਰ ਆਗੂ ਮੌਜੂਦ ਸਨ। ਇਸ ਮੌਕੇ ਕਾਂਗਰਸ ਤੇ ‘ਆਪ’ ਵੱਲੋਂ ਸਾਂਝੇ ਤੌਰ ’ਤੇ ਲੋਕ ਸਭਾ ਚੋਣਾਂ ਸਬੰਧੀ ਰਣਨੀਤੀ ਉਲੀਕੀ ਗਈ।
ਇਸ ਦੌਰਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਜਪਾ ਵੱਲੋਂ ਦੇਸ਼ ਵਿੱਚ ਸੰਵਿਧਾਨ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ‘ਇੰਡੀਆ’ ਗੱਠਜੋੜ ਵੱਲੋਂ ਬੇਰੁਜ਼ਗਾਰੀ, ਮਹਿੰਗਾਈ, ਕਿਸਾਨੀ ਤੇ ਸੰਵਿਧਾਨ ਨੂੰ ਬਚਾਉਣ ਵਰਗੇ ਮੁੱਦਿਆਂ ’ਤੇ ਚੋਣ ਲੜੀ ਜਾ ਰਹੀ ਹੈ। ਭਾਜਪਾ ਵੱਲੋਂ ਦੇਸ਼ ਵਿੱਚ ਤਾਨਾਸ਼ਾਹੀ ਨਾਲ ਵਿਰੋਧੀਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਜਿਸ ਬਾਰੇ ਦੇਸ਼ ਦੇ ਲੋਕ ਸਭ ਜਾਣਦੇ ਹਨ। ਦੇਸ਼ ਦੇ ਲੋਕ ਭਾਜਪਾ ਦੇ ਤਾਨਾਸ਼ਾਹ ਰਵੱਈਏ ਦਾ ਜਵਾਬ ‘ਇੰਡੀਆ’ ਗੱਠਜੋੜ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਦੇਣਗੇ। ਇਸ ਵਾਰ ਭਾਜਪਾ ਨੂੰ 150 ਤੋਂ ਵੀ ਘੱਟ ਸੀਟਾਂ ਮਿਲਣਗੀਆਂ। ਸ੍ਰੀ ਤਿਵਾੜੀ ਨੇ ਕਿਹਾ ਕਿ ਭਾਜਪਾ ਨੇ ਮਗਨਰੇਗਾ ਤੇ ਕਿਸਾਨੀ ਨੂੰ ਤਬਾਹ ਕਰ ਦਿੱਤਾ ਹੈ। ਮਗਨਰੇਹਾ ਦਾ ਬਜਟ 33 ਹਜ਼ਾਰ ਕਰੋੜ ਰੁਪਏ ਤੋਂ ਘਟਾ ਕੇ 9,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੇਸ਼ ਦੇ 65 ਫ਼ੀਸਦ ਲੋਕ ਖੇਤੀਬਾੜੀ ’ਤੇ ਨਿਰਭਰ ਕਰਦੇ ਹਨ, ਪਰ ਭਾਜਪਾ ਖੇਤੀ ਖੇਤਰ ਨੂੰ ਵੀ ਤਬਾਹ ਕਰਨ ਲੱਗੀ ਹੋਈ ਹੈ। ‘ਇੰਡੀਆ’ ਗੱਠਜੋੜ ਹਰੇਕ ਖੇਤਰ ਦੇ ਲੋਕਾਂ ਦੇ ਹਿੱਤ ਵਿੱਚ ਫੈਸਲੇ ਲਵੇਗਾ। ‘ਆਪ’ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਨੂੰ ਪੂਰੀ ਦੁਨੀਆ ਵਿੱਚ ਸਿਟੀ ਬਿਊਟੀਫੁੱਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਪਰ ਜਨਵਰੀ ਮਹੀਨੇ ਵਿੱਚ ਮੇਅਰ ਚੋਣ ਦੌਰਾਨ ਭਾਜਪਾ ਵੱਲੋਂ ਮੇਅਰ ਕੁਲਦੀਪ ਕੁਮਾਰ ਦੀਆਂ ਅੱਠ ਵੋਟਾਂ ਨੂੰ ਗਲਤ ਤਰੀਕੇ ਨਾਲ ਰੱਦ ਕਰਵਾ ਕੇ ਚੰਡੀਗੜ੍ਹ ਦੀ ਪੂਰੀ ਦੁਨੀਆ ਵਿੱਚ ਬਦਨਾਮੀ ਕਰਵਾਈ ਗਈ ਹੈ, ਇਸ ਲਈ ਚੰਡੀਗੜ੍ਹ ਵਾਸੀ ਭਾਜਪਾ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਚੰਡੀਗੜ੍ਹ ਵਾਸੀ ਚੋਣਾਂ ਵਿੱਚ ਭਾਜਪਾ ਦਾ ਸਫਾਇਆ ਕਰ ਦੇਣਗੇ ਅਤੇ ਗੱਠਜੋੜ ਦੇ ਉਮੀਦਵਾਰ ਨੂੰ ਵੱਡੇ ਫ਼ਰਕ ਨਾਲ ਜਿਤਾਉਣਗੇ।

Advertisement

ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ ਰਹੇ ਗੈਰਹਾਜ਼ਰ

ਚੰਡੀਗੜ੍ਹ ਵਿੱਚ ਅੱਜ ‘ਇੰਡੀਆ’ ਗੱਠਜੋੜ ਦੇ ਉਮੀਦਾਵਰਾ ਮਨੀਸ਼ ਤਿਵਾੜੀ ਦੇ ਹੱਕ ਵਿੱਚ ਕਾਂਗਰਸ ਤੇ ‘ਆਪ’ ਆਗੂਆਂ ਵਿਚਾਲੇ ਹੋਈ ਮੀਟਿੰਗ ਵਿੱਚੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਗੈਰ-ਹਾਜ਼ਰ ਰਹੇ। ਇਸ ਬਾਰੇ ਸ੍ਰੀ ਤਿਵਾੜੀ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਪਵਨ ਕੁਮਾਰ ਬਾਂਸਲ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਹਨ, ਇਸ ਲਈ ਸ੍ਰੀ ਬਾਂਸਲ ਲਣੇ ਹੋਰ ਨਾਰਾਜ਼ ਹੋਏ ਆਗੂਆਂ ਨੂੰ ਜਲਦੀ ਹੀ ਮਨਾ ਲਿਆ ਜਾਵੇਗਾ ਅਤੇ ਉਹ ਕਾਂਗਰਸ ਲਈ ਪ੍ਰਚਾਰ ਕਰਨਗੇ।

Advertisement
Author Image

sukhwinder singh

View all posts

Advertisement
Advertisement
×