ਪੱਤਰਕਾਰੀ ਦਾ ਪਹਿਲਾ ਸਬਕ
ਮੈਨੂੰ ਪੜ੍ਹਨ ਦਾ ਸ਼ੌਕ ਸਕੂਲ ਵਿੱਚ ਹੀ ਜਾਗ ਪਿਆ ਸੀ। ਸਾਡੇ ਅਧਿਆਪਕ ਉੱਘੇ ਕਹਾਣੀਕਾਰ ਡਾ. ਮਨਮੋਹਨ ਸਿੰਘ ਤੀਰ ਨੇ ਸਾਨੂੰ ਕਿਤਾਬਾਂ ਨਾਲ ਜੋੜ ਦਿੱਤਾ ਸੀ। ਪੜ੍ਹਨ ਦੇ ਸ਼ੌਕ ਨੇ ਅਖ਼ਬਾਰਾਂ ਰਸਾਲਿਆਂ ਦੇ ਪੰਨੇ ਫਰੋਲਣ ਲਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਇਸ ਸ਼ੌਕ ਦੀ ਪੂਰਤੀ ਵਾਸਤੇ ਵਿਸ਼ਾਲ ਲਾਇਬ੍ਰੇਰੀ ਸੀ। ਅਸੀਂ ਤਿੰਨ ਚਾਰ ਦੋਸਤ ਪੂਰਾ ਇੱਕ ਪੀਰੀਅਡ ਅਖ਼ਬਾਰਾਂ ਰਸਾਲੇ ਪੜ੍ਹਨ ਦੇ ਲੇਖੇ ਲਾਉਂਦੇ। ਜਿਹੜੀ ਕਿਤਾਬ ਪਸੰਦ ਆਉਂਦੀ ਉਹ ਘਰ ਲਿਜਾ ਕੇ ਪੜ੍ਹਦੇ। ਕਾਲਜ ਵੇਲੇ ਮੇਰੀ ਪਹਿਲੀ ਪਸੰਦ ਅਖ਼ਬਾਰ ‘ਪੰਜਾਬੀ ਟ੍ਰਿਬਿਊਨ’ ਬਣ ਗਿਆ। ਇਸ ਦਾ ਮੁੱਖ ਕਾਰਨ ਇਹ ਸੀ ਕਿ ਇਸ ਵਿੱਚ ਪ੍ਰਕਾਸ਼ਿਤ ਹੁੰਦਾ ਮੈਟਰ ਮੇਰੇ ਦਿਲ ਦੀਆਂ ਗਹਿਰਾਈਆਂ ਤੱਕ ਲਹਿ ਜਾਂਦਾ। ਸਾਹਿਤ ਅਤੇ ਸੱਭਿਆਚਾਰ ਦਾ ਪ੍ਰੇਮੀ ਹੋਣ ਕਰਕੇ ਵਿਰਾਸਤੀ ਗੱਲਾਂ-ਬਾਤਾਂ ਬਹੁਤ ਪ੍ਰਭਾਵਿਤ ਕਰਦੀਆਂ। ਇਸ ਦੀ ਪ੍ਰੇਰਨਾ ਸਦਕਾ ਮੈਂ ਪੜ੍ਹਨ ਦੇ ਨਾਲ ਨਾਲ ਲਿਖਣ ਵੱਲ ਨੂੰ ਵੀ ਹੋ ਤੁਰਿਆ। ਐਸੀ ਲਗਨ ਲੱਗੀ ਕਿ ਅੱਜ ਤੱਕ ਇਸ ਦਾ ਸੰਗ ਨਿਭਾ ਰਿਹਾ ਹਾਂ। ਪੜ੍ਹਨ ਦੇ ਸ਼ੌਕ ਨੇ ਕਲਮ ਵੀ ਚੁਕਾ ਦਿੱਤੀ। ਪਹਿਲੀ ਰਚਨਾ ਨੌਵੀਂ ਵਿੱਚ ਪੜ੍ਹਦਿਆਂ ਸਰਕਾਰੀ ਹਾਈ ਸਕੂਲ ਮੈਲੀ ਵਿੱਚ ਘੜ ਲਈ ਸੀ।
ਕਾਲਜ ਦੀ ਲਾਇਬ੍ਰੇਰੀ ਵਿੱਚੋਂ ਪੜ੍ਹੀਆਂ ਪੁਸਤਕਾਂ ਨੇ ਮੇਰੇ ਅੰਦਰ ਸਾਹਿਤਕਾਰਾਂ ਨੂੰ ਮਿਲਣ ਦੀ ਰੁਚੀ ਪੈਦਾ ਕਰ ਦਿੱਤੀ। ਲਗਦੀ ਵਾਹ ਸਾਹਿਤਕ ਸਭਾਵਾਂ ਵਿੱਚ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ। ਉੱਥੇ ਉੱਘੇ ਸਾਹਿਤਕਾਰਾਂ ਨਾਲ ਖੁੱਲ੍ਹੀਆਂ ਗੱਲਾਂ ਕਰਨ ਦਾ ਮੌਕਾ ਮਿਲਦਾ ਰਹਿੰਦਾ। 1987 ਵਿੱਚ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਦੀ ਸਥਾਪਨਾ ਕੀਤੀ ਤਾਂ ਇੰਦਰਜੀਤ ਹਸਨਪਰੀ, ਗੁਰਭਜਨ ਗਿੱਲ, ਪ੍ਰਕਾਸ਼ ਕੌਰ, ਰਣਧੀਰ ਸਿੰਘ ਚੰਦ, ਦਵਿੰਦਰ ਜੋਸ਼, ਡਾ. ਜਗਤਾਰ ਵਰਗਿਆਂ ਦੀ ਸੰਗਤ ਨਸੀਬ ਹੋਣ ਲੱਗੀ। ਐਸ. ਅਸ਼ੋਕ ਭੌਰਾ ਦੀਆ ਲਿਖਤਾਂ ਪੜ੍ਹ ਕੇ ਪੱਤਰਕਾਰੀ ਦਾ ਸ਼ੌਕ ਵੀ ਜਾਗ ਪਿਆ।
ਗੱਲ 1986-87 ਦੀ ਹੈ। ਮੈਂ ਇਸ ਸੈਸ਼ਨ ਦੌਰਾਨ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ ਬੀ.ਐੱਡ. ਕਰ ਰਿਹਾ ਸੀ। ਬੈਂਕਿੰਗ ਸਰਵਿਸ ਰਕਰੂਟਮੈਂਟ ਬੋਰਡ ਦਾ ਟੈਸਟ ਦੇਣ ਲਈ ਚੰਡੀਗੜ੍ਹ ਗਿਆ ਹੋਇਆ ਸੀ। ਮਨ ਕੀਤਾ ਕਿ ‘ਪੰਜਾਬੀ ਟ੍ਰਿਬਿਊਨ’ ਦੀ ਰਿਪੋਰਟਰੀ ਲਈ ਸੰਪਾਦਕ ਨੂੰ ਬੇਨਤੀ ਕੀਤੀ ਜਾਵੇ। ਟ੍ਰਿਬਿਊਨ ਦਫ਼ਤਰ ਦੇ ਮੇਨ ਗੇਟ ’ਤੇ ਨਾਮ ਲਿਖਵਾ ਕੇ ਅੰਦਰ ਪੁੱਜਾ ਤਾਂ ਇੰਟਰਕਾਮ ਵਾਲਿਆਂ ਨੇ ਸੰਪਾਦਕ ਨੂੰ ਮਿਲਣ ਵਾਸਤੇ ਉੱਪਰ ਦੂਜੀ ਮੰਜ਼ਿਲ ’ਤੇ ਭੇਜ ਦਿੱਤਾ। ਮੈਂ ਦਫਤਰ ਦੇ ਦਰਵਾਜ਼ੇ ’ਤੇ ਪੁੱਜਾ ਹੀ ਸੀ ਕਿ ‘ਪੰਜਾਬੀ ਟ੍ਰਿਬਿਊਨ’ ਦੇ ਤਤਕਾਲੀ ਸੰਪਾਦਕ ਆਪਣੇ ਦਫਤਰ ਤੋਂ ਬਾਹਰ ਨਿਕਲ ਰਹੇ ਸਨ। ਮੈਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਆਪਣੇ ਆਉਣ ਦਾ ਮਨੋਰਥ ਦੱਸਿਆ। ਉਨ੍ਹਾਂ ਝੱਟ ਕਿਹਾ, ‘‘ਹੁਣ ਲੰਚ ਟਾਈਮ ਹੋ ਗਿਆ ਹੈ, ਚਲੋ ਘਰ ਚੱਲਦੇ ਆਂ ਉੱਥੇ ਬੈਠ ਕੇ ਗੱਲ ਕਰਦੇ ਆਂ।’’
ਪੌੜੀਆਂ ਤੋਂ ਹੇਠਾਂ ਉਤਰਦਿਆਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਨਾਲ ਇੱਕ ਹੋਰ ਸਾਥੀ ਵੀ ਹੈ ਤਾਂ ਉਨ੍ਹਾਂ ਕਿਹਾ ‘ਉਸ ਨੂੰ ਵੀ ਲੈ ਆ’। ਅਸੀਂ ਦੋਵੇਂ ਮਿੱਤਰ ਉਨ੍ਹਾਂ ਦੀ ਕਾਰ ਵਿੱਚ ਬੈਠ ਕੇ ਘਰ ਨੂੰ ਚੱਲ ਪਏ। ਗੱਡੀ ਵਿੱਚ ਜਾਂਦਿਆਂ ਉਨ੍ਹਾਂ ਮਾਹਿਲਪੁਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਖ਼ਾਸਕਰ ਮਾਹਿਲਪੁਰ ਕਾਲਜ ਬਾਰੇ। ਉਹ ਇਸ ਕਾਲਜ ਦੇ ਵਿਦਿਆਰਥੀ ਰਹੇ ਹੋਣ ਕਰਕੇ ਇਸ ਸੰਸਥਾ ਨੂੰ ਆਪਣੀਆਂ ਲਿਖਤਾਂ ਵਿੱਚ ਯੂਨੀਵਰਸਿਟੀ ਦਾ ਨਾਮ ਦਿੰਦੇ ਹਨ। ਪ੍ਰਿੰਸੀਪਲ ਹਰਭਜਨ ਦਾ ਆਦਰ ਮਾਣ ਅੱਜ ਤਕ ਵੀ ਉਹਨਾਂ ਅੰਦਰ ਕਾਇਮ ਹੈ।
ਉਨ੍ਹਾਂ ਨਾਲ ਪੱਤਰਕਾਰੀ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਉਨ੍ਹਾਂ ਦੱਸਿਆ ਕਿ ਤੈਨੂੰ ਖ਼ਬਰਾਂ ਦੀ ਬਣਤਰ ਦਾ ਅਧਿਐਨ ਕਰਨਾ ਹੋਵੇਗਾ। ਹਰ ਖ਼ਬਰ ਨੂੰ ਛਾਣਬੀਣ ਕਰਨ ਉਪਰੰਤ ਹੀ ਭੇਜਣਾ ਹੈ। ਇਹ ਅੱਧੇ ਪੌਣੇ ਘੰਟੇ ਦੀ ਕਲਾਸ ਮੇਰੇ ਜੀਵਨ ਦੀ ਬੁਨਿਆਦ ਬਣ ਗਈ। ਖ਼ੈਰ, ਵਾਪਸ ਦਫ਼ਤਰ ਆ ਕੇ ਉਨ੍ਹਾਂ ਮੈਨੂੰ ਤਿੰਨ ਮਹੀਨੇ ਦਾ ਨਿਯੁਕਤੀ ਪੱਤਰ ਦੇ ਦਿੱਤਾ। ਉਹ ਮੇਰੀ ਹਰ ਖ਼ਬਰ ’ਤੇ ਨਜ਼ਰ ਰੱਖਦੇ। ਕੋਈ ਕਮੀ ਹੁੰਦੀ ਤਾਂ ਝੱਟ ਪੱਤਰ ਰਾਹੀਂ ਅਗਵਾਈ ਦਿੰਦੇ। ਪੱਤਰਕਾਰੀ ਦੇ ਖੇਤਰ ਵਿੱਚ ਨਵਾਂ ਹੋਣ ਕਰਕੇ ਮੈਨੂੰ ਏਨਾ ਗਿਆਨ ਹੀ ਨਹੀਂ ਸੀ ਕਿ ਮੈਂ ਸਿਰਫ਼ ਮਾਹਿਲਪੁਰ ਹਲਕੇ ਦੀਆਂ ਹੀ ਖ਼ਬਰਾਂ ਭੇਜ ਸਕਦਾ ਹਾਂ। ਇਸ ਤਰ੍ਹਾਂ ਉਨ੍ਹਾਂ ਮੇਰੀ ਪੱਤਰਕਾਰੀ ਦੀ ਹਰ ਸ਼ਾਖ ਨੂੰ ਕਾਂਟ ਛਾਂਟ ਕਰਕੇ ਸ਼ਿੰਗਾਰਿਆ ਤੇ ਸੰਵਾਰਿਆ। ਉਨ੍ਹਾਂ ਵੱਲੋਂ ਸਿਖਾਏ ਪੱਤਰਕਾਰੀ ਦੇ ਸਬਕਾਂ ਨੇ ਸਾਹਿਤਕ ਪੱਤਰਕਾਰੀ ਦੇ ਰਾਹ ਪਾ ਦਿੱਤਾ। 1995 ਤੋਂ ਸ਼ੁਰੂ ਕੀਤਾ ਬੱਚਿਆਂ ਦਾ ਰਸਾਲਾ ‘ਨਿੱਕੀਆਂ ਕਰੂੰਬਲਾਂ’ ਨਿਰੰਤਰ ਛਪਣ ਕਰਕੇ ਇੰਡੀਆ ਬੁਕ ਆਫ ਰਿਕਾਰਡਜ਼ ਵਿੱਚ ਸ਼ਾਮਲ ਹੋ ਚੁੱਕਾ ਹੈ। ਇਸ ਤਰ੍ਹਾਂ ਮੇਰੇ ਸਾਹਿਤਕ ਜੀਵਨ ਦੀ ਸ਼ੁਰੂਆਤ ‘ਪੰਜਾਬੀ ਟ੍ਰਿਬਿਊਨ’ ਸਦਕਾ ਹੋਈ।
ਬਲਜਿੰਦਰ ਮਾਨ, ਈ-ਮੇਲ