For the best experience, open
https://m.punjabitribuneonline.com
on your mobile browser.
Advertisement

ਪਹਿਲਾਂ ਜਾਅਲੀ ਅਧਿਕਾਰੀ ਬਣ ਕੇ 25 ਲੱਖ ਲੁੱਟੇ, ਫੇਰ ਜਾਅਲੀ ਜ਼ਮਾਨਤ ਕਰਵਾਈ

07:48 AM Jul 30, 2024 IST
ਪਹਿਲਾਂ ਜਾਅਲੀ ਅਧਿਕਾਰੀ ਬਣ ਕੇ 25 ਲੱਖ ਲੁੱਟੇ  ਫੇਰ ਜਾਅਲੀ ਜ਼ਮਾਨਤ ਕਰਵਾਈ
ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਅਦਾਲਤ ਦੇ ਹੁਕਮਾਂ ਦੀ ਕਾਪੀ ਦਿਖਾਉਂਦੇ ਹੋਏ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 29 ਜੁਲਾਈ
ਨੇੜਲੇ ਪਿੰਡ ਰੋਹਣੋਂ ਖੁਰਦ ’ਚ ਆਬਕਾਰੀ ਅਧਿਕਾਰੀ ਬਣ ਕੇ 25 ਲੱਖ ਰੁਪਏ ਲੁੱਟਣ ਦੇ ਮਾਮਲੇ ’ਚ ਨਾਮਜ਼ਦ ਮੁਲਜ਼ਮ ਰਜਨੀਸ਼ ਕੁਮਾਰ ਤੇ ਉਸਦੀ ਪਤਨੀ ਮੰਜੂ ਵਾਸੀ ਵਾਰਡ ਨੰਬਰ 13, ਜੈਨ ਸਟਰੀਟ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ, ਹੋਰ ਨਾਮਲੂਮ ਵਿਅਕਤੀਆਂ ਖ਼ਿਲਾਫ਼ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਜ਼ਮਾਨਤ ਦੇ ਕੇ ਰਿਹਾਅ ਕਰਵਾਉਣ ਦੇ ਮਾਮਲੇ ’ਚ ਅਦਾਲਤ ਨੇ ਇੱਕ ਹੋਰ ਮਾਮਲਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਹਨ।
ਅਦਾਲਤ ਨੇ ਥਾਣਾ ਸਿਟੀ 1 ਪੁਲੀਸ ਨੂੰ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੋਵਾਂ ’ਤੇ ਦੋਸ਼ ਹੈ ਕਿ ਰਜਨੀਸ਼ ਨੇ ਜ਼ਮਾਨਤ ਲੈਣ ਵੇਲੇ ਅਦਾਲਤ ’ਚ ਫਰਜ਼ੀ ਦਸਤਾਵੇਜ਼ ਤੇ ਫ਼ਰਜ਼ੀ ਗਵਾਹ ਪੇਸ਼ ਕੀਤੇ ਗਏ, ਜਿਸ ’ਚ ਉਸ ਦੀ ਪਤਨੀ ਨੇ ਬਤੌਰ ਗਵਾਹ ਜ਼ਮਾਨਤਾਂ ਨੂੰ ਤਸਦੀਕ ਕਰ ਕੇ ਉਨ੍ਹਾਂ ਦਾ ਸਾਥ ਦਿੱਤਾ ਸੀ। ਦੱਸ ਦੇਈਏ ਕਿ ਸਾਲ 2022 ਵਿੱਚ ਪੁਲੀਸ ਨੇ ਰਜਨੀਸ਼ ਕੁਮਾਰ ਨੂੰ 25 ਲੱਖ ਰੁਪਏ ਦੀ ਲੁੱਟ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਅਦਾਲਤ ਦੇ ਹੁਕਮਾਂ ’ਤੇ ਮੁਲਜ਼ਮ ਨੂੰ 1-1 ਲੱਖ ਰੁਪਏ ਦੇ ਨਿੱਜੀ ਮੁਚੱਲਕੇ ’ਤੇ ਦੋ ਜ਼ਮਾਨਤਾਂ ਦਿੱਤੀਆਂ ਗਈਆਂ। ਇਸ ਮਗਰੋਂ ਉਹ ਜੇਲ੍ਹ ਵਿੱਚੋਂ ਬਾਹਰ ਆ ਗਿਆ ਸੀ ‌ਪਰ ਉਸ ਦੀ ਜ਼ਮਾਨਤ ਫਰਜ਼ੀ ਪਾਈ ਗਈ। ਹੁਣ ਅਦਾਲਤ ਨੇ ਰਜਨੀਸ਼ ਦੀ ਸ਼ਨਾਖਤ ਲਈ ਫਰਜ਼ੀ ਜ਼ਮਾਨਤ ਦੇਣ ਤੇ ਉਸ ਦੀ ਪਤਨੀ ਮੰਜੂ ਤੇ ਹੋਰ ਨਾਮਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਰਾਜਵੰਤ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਮਹਿੰਦੀਪੁਰ ਦੀ ਦੋ ਪਿੰਡਾਂ ’ਚ ਵਾਹੀਯੋਗ ਜ਼ਮੀਨ ਹੈ। ਮੁਲਜ਼ਮਾਂ ਨੇ ਰਾਜਵੰਤ ਸਿੰਘ ਤੇ ਹਰਬੰਤ ਸਿੰਘ ਵਾਸੀ ਕਿਸ਼ਨਗੜ੍ਹ ਦੀ ਜ਼ਮੀਨ ਦੀ ਫਰਦ ਕਢਵਾ ਕੇ ਉਨ੍ਹਾਂ ਦੇ ਜਾਅਲੀ ਆਧਾਰ ਕਾਰਡ ਬਣਾ ਕੇ ਖੰਨਾ ਅਦਾਲਤ ’ਚ ਰਜਨੀਸ਼ ਕੁਮਾਰ ਦੀ ਜ਼ਮਾਨਤ ਕਰਵਾ ਦਿੱਤੀ ਗਈ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ ਤੇ ਅਦਾਲਤ ਤੋਂ ਇਨਸਾਫ ਦੀ ਮੰਗ ਕੀਤੀ। ਐੱਸਐੱਚਓ ਰਾਉਵਰਿੰਦਰ ਸਿੰਘ ਨੇ ਕਿਹਾ ਕਿ ਅਦਾਲਤ ਵੱਲੋਂ ਭੇਜੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਕਿਹਾ ਕਿ ਖੰਨਾ ’ਚ ਇਹ ਗਰੋਹ ਪਹਿਲਾਂ ਵੀ ਕਾਫੀ ਸਰਗਰਮ ਸੀ, ਗਰੋਹ ਵੱਲੋਂ ਤਹਿਸੀਲਦਾਰ ਦੇ ਜਾਅਲੀ ਦਸਤਖ਼ਤ ਤੇ ਜਾਅਲੀ ਮੋਹਰਾਂ ਲਗਾ ਕੇ, ਪਟਵਾਰੀਆਂ ਦੀਆਂ ਜਾਅਲੀ ਰਿਪੋਰਟਾਂ ਕਰਕੇ ਜ਼ਮਾਨਤਾਂ ਦਿੱਤੀਆਂ ਗਈਆਂ ਸਨ।

Advertisement

Advertisement
Advertisement
Author Image

sukhwinder singh

View all posts

Advertisement