ਝੋਨੇ ਦੇ ਪੁਖ਼ਤਾ ਖਰੀਦ ਪ੍ਰਬੰਧਾਂ ਤੱਕ ਪੱਕੇ ਮੋਰਚੇ ਜਾਰੀ ਰਹਿਣਗੇ: ਭੁਟਾਲ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 26 ਅਕਤੂਬਰ
ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧਾਂ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ 10ਵੇਂ ਦਿਨ ਵੀ ਟੌਲ ਪਲਾਜ਼ਾ ਕਾਲਾਝਾੜ ਨੂੰ ਪਰਚੀ ਮੁਫ਼ਤ ਕਰਕੇ ਧਰਨਾ ਜਾਰੀ ਰੱਖਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਦਾ ਅੰਨਦਾਤਾ ਮੰਡੀਆਂ ਵਿੱਚ ਰੁਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਦੇ ਪੁਖ਼ਤਾ ਪ੍ਰਬੰਧ ਅਤੇ ਡੀਏਪੀ ਖਾਦ ਦੀ ਘਾਟ ਪੂਰੀ ਕਰਨ ਸਮੇਤ ਅੱਠ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਸਾਰੇ ਪੰਜਾਬ ਵਿੱਚ ਮੋਰਚੇ ਜਾਰੀ ਰਹਿਣਗੇ। ਇਸ ਮੌਕੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਬਲਾਕ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਬਲਾਕ ਸਕੱਤਰ ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ ਅਤੇ ਬਲਾਕ ਖਜਾਨਚੀ ਬਲਵਿੰਦਰ ਸਿੰਘ ਘਨੌੜ, ਕਸ਼ਮੀਰ ਸਿੰਘ ਆਲੋਅਰਖ, ਕਰਮ ਚੰਦ ਪੰਨਵਾਂ, ਗੁਰਚੇਤ ਸਿੰਘ ਭੱਟੀਵਾਲ, ਜਸਪਾਲ ਕੌਰ ਆਲੋਅਰਖ ਅਤੇ ਜਸਵਿੰਦਰ ਕੌਰ ਮਹਿਲਾਂ ਆਦਿ ਹਾਜ਼ਰ ਸਨ। ਲਹਿਰਾਗਾਗਾ (ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਦਫ਼ਤਰ ਅੱਗੇ ਧਰਨਾ ਨੌਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਾਰਜਕਾਰੀ ਪ੍ਰਧਾਨ ਬਹਾਦਰ ਸਿੰਘ ਭੁਟਾਲ ਤੇ ਸੂਬਾ ਸਿੰਘ ਸੰਗਤਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ 29 ਅਕਤੂਬਰ ਨੂੰ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਤੇ ਡਬਲਿਊ ਟੀਓ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਝੋਨੇ ਦੀ ਖਰੀਦ ਸੰਪੂਰਨ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਸਾਨਾਂ ਦੀਆ ਮੰਗਾਂ ਪੂਰੀਆਂ ਕਰਨ ਅਤੇ ਕਣਕ ਦੀ ਬਿਜਾਈ ਲਈ ਡੀ ਏ ਪੀ ਖਾਦ ਦੇਂਣ ਦੇ ਕੰਮ ਨੂੰ ਸਿਰੇ ਚਾੜ੍ਹਿਆ ਜਾਵੇ। ਉਧਰ ਜਥੇਬੰਦੀ ਵੱਲੋਂ ਚੋਟੀਆਂ ਵਿੱਚ ਟੌਲ ਪਲਾਜ਼ਾ ’ਤੇ ਧਰਨਾ ਜਾਰੀ ਹੈ। ਅੱਜ ਮੋਰਚੇ ਦੌਰਾਨ ਇਨਕਲਾਬੀ ਨਾਟਕ ਪੰਜਾਬ ਸਿਆਂ ਆਵਾਜ਼ਾਂ ਮਾਰਦਾ ਕਰਵਾਇਆ ਗਿਆ ਨਾਟਕ ਕਿਸਾਨਾਂ ਮਜ਼ਦੂਰਾਂ ਨੂੰ ਭਾਵੁਕ ਕਰਦਿਆਂ ਜ਼ਿੰਦਾਬਾਦ ਦੇ ਨਾਹਰਿਆਂ ਦੀ ਗੂੰਜ ਨਾਲ ਸਮਾਪਤ ਹੋਇਆ। ਪੱਕੇ ਮੋਰਚੇ ’ਚ ਕਿਸਾਨਾਂ-ਮਜ਼ਦੂਰਾਂ ਨੂੰ ਸੰਬੋਧਨ ਕਰਨ ਲਈ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਤੋਂ ਇਲਾਵਾ ਬਲਾਕ ਪ੍ਰਧਾਨ ਸੁਖਦੇਵ ਕੜੈਲ, ਜਰਨਲ ਸਕੱਤਰ ਰਿੰਕੂ ਮੂਣਕ, ਬਲਾਕ ਆਗੂ ਰੋਸ਼ਨ ਮੂਣਕ, ਬੰਟੀ ਢੀਂਡਸਾ ਸਟੇਜ ਤੇ ਸੈਕਟਰੀ ਦੀ ਭੂਮਿਕਾ ਬਲਵਿੰਦਰ ਮਨਿਆਣਾ ਨੇ ਨਿਭਾਈ।
ਮੋਤੀ ਮਹਿਲ ਮੂਹਰੇ ਕਿਸਾਨਾ ਦਾ ਧਰਨਾ ਜਾਰੀ
ਪਟਿਆਲਾ (ਖੇਤਰੀ ਪ੍ਰਤੀਨਿਧ): ਇਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਭਾਜਪਾ ਆਗੂ ਵਜੋਂ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੀ ਇਥੇ ਸਥਿਤ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਨੂੰ ਧਰਨਾ ਅੱਜ ਵੀ ਜਾਰੀ ਰਿਹਾ। ਇਸ ਧਰਨਾ ਇਥੇ 19 ਅਕਤੂਬਰ ਤੋਂ ਲਗਾਤਾਰ ਜਾਰੀ ਹੈ ਜਿਸ ਦੌਰਾਨ ਕਿਸਾਨ ਦਿਨ ਰਾਤ ਇਥੇ ਹੀ ਡਟੇ ਰਹਿੰਦੇ ਹਨ। ਇਸ ਮੌਕੇ ਹਰਦੀਪ ਡਰੌਲੀ,ਸਾਹਿਬ ਸਿੰਘ ਬਨੇਰਾ ਕਲਾਂ, ਗੁਰਦਰਸ਼ਨ ਸਿੰਘ ਸੈਣੀਮਾਜਰਾ, ਭਰਭੂਰ ਸਿੰਘ ਗਾਜੇਵਾਸ, ਨਿਸ਼ਾਨ ਸਿੰਘ ਤਲਵੰਡੀ ਬਲਦੇਵ ਕੌਰ ਗੱਜੁਮਾਜਰਾ ਤੇ ਬਲਰਾਜ ਜੋਸ਼ੀ ਸਮੇਤ ਹੋਰਨਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਅਜਿਹੀ ਦੁਰਦਸ਼ਾ ਲਈ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਹੀ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਡੀਏਪੀ ਖਾਦ ਵੀ ਨਹੀਂ ਮਿਲ ਰਹੀ ਤੇ ਨਾਲ ਹੀ ਪਰਾਲੀ ਦੀ ਸਾਂਭ ਸੰਭਾਲ਼ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਤੇ ਸਾੜੇ ਜਾਣ ’ਤੇ ਕਿਸਾਨਾ ’ਤੇ ਪਰਚੇ ਕੀਤੇ ਜਾ ਰਹੇ ਹਨ।