ਨਹਿਰੀ ਪਾਣੀ ਲਈ ਧੂਰੀ ’ਚ ਕਿਸਾਨਾਂ ਦਾ ਪੱਕਾ ਮੋਰਚਾ: ਸਰਕਾਰ ਨੇ 25 ਨੂੰ ਗੱਲਬਾਤ ਲਈ ਸੱਦਿਆ
ਹਰਦੀਪ ਸਿੰਘ ਸੋਢੀ
ਧੂਰੀ, 23 ਸਤੰਬਰ
ਨਹਿਰੀ ਪਾਣੀ ਪ੍ਰਾਪਤੀ ਲਈ ਚਾਰ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਇਥੇ ਸਥਿਤ ਦਫ਼ਤਰ ਅੱਗੇ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੂੰ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਲਿਖਤੀ ਪੱਤਰ ਦੇ ਕੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮਸਲੇ ਦੇ ਹੱਲ ਲਈ 25 ਸਤੰਬਰ ਨੂੰ ਚੰਡੀਗੜ੍ਹ ਦਫ਼ਤਰ ਵਿੱਚ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ। ਆਗੂਆਂ ਨੇ ਸੱਦਾ ਪ੍ਰਵਾਨ ਕਰਦਿਆਂ ਕੱਲ੍ਹ ਦੇ ਪੁਤਲਾ ਫ਼ੂਕ ਪ੍ਰਦਰਸ਼ਨ ਦੇ ਪ੍ਰੋਗਰਾਮ ਨੂੰ ਮੁਲਤਵੀ ਕਰਕੇ ਮੁੱਖ ਮੰਤਰੀ ਦਫ਼ਤਰ ਅੱਗੇ ਪੱਕਾ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ। ਮੋਰਚੇ ਦੇ ਆਗੂ ਜਰਨੈਲ ਸਿੰਘ ਜਹਾਂਗੀਰ ਨੇ ਐਲਾਨ ਕੀਤਾ ਕਿ ਮੀਟਿੰਗ ਤੋਂ ਬਾਅਦ ਮੋਰਚੇ ਦੀ ਅਗਲੀ ਰਣਨੀਤੀ ਬਣਾਈ ਜਾਵੇਗੀ, ਉਦੋਂ ਤੱਕ ਮੋਰਚਾ ਜਾਰੀ ਰਹੇਗਾ। ਮੋਰਚੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਜਸਦੀਪ ਸਿੰਘ ਬਹਾਦਰਪੁਰ, ਬੀਕੇਯੂ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਬਦੇਸ਼ਾ, ਮਲਕੀਤ ਸਿੰਘ ਹੇੜੀਕੇ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਖੇਤਾਂ ਲਈ ਨਹਿਰੀ ਪਾਣੀ ਸਬੰਧੀ ਵਾਰ ਵਾਰ ਮੁੱਖ ਮੰਤਰੀ ਤੋਂ ਮੰਗ ਕਰ ਰਹੇ ਹਨ ਪਰ ਉਨ੍ਹਾਂ ਵੱਲੋਂ ਆਪਣੇ ਜ਼ਿਲ੍ਹੇ ਅਤੇ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਸੁਣਨ ਦੀ ਖੇਚਲ ਨਹੀਂ ਕੀਤੀ ਗਈ, ਸਗੋਂ ਆਪਣੀ ਪਾਰਟੀ ਦਾ ਦੂਜੇ ਸੂਬਿਆਂ ਵਿਚ ਵਿਸਥਾਰ ਕਰਨ ਚ ਰੁੱਝੇ ਰਹੇ। ਇਸ ਧਰਨੇ ਨੂੰ ਬੀਕੇਯੂ ਰਾਜੇਵਾਲ ਵੱਲੋਂ ਮੋਰਚੇ ਦੀ ਹਮਾਇਤ ਕਰਦਿਆਂ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੱਖਲਾਂ ਦੀ ਅਗਵਾਈ ਹੇਠ ਵੱਡੀ ਸ਼ਮੂਲੀਅਤ ਕੀਤੀ ਗਈ। ਮੋਰਚੇ ਨੂੰ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਚੁੰਘਾਂ, ਮੱਘਰ ਸਿੰਘ ਭੂਦਨ, ਮੇਹਰ ਸਿੰਘ ਈਸਾਪੁਰ ਲੰਡਾ, ਕਿਸਾਨ ਆਗੂ ਗੁਰਦੀਪ ਸਿੰਘ ਬਡਰੁੱਖਾਂ, ਪ੍ਰਮੇਲ ਸਿੰਘ ਹਥਨ, ਚਮਕੌਰ ਸਿੰਘ ਬਧਰਾਵਾਂ, ਗੁਰਜੀਤ ਸਿੰਘ ਭੜੀ,ਬਾਬੂ ਸਿੰਘ ਮੂਲੋਵਾਲ ਤੇ ਕਿਰਪਾਲ ਸਿੰਘ ਬਟੂਹਾ ਨੇ ਸੰਬੋਧਨ ਕੀਤਾ।