ਮੁੰਬਈ ’ਚ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਇਰਿੰਗ
ਮੁੰਬਈ, 14 ਅਪਰੈਲ
ਮੁੰਬਈ ਪੁਲੀਸ ਨੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅੱਜ ਸਵੇਰੇ ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਇਥੇ ਬਾਂਦਰਾ ਇਲਾਕੇ ਵਿਚਲੇ ਘਰ ਦੇ ਬਾਹਰ ਗੋਲੀ ਚਲਾਉਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਪੁਲੀਸ ਨੇ ਅਦਾਕਾਰ ਦੇ ਘਰ ਤੋਂ ਇਕ ਡੇਢ ਕਿਲੋਮੀਟਰ ਦੀ ਦੂਰੀ ’ਤੇ ਦੁਪਹੀਆ ਬਰਾਮਦ ਕੀਤਾ ਹੈ ਤੇ ਮੰਨਿਆ ਜਾਂਦਾ ਹੈ ਕਿ ਗੋਲੀ ਚਲਾਉਣ ਵਾਲੇ ਵਿਅਕਤੀ ਇਸੇ ਬਾਈਕ ’ਤੇ ਆਏ ਸਨ। ਬਾਂਦਰਾ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਆਈਪੀਸੀ ਦੀ ਧਾਰਾ 307 ਤੇ ਆਰਮਜ਼ ਐਕਟ ਤਹਿਤ ਅਣਪਛਾਤਿਆਂ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਉਧਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਅਦਾਕਾਰ ਨੂੰ ਹਰ ਸੰਭਵ ਮਦਦ ਦਾ ਭਰੋੋਸਾ ਦਿੱਤਾ ਹੈ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਦੋ ਵਿਅਕਤੀਆਂ ਨੇ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਅਦਾਕਾਰ ਦੀ ਗਲੈਕਸੀ ਅਪਾਰਟਮੈਂਟਸ ਵਿਚਲੀ ਰਿਹਾਇਸ਼ ਦੇ ਬਾਹਰ ਚਾਰ ਫਾਇਰ ਕੀਤੇ ਤੇ ਮਗਰੋਂ ਮੌਕੇ ਤੋਂ ਫ਼ਰਾਰ ਹੋ ਗਏ। ਫਾਇਰਿੰਗ ਮਗਰੋਂ ਖ਼ਾਨ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਸਥਾਨਕ ਪੁਲੀਸ, ਕ੍ਰਾਈਮ ਬ੍ਰਾਂਚ ਦੇ ਅਮਲੇ ਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਤਰ ਕੀਤੇ। ਟੀਮ ਨੇ ਅਦਾਕਾਰ ਦੇ ਘਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਮਗਰੋਂ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ। ਉਂਜ ਅਜੇ ਤੱਕ ਪੁਲੀਸ ਜਾਂ ਖ਼ਾਨ ਦੇ ਪਰਿਵਾਰ ਨੇ ਇਹ ਨਹੀਂ ਦੱਸਿਆ ਕਿ ਇਸ ਘਟਨਾ ਮੌਕੇ ਅਦਾਕਾਰ ਘਰ ਵਿਚ ਮੌਜੂਦ ਸੀ ਜਾਂ ਨਹੀਂ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਖ਼ਾਨ ਨਾਲ ਗੱਲਬਾਤ ਕੀਤੀ ਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਸ਼ਿੰਦੇ ਨੇ ਕਿਹਾ ਕਿ ਸੂਬਾ ਸਰਕਾਰ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦੇੇਵੇਗੀ। ਦਾਦਰ ਦੇ ਚੈਤਿਆਭੂਮੀ ਵਿਚ ਬੀ.ਆਰ.ਅੰਬੇਦਕਰ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਦੇਣ ਮਗਰੋਂ ਸ਼ਿੰਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਲੀਬਾਰੀ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਮੁੱਖ ਮੰਤਰੀ ਨੇ ਕਿਹਾ, ‘‘ਮੈਂ ਮੁੁੰਬਈ ਪੁਲੀਸ ਕਮਿਸ਼ਨਰ ਤੇ ਅਦਾਕਾਰ ਸਲਮਾਨ ਖ਼ਾਨ ਨਾਲ ਗੱਲਬਾਤ ਕੀਤੀ ਤੇ ਅਦਾਕਾਰ ਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ। ਗੋਲੀਬਾਰੀ ਦੀ ਘਟਨਾ ਮੰਦਭਾਗੀ ਹੈ। ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਖੁੱਲ੍ਹ ਨਹੀਂ ਦੇਵਾਂਗੇ।’’ -ਪੀਟੀਆਈ
ਪਹਿਲੀ ਤੇ ਆਖਰੀ ਚਿਤਾਵਨੀ: ਬਿਸ਼ਨੋਈ ਗਰੋਹ
ਮੁੰਬਈ: ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਮਾਫ਼ੀਆ ਗਰੋਹ ਨੇ ਸੁਪਰਸਟਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਕੀਤੀ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ। ਲਾਰੈਂਸ ਬਿਸ਼ਨੋਈ ਦੇ ਅਮਰੀਕਾ ਰਹਿੰਦੇ ਭਰਾ ਅਨਮੋਲ ਬਿਸ਼ਨੋਈ ਨੇ ਗੋਲੀਬਾਰੀ ਦੀ ਇਸ ਘਟਨਾ ਨੂੰ ਸਲਮਾਨ ਖ਼ਾਨ ਲਈ ‘ਪਹਿਲੀ ਤੇ ਆਖਰੀ ਚਿਤਾਵਨੀ’ ਕਰਾਰ ਦਿੱਤਾ ਹੈ। ਅਨਮੋਲ ਬਿਸ਼ਨੋਈ ਨੇ ਕਿਹਾ ਕਿ ਅਗਲੀ ਵਾਰ ‘ਗੋਲੀ ਕੰਧਾਂ ਜਾਂ ਖਾਲੀ ਘਰਾਂ ’ਤੇ ਨਹੀਂ ਚੱਲੇਗੀ।’’ ਬਿਸ਼ਨੋਈ ਨੇ ‘ਬਿਸ਼ਨੋਈ ਗਰੁੱਪ’ ਵੱਲੋਂ ਫੇਸਬੁੱਕ ’ਤੇ ਪਾਈ ਇਕ ਪੋਸਟ ਵਿਚ ਕਿਹਾ, ‘‘ਅਸੀਂ ਸਿਰਫ਼ ਅਮਨ ਚਾਹੁੰਦੇ ਹਾਂ, ਪਰ ਜੇਕਰ ਜੰਗ ਜ਼ਰੀਏ ਹੀ ਜ਼ੁਲਮਾਂ ਲਈ ਨਿਆਂ ਮਿਲ ਸਕਦਾ ਹੈ ਤਾਂ ਫਿਰ ਜੰਗ ਹੀ ਸਹੀ। ਸਲਮਾਨ ਖ਼ਾਨ ਇਹ ਤਾਂ ਤੈਨੂੰ ਆਪਣੀ ਤਾਕਤ ਬਾਰੇ ਸਮਝਾਉਣ ਲਈ ਸਿਰਫ਼ ਟਰੇਲਰ ਹੈ ਤੇ ਸਾਡੇ ਸਬਰ ਦਾ ਹੋਰ ਇਮਤਿਹਾਨ ਨਾ ਲੈ...ਇਹ ਤੈਨੂੰ ਪਹਿਲੀ ਤੇ ਆਖਰੀ ਚਿਤਾਵਨੀ ਹੈ।’’ -ਆਈਏਐੱਨਐੱਸ