Firing on Train in Pak: ਪਾਕਿ ਸੁਰੱਖਿਆ ਬਲਾਂ ਨੇ ਅਗਵਾ ਰੇਲਗੱਡੀ ’ਚੋਂ 80 ਯਾਤਰੀ ਛੁਡਾਏ, 13 ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣ ਦਾ ਦਾਅਵਾ
ਕਰਾਚੀ, 11 ਮਾਰਚ
ਪਾਕਿਸਤਾਨ ਦੇ ਗੜਬੜਜ਼ਦਾ ਸੂਬੇ ਬਲੋਚਿਸਤਾਨ ਵਿੱਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਜਾਫ਼ਰ ਐਕਸਪ੍ਰੈੱਸ ਰੇਲਗੱਡੀ ’ਤੇ ਗੋਲੀਬਾਰੀ ਕੀਤੀ ਤੇ 100 ਤੋਂ ਵੱਧ ਯਾਤਰੀਆਂ ਨੂੰ ਅਗਵਾ ਕਰ ਲਿਆ। ਉਂਝ ਹਮਲੇ ਵਿੱਚ ਕਈ ਯਾਤਰੀ ਜ਼ਖ਼ਮੀ ਹੋ ਗਏ। ਇਸ ਦੌਰਾਨ ਸਰਕਾਰੀ ਤਰਜਮਾਨ ਮੁਤਾਬਕ ਸੁਰੱਖਿਆ ਬਲਾਂ ਨੇ 80 ਯਾਤਰੀਆਂ ਨੂੰ ਛੁਡਾ ਲਿਆ ਹੈ, ਜਿਨ੍ਹਾਂ ਵਿਚ 43 ਮਰਦ, 26 ਮਹਿਲਾਵਾਂ ਤੇ 11 ਬੱਚੇ ਸ਼ਾਮਲ ਹਨ। ਸੁਰੱਖਿਆ ਬਲਾਂ ਨੇ 13 ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ।
ਬਲੋਚਿਸਤਾਨ ਸਰਕਾਰ ਦੇ ਤਰਜਮਾਨ ਸ਼ਾਹਿਦ ਰਿੰਦ ਨੇ ਕਿਹਾ ਕਿ ਅਜੇ ਵੀ 400 ਦੇ ਕਰੀਬ ਯਾਤਰੀ ਰੇਲਗੱਡੀ ’ਤੇ ਮੌਜੂਦ ਹਨ, ਜੋ ਸਲਾਮਤੀ ਦਸਤਿਆਂ ਤੇ ਦਹਿਸ਼ਤਗਰਦਾਂ ਵਿਚਾਲੇ ਜਾਰੀ ਗੋਲੀਬਾਰੀ ਕਰਕੇ ਸੁਰੰਗ ਵਿਚ ਫਸੇ ਹੋਏ ਹਨ। ਇਸ ਦੌਰਾਨ ਪਾਕਿਸਤਾਨ ਰੇਲਵੇ ਨੇ ਕੋਇਟਾ ਰੇਲਵੇ ਸਟੇਸ਼ਨ ’ਤੇ ਐਮਰਜੰਸੀ ਡੈਸਕ ਸਥਾਪਿਤ ਕੀਤਾ ਹੈ ਕਿਉਂਕਿ ਲੋਕਾਂ ਵੱਲੋਂ ਰੇਲਗੱਡੀ ਵਿਚ ਮੌਜੂਦ ਆਪਣੇ ਸਕੇ ਸਬੰਧੀਆਂ ਬਾਰੇ ਲਗਾਤਾਰ ਜਾਣਕਾਰੀ ਮੰਗੀ ਜਾ ਰਹੀ ਹੈ। ਉਧਰ ਸੀਬੀ ਹਸਪਤਾਲ ਵਿਚ ਐਮਰਜੈਂਸੀ ਐਲਾਨਦਿਆਂ ਮੈਡੀਕਲ ਸਟਾਫ਼ ਨੂੰ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਬਲੋਚਿਸਤਾਨ ਸਰਕਾਰ ਦੇ ਤਰਜਮਾਨ ਸ਼ਾਹਿਦ ਰਿੰਦ ਨੇ ਕਿਹਾ, ‘‘ਕੋਇਟਾ ਤੋਂ ਖੈਬਰ ਪਖ਼ਤੂਨਖਵਾ ਦੇ ਪਿਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈੱਸ ਰੇਲਗੱਡੀ ’ਤੇ ਪੀਰੂ ਕੋਨੇਰੀ ਅਤੇ ਗਦਲਾਰ ਵਿਚਾਲੇ ਗੋਲੀਬਾਰੀ ਹੋਈ।’’ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰੇਲਗੱਡੀ ਪਟੜੀ ਤੋਂ ਲਾਹ ਕੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ।
ਬੀਐੱਲਏ ਦੇ ਦਾਅਵੇ ਮੁਤਾਬਕ ਛੇ ਸੁਰੱਖਿਆ ਮੁਲਾਜ਼ਮਾਂ ਦੀ ਹੱਤਿਆ ਕਰਨ ਮਗਰੋਂ 100 ਯਾਤਰੀਆਂ ਨੂੰ ਬੰਦੀ ਬਣਾਇਆ ਗਿਆ ਹੈ ਜਿਨ੍ਹਾਂ ਵਿੱਚ ਡਿਊਟੀ ’ਤੇ ਤਾਇਨਾਤ ਮੁਲਾਜ਼ਮ ਵੀ ਸ਼ਾਮਲ ਹਨ। ਹਾਲਾਂਕਿ, ਇਸ ਜਥੇਬੰਦੀ ਦੇ ਦਾਅਵੇ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।
ਜਾਫ਼ਰ ਐਕਸਪ੍ਰੈੱਸ, ਜਿਸ ਦੇ ਨੌਂ ਡੱਬਿਆਂ ਵਿਚ ਕੁੱਲ 500 ਯਾਤਰੀ ਸਵਾਰ ਸਨ, ਕੋਇਟਾ ਤੋਂ ਪੇਸ਼ਾਵਰ ਜਾ ਰਹੀ ਸੀ, ਜਦੋਂ ਹਥਿਆਰਬੰਦ ਵਿਅਕਤੀਆਂ ਨੇ ਗਦਲਾਰ ਤੇ ਪੀਰੂ ਕੋਨੇਰੀ ਦੇ ਪਹਾੜੀ ਇਲਾਕੇ ਵਿਚ ਇਕ ਸੁਰੰਗ ’ਚ ਰੇਲਗੱਡੀ ਦਾ ਰਾਹ ਰੋਕ ਲਿਆ। ਉਨ੍ਹਾਂ ਰੇਲਗੱਡੀ ’ਤੇ ਗੋਲੀਆਂ ਚਲਾਈਆਂ, ਜਿਸ ਨਾਲ ਕਈ ਯਾਤਰੀ ਜ਼ਖ਼ਮੀ ਹੋ ਗਏ। ਮਗਰੋਂ ਉਨ੍ਹਾਂ ਸੌ ਤੋਂ ਵੱਧ ਯਾਤਰੀਆਂ ਨੂੰ ਬੰਧਕ ਬਣਾ ਲਿਆ।
ਇਸ ਤੋਂ ਪਹਿਲਾਂ ਬੀਐੱਲਏ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਪਾਕਿਸਤਾਨੀ ਫੌਜ ਨੇ ਕੋਈ ਕਾਰਵਾਈ ਕੀਤੀ ਤਾਂ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ। ਇਸ ਜਥੇਬੰਦੀ ’ਤੇ ਪਾਕਿਸਤਾਨ, ਬਰਤਾਨੀਆ ਤੇ ਅਮਰੀਕਾ ਨੇ ਪਾਬੰਦੀ ਲਗਾਈ ਹੋਈ ਹੈ। ਮੌਤਾਂ ਸਬੰਧੀ ਕੋਈ ਸਰਕਾਰੀ ਅੰਕੜਾ ਮੌਜੂਦ ਨਹੀਂ ਹੈ ਪਰ ਸੁਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਵਿੱਚ ਰੇਲਗੱਡੀ ਦਾ ਚਾਲਕ ਤੇ ਕਈ ਯਾਤਰੀ ਜ਼ਖ਼ਮੀ ਹੋਏ ਹਨ। ਬਚਾਅ ਦਲ ਤੇ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ ਸਨ। -ਪੀਟੀਆਈ
ਰੇਲਗੱਡੀ ਵਿੱਚ 500 ਦੇ ਕਰੀਬ ਯਾਤਰੀ ਕਰ ਰਹੇ ਸੀ ਸਫ਼ਰ: ਕੰਟਰੋਲਰ
ਰੇਲਵੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰੇਲ ਦਾ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਹੈ ਅਤੇ ਸਹਾਇਤਾ ਲਈ ਇਕ ਐਮਰਜੈਂਸੀ ਰੇਲਗੱਡੀ ਘਟਨਾ ਸਥਾਨ ਵੱਲ ਰਵਾਨਾ ਕਰ ਦਿੱਤੀ ਗਈ ਹੈ। ਰੇਲਵੇ ਦੇ ਕੰਟਰੋਲਰ ਮੁਹੰਮਦ ਕਾਸ਼ਿਫ ਨੇ ਕਿਹਾ ਕਿ ਰੇਲਗੱਡੀ ਦੇ ਨੌਂ ਡੱਬੇ ਹਨ ਅਤੇ ਇਸ ਵਿੱਚ 500 ਦੇ ਕਰੀਬ ਯਾਤਰੀ ਸਫ਼ਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਥਿਆਰਬੰਦ ਵਿਅਕਤੀਆਂ ਵੱਲੋਂ ਸੁਰੰਗ ਨੰਬਰ 8 ਵਿੱਚ ਰੇਲਗੱਡੀ ਨੂੰ ਰੋਕਿਆ ਗਿਆ। ਇਸ ਇਲਾਕੇ ਵਿੱਚ ਰੇਲਵੇ ਲਾਈਨ ’ਤੇ 17 ਸੁਰੰਗਾਂ ਹਨ ਅਤੇ ਰਸਤਾ ਔਖਾ ਹੋਣ ਕਰ ਕੇ ਅਕਸਰ ਇੱਥੇ ਰੇਲਗੱਡੀ ਹੌਲੀ ਹੋ ਜਾਂਦੀ ਹੈ। ਬਲੋਚਿਸਤਾਨ ਸਰਕਾਰ ਨੇ ਸਥਾਨਕ ਅਧਿਕਾਰੀਆਂ ਨੂੰ ਫੌਰੀ ਕਦਮ ਉਠਾਉਣ ਦੀ ਹਦਾਇਤ ਕੀਤੀ ਹੈ।