‘ਆਪ’ ਆਗੂਆਂ ’ਤੇ ਗੋਲੀਬਾਰੀ: ਦੋ ਅਕਾਲੀ ਆਗੂਆਂ ਖ਼ਿਲਾਫ਼ ਕੇਸ ਦਰਜ
ਮਲਕੀਤ ਟੋਨੀ ਛਾਬੜਾ
ਜਲਾਲਾਬਾਦ, 6 ਅਕਤੂਬਰ
ਸਥਾਨਕ ਪੁਲੀਸ ਨੇ ਆਮ ਆਦਮੀ ਪਾਰਟੀ ਦੇ ਪੰਚਾਇਤ ਉਮੀਦਵਾਰ ਸਣੇ ਦੋ ਵਿਅਕਤੀਆਂ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਦੋ ਅਕਾਲੀ ਆਗੂਆਂ ਸਣੇ 15/20 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਰਨੈਲ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਪ੍ਰੀਤ ਸਿੰਘ ਵਾਸੀ ਚੱਕ ਸੁਹੇਲੇ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ‘ਆਪ’ ਵਰਕਰ ਹੈ ਅਤੇ ਉਸ ਨੇ ਪਿੰਡ ਦੀ ਸਰਪੰਚੀ ਸਬੰਧੀ ਨਾਮਜ਼ਦਗੀ ਪੱਤਰ ਭਰਿਆ ਹੈ। ਉਸ ਦੇ ਬਰਾਬਰ ਦੂਸਰੀ ਧਿਰ ਦੇ ਅਕਾਲੀ ਦਲ ਨਾਲ ਸਬੰਧਤ ਹਰਪਿੰਦਰ ਸਿੰਘ ਪਿੰਡ ਚੱਕ ਸੁਹੇਲੇ ਵਾਲਾ ਨੇ ਵੀ ਸਰਪੰਚੀ ਸਬੰਧੀ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ। ਉਹ ਬੀਤੇ ਦਿਨ ਆਪਣੇ ਨਾਮਜ਼ਦਗੀ ਪੱਤਰ ਸਬੰਧੀ ਆਪਣੇ ਚਾਚਾ ਸਾਬਕਾ ਸਰਪੰਚ ਸ਼ਮਿੰਦਰ ਸਿੰਘ ਸਮੇਤ ਬੀਡੀਪੀਓ ਦਫਤਰ ਜਲਾਲਾਬਾਦ ਆਏ ਸਨ। ਦਫਤਰ ਵਿੱਚ ਉਨ੍ਹਾਂ ਦੀ ਪਾਰਟੀ ਦਾ ਮਨਦੀਪ ਸਿੰਘ ਵਾਸੀ ਪਿੰਡ ਮੁਹੰਮਦੇ ਵਾਲਾ ਮੌਜੂਦ ਸੀ ਅਤੇ ਉਸ ਨੇ ਵੀ ਆਪਣਾ ਸਰਪੰਚੀ ਦੇ ਉਮੀਦਵਾਰ ਵਜੋਂ ਪਿੰਡ ਚੱਕ ਮੁਹਮਦੇ ਵਾਲਾ ਤੋਂ ਫਾਰਮ ਭਰਿਆ ਹੋਇਆ ਸੀ।
ਬੀਡੀਪੀਓ ਦਫਤਰ ਵਿੱਚ ਪਹਿਲਾਂ ਤੋਂ ਮੌਜੂਦ ਵਰਦੇਵ ਸਿੰਘ ਉਰਫ ਨੋਨੀ ਮਾਨ ਅਤੇ ਨਰਦੇਵ ਸਿੰਘ ਉਰਫ ਬੌਬੀ ਮਾਨ ਪੁੱਤਰ ਜ਼ੋਰਾ ਸਿੰਘ ਅਤੇ ਹਰਪਿੰਦਰ ਸਿੰਘ ਪੁੱਤਰ ਵਰਦੇਵ ਸਿੰਘ, ਹਰਮਨ ਸਿੰਘ ਪੁੱਤਰ ਸੁਖਦੇਵ ਸਿੰਘ, ਬਲਰਾਜ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਚੱਕ ਸੁਹੇਲੇ ਵਾਲਾ ਅਤੇ 15/20 ਅਣਪਛਾਤੇ ਵਿਅਕਤੀਆਂ ਨੇ ਪੁਰਾਣੀ ਰੰਜ਼ਿਸ਼ ਤਹਿਤ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਨਾਲ ਆਏ ਲੋਕਾਂ ਨੇ ਵੀ ਉਨ੍ਹਾਂ ’ਤੇ ਇੱਟਾਂ ਵੱਟੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਹ ਮੌਕੇ ਤੋਂ ਖਿਸਕਣ ਲੱਗੇ ਤਾਂ ਨਰਦੇਵ ਸਿੰਘ ਉਰਫ ਬੌਬੀ ਮਾਨ ਨੇ ਉਨ੍ਹਾਂ ਸਾਰਿਆਂ ’ਤੇ ਗੋਲੀਆਂ ਚਲਾਈਆਂ। ਪੁਲੀਸ ਨੇ ਵਰਦੇਵ ਸਿੰਘ ਉਰਫ ਨੋਨੀ ਮਾਨ ਅਤੇ ਨਰਦੇਵ ਸਿੰਘ ਉਰਫ ਬੌਬੀ ਮਾਨ ਅਤੇ 15/20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਨਾਮਜ਼ਦਗੀਆਂ ਭਰਨ ਤੋਂ ਰੋਕਣ ਦੇ ਮਾਮਲੇ ’ਚ ਕੇਸ ਦਰਜ
ਤਰਨ ਤਾਰਨ (ਪੱਤਰ ਪ੍ਰੇਰਕ): ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਪਿੰਡ ਚੀਮਾ ਖੁਰਦ (ਸ਼ੁਕਰ ਚੱਕ) ਅਤੇ ਬੁਰਜ-169 ਪਿੰਡ ਵਿੱਚ ਦੋ ਕੇਸ ਦਰਜ ਕੀਤੇ ਹਨ| ਚੀਮਾ ਖੁਰਦ ਦੇ ਵਾਸੀ ਨਵਤੇਜ ਸਿੰਘ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੇ ਪਿੰਡ ਦੇ ਵਾਸੀ ਸਾਹਿਬ ਸਿੰਘ ਅਤੇ ਉਸ ਦੇ ਸਾਥੀਆਂ ਨੇ ਚੋਣ ਰੰਜ਼ਿਸ਼ ਤਹਿਤ 4 ਅਕਤੂਬਰ ਦੀ ਸਵੇਰ ਉਸ ਦੇ ਘਰ ਦੇ ਗੇਟ ’ਤੇ ਗੋਲੀਆਂ ਚਲਾਈਆਂ| ਇਸ ਤੋਂ ਇਲਾਵਾ ਪਿੰਡ ਬੁਰਜ-169 ਤੋਂ ਹਰਮੀਤ ਸਿੰਘ ਉਰਫ ਹੈਰੀ ਬੁਰਜ ਨੂੰ ਸਰਪੰਚ ਦੇ ਅਹੁਦੇ ਲਈ ਪਰਚੇ ਭਰਨ ’ਤੇ ਧਮਕੀਆਂ ਦੇਣ ਵਾਲਿਆਂ ਖਿਲਾਫ਼ ਵੀ ਇਕ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਥਾਨਕ ਥਾਣਾ ਸਦਰ, ਸਰਹਾਲੀ, ਵਲਟੋਹਾ, ਭਿੱਖੀਵਿੰਡ ਪੁਲੀਸ ਨੇ ਨਾਮਜ਼ਦਗੀ ਦੇ ਪਰਚੇ ਦਾਖਲ ਕਰਨ ਤੋਂ ਰੋਕਣ ਵਾਲਿਆਂ ਖਿਲਾਫ਼ ਕੇਸ ਦਰਜ ਕੀਤੇ ਹਨ।