ਟਰੱਕ ’ਤੇ ਫਾਇਰਿੰਗ; ਡਰਾਈਵਰ ਜ਼ਖਮੀ
ਪੱਤਰ ਪ੍ਰੇਰਕ
ਸਮਾਣਾ 12 ਅਕਤੂਬਰ
ਇਥੇ ਸਮਾਣਾ-ਚੀਕਾ ਰੋਡ ’ਤੇ ਸ਼ੁੱਕਰਵਾਰ ਰਾਤ ਕਰੀਬ 11 ਵਜੇ ਪਿੰਡ ਰਾਮਨਗਰ ਨੇੜੇ ਇੰਟਰਸਟੇਟ ਨਾਕੇ ਕੋਲ ਇਕ ਟਰੱਕ ’ਤੇ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਫਾਇਰਿੰਗ ਦੌਰਾਨ ਟਰੱਕ ਡਰਾਈਵਰ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਰਾਮਨਗਰ ਪੁਲੀਸ ਚੌਕੀ ਮੁਲਾਜ਼ਮਾਂ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਰਾਮਨਗਰ ਪੁਲੀਸ ਚੌਕੀ ਦੇ ਅਧਿਕਾਰੀ ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮਨਗਰ ਪੁਲੀਸ ਚੌਕੀ ਦੀ ਟੀਮ ਨੇ ਚੌਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਸ਼ੁੱਕਰਵਾਰ ਰਾਤ ਕਰੀਬ 11:00 ਵਜੇ ਬੈਰੀਅਰ ਨੇੜੇ ਗੋਲੀਬਾਰੀ ਦੀ ਘਟਨਾ ਹੋਣ ਦੀ ਸੂਚਨਾ ਮਿਲੀ ਸੀ। ਇਸ ਲਈ ਤੁਰੰਤ ਰਾਮਨਗਰ ਪੁਲੀਸ ਚੌਕੀ ਦੀ ਟੀਮ ਮੌਕੇ ’ਤੇ ਪਹੁੰਚ ਗਈ ਪਰ ਉੱਥੇ ਕੋਈ ਨਹੀਂ ਸੀ। ਕੁਝ ਸਮੇਂ ਬਾਅਦ ਇੱਕ ਵਿਅਕਤੀ ਪਟਿਆਲਾ ਵਾਲੇ ਪਾਸੇ ਤੋਂ ਪੈਦਲ ਆਉਂਦਾ ਦੇਖਿਆ ਗਿਆ, ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਂ ਮਸਤਾਨ ਸਿੰਘ ਵਾਸੀ ਪਿੰਡ ਕਕਰਾਲਾ, ਥਾਣਾ ਸਿਵਨ, ਜ਼ਿਲ੍ਹਾ ਕੈਥਲ ਦੱਸਿਆ। ਉਸ ਨੇ ਦੱਸਿਆ ਕਿ ਉਹ ਇਕੱਲਾ ਹੀ ਆਪਣੇ ਟਰੱਕ ਵਿਚ ਚੀਕਾ ਤੋਂ ਚੰਨੋਂ ਫੈਕਟਰੀ ਵਿਚ ਪਾਊਡਰ ਲੈ ਕੇ ਜਾ ਰਿਹਾ ਸੀ। ਜਦੋਂ ਉਹ ਬੈਰੀਅਰ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਉਸ ’ਤੇ ਫਾਇਰਿੰਗ ਹੋਣ ਕਾਰਨ ਟਰੱਕ ਦੇ ਅਗਲੇ ਸ਼ੀਸ਼ੇ ਵਿੱਚੋਂ ਗੋਲੀ ਆਰ ਪਾਰ ਹੋਣ ਕਾਰਨ ਉਸਦੇ ਜਾ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਰਾਮਨਗਰ ਪੁਲੀਸ ਚੌਕੀ ਦੇ ਅਧਿਕਾਰੀ ਕੁਲਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਗੋਲੀ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਨੇੜੇ ਦੀ ਸੜਕ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।