ਨਿੱਝਰ ਦੇ ਦੋਸਤ ਦੇ ਘਰ ’ਤੇ ਗੋਲੀਬਾਰੀ, ਕੈਨੇਡਾ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਸਰੀ, 2 ਫਰਵਰੀ
ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਮਾਰੇ ਜਾ ਚੁੱਕੇ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੇ ਦੋਸਤ ਸਿਮਰਨਜੀਤ ਸਿੰਘ ਦੇ ਦੱਖਣੀ ਸਰੀ ਸਥਿਤ ਘਰ ’ਤੇ ਹੋਈ ਗੋਲੀਬਾਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਦੀ ਰਿਪੋਰਟ ਮੁਤਾਬਕ ਸਰੀ ਪੁਲੀਸ ਨੂੰ ਬੁੱਧਵਾਰ ਅੱਧੀ ਰਾਤ ਤੋਂ ਬਾਅਦ 1.20 ਵਜੇ 154 ਸਟਰੀਟ ਦੇ 2800 ਬਲਾਕ ਨੇੜੇ ਸਥਿਤ ਇਕ ਘਰ ’ਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਕਾਰਪੋਰਲ ਸਰਬਜੀਤ ਸਾਂਘਾ ਨੇ ਕਿਹਾ ਕਿ ਅਧਿਕਾਰੀਆਂ ਨੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵਧੇਰੇ ਜਾਣਕਾਰੀ ਲਈ ਸੀਸੀਟੀਵੀ ਫੁਟੇਜ ਦੀ ਪੜਤਾਲ ਕੀਤੀ ਜਾ ਰਹੀ ਹੈ। ਗੋਲੀਬਾਰੀ ਦੀ ਘਟਨਾ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ। ਸੀਬੀਸੀ ਦੇ ਪੱਤਰਕਾਰ ਨੇ ਵੀਰਵਾਰ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਜਿਥੇ ਉਸ ਨੇ ਘਰ ਅਤੇ ਇਕ ਕਾਰ ’ਤੇ ਗੋਲੀਆਂ ਦੇ ਨਿਸ਼ਾਨ ਦੇਖੇ। ਕਾਰਪੋਰਲ ਸਾਂਘਾ ਨੇ ਘਰ ’ਤੇ ਦਾਗ਼ੀਆਂ ਗਈਆਂ ਗੋਲੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਪੁਲੀਸ ਇਸ ਨੂੰ ਵੱਖਰੇ ਤਰ੍ਹਾਂ ਦੀ ਘਟਨਾ ਮੰਨ ਰਹੀ ਹੈ। ਉਨ੍ਹਾਂ ਕਿਹਾ,‘‘ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਅਜੇ ਮੁੱਢਲੇ ਪੜਾਅ ’ਤੇ ਹੈ। ਇਸ ਕਾਰਨ ਗੋਲੀਬਾਰੀ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ।’’ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਪਰਿਸ਼ਦ ਦੇ ਤਰਜਮਾਨ ਮਨਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਦਾ ਕਾਰਨ ਨਿੱਝਰ ਨਾਲ ਸਿਮਰਨਜੀਤ ਸਿੰਘ ਦੇ ਸਬੰਧ ਹੋ ਸਕਦੇ ਹਨ। ਪਿਛਲੇ ਸਾਲ ਸਤੰਬਰ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰੀ ’ਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਸਨ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਸੀ। ਇਸ ਬਿਆਨਬਾਜ਼ੀ ਮਗਰੋਂ ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧਾਂ ’ਚ ਤਰੇੜ ਆ ਗਈ ਸੀ। -ਏਐੱਨਆਈ