ਚੰਡੀਗੜ੍ਹ ਵਿੱਚ 12 ਥਾਵਾਂ ’ਤੇ ਵਿਕਣਗੇ ਪਟਾਕੇ
ਆਤਿਸ਼ ਗੁਪਤਾ
ਚੰਡੀਗੜ੍ਹ, 25 ਅਕਤੂਬਰ
ਚੰਡੀਗੜ੍ਹ ਪ੍ਰਸ਼ਾਸਨ ਨੇ ਤਿਉਹਾਰਾਂ ਦੇ ਸੀਜ਼ਨ ਦੀ ਆਮਦ ਦੇ ਮੱਦੇਨਜ਼ਰ ਸ਼ਹਿਰ ਵਿੱਚ ਪਟਾਕੇ ਵੇਚਣ ਲਈ 12 ਥਾਵਾਂ ਦੀ ਚੋਣ ਕੀਤੀ ਹੈ ਜਿਥੇ 96 ਲਾਇਸੈਂਸਧਾਰਕ ਪਟਾਕੇ ਵੇਚ ਸਕਣਗੇ। ਅੱਜ ਯੂਟੀ ਪ੍ਰਸ਼ਾਸਨ ਨੇ ਸੈਕਟਰ-23 ਵਿੱਚ ਸਥਿਤ ਬਾਲ ਭਵਨ ਵਿੱਚ ਡਰਾਅ ਕੱਢ ਕੇ 96 ਵਿਅਕਤੀਆਂ ਨੂੰ ਗ੍ਰੀਨ ਪਟਾਕੇ ਵੇਚਣ ਲਈ ਆਰਜ਼ੀ ਲਾਇਸੈਂਸ ਜਾਰੀ ਕਰ ਦਿੱਤੇ ਹਨ। ਇਹ ਡਰਾਅ ਵਧੀਕ ਡਿਪਟੀ ਕਮਿਸ਼ਨਰ ਜਨਰਲ ਰੁਪੇਸ਼ ਅਗਰਵਾਲ ਦੀ ਦੇਖ-ਰੇਖ ਹੇਠ ਕੱਢੇ ਗਏ ਹਨ। ਏਡੀਸੀ ਰੁਪੇਸ਼ ਅਗਰਵਾਲ ਨੇ ਕਿਹਾ ਕਿ ਸ਼ਹਿਰ ਵਿੱਚ ਸੈਕਟਰ-24, 28, 29, 30, 33, 37, 40, 43, 46, 49, ਮਨੀਮਾਜਰਾ ਤੇ ਰਾਮਦਰਬਾਰ ਵਿੱਚ ਪਟਾਕੇ ਵੇਚਣ ਲਈ ਥਾਵਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ’ਤੇ ਸਿਰਫ਼ 96 ਆਰਜ਼ੀ ਲਾਇਸੈਂਸਧਾਰਕ ਹੀ ਪਟਾਕੇ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਿਨਾ ਲਾਇਸੈਂਸ ਤੋਂ ਪਟਾਕੇ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੂਟੀ ਪ੍ਰਸ਼ਾਸਨ ਕੋਲ ਪਟਾਕੇ ਵੇਚਣ ਦਾ ਲਾਇਸੈਂਸ ਲੈਣ ਲਈ 1814 ਅਰਜ਼ੀਆਂ ਪਹੁੰਚੀਆਂ ਸਨ। ਇਸ ਵਿੱਚ ਸਾਰੇ ਦੁਕਾਨਦਾਰਾਂ ਨੇ ਹਰੇ ਪਟਾਕੇ ਵੇਚਣ ਦਾ ਲਿਖਤੀ ਤੌਰ ’ਤੇ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ 1800 ਤੋਂ ਵੱਧ ਅਰਜ਼ੀਆਂ ਵਿੱਚੋਂ ਡਰਾਅ ਰਾਹੀਂ ਸਿਰਫ਼ 96 ਵਿਅਕਤੀਆਂ ਨੂੰ ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀ ਰਾਤ 8.00 ਵਜੇ ਤੋਂ 10.00 ਵਜੇ ਤੱਕ ਅਤੇ ਦਸਹਿਰੇ ਨੂੰ ਪੁਤਲਾ ਫੂਕਣ ਮੌਕੇ ਅਤੇ ਗੁਰਪੁਰਬ ਨੂੰ ਸਵੇਰੇ 4.00 ਵਜੇ ਤੋਂ 5.00 ਵਜੇ ਤੱਕ ਅਤੇ ਰਾਤ ਨੂੰ 9.00 ਵਜੇ ਤੋਂ 10.00 ਵਜੇ ਤੱਕ ਗਰੀਨ ਪਟਾਕਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਪ੍ਰਸ਼ਾਸਨ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਗਰੀਨ ਪਟਾਕੇ ਵਿਗਿਆਨਕ ਤੇ ਉਦਯੋਗਿਕ ਖੋਜ ਪ੍ਰੀਖਣ (ਸੀਐੱਸਆਈਆਰ) ਦੀ ਸਹਾਇਕ ਕੰਪਨੀ ਨੈਸ਼ਨਲ ਐਨਵਾਇਰਨਮੈਂਟਲ ਐਂਡ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਵੱਲੋਂ ਮਾਨਤਾ ਪ੍ਰਾਪਤ ਕੰਪਨੀਆਂ ਵੱਲੋਂ ਹੀ ਤਿਆਰ ਕੀਤੇ ਹੋਣੇ ਚਾਹੀਦੇ ਹਨ।
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਆਨਲਾਈਨ ਪਟਾਕਿਆਂ ਦਾ ਕਾਰੋਬਾਰ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਵਿੱਚ ਕੋਈ ਵਿਅਕਤੀ ਪਾਬੰਦੀ ਦੇ ਬਾਵਜੂਦ ਆਨਲਾਈਨ ਪਟਾਕਿਆਂ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ
ਚੰਡੀਗੜ੍ਹ ਪੁਲੀਸ ਦੇ ਬੁਲਾਰੇ ਡੀਐੱਸਪੀ ਰਾਮਗੋਪਾਲ ਨੇ ਸ਼ਹਿਰ ਵਾਸੀਆਂ ਨੂੰ ਤਿਉਹਾਰਾਂ ਸਬੰਧੀ ਜਾਰੀ ਆਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਦੀਵਾਲੀ ਤੇ ਸ਼ਹਿਰ ਵਿੱਚ ਗਸ਼ਤ ਕੀਤੀ ਜਾਵੇਗੀ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਤੈਅ ਥਾਵਾਂ ’ਤੇ ਲਾਇਸੈਂਸਧਾਰਕਾਂ ਨੂੰ ਹੀ ਪਟਾਕੇ ਵੇਚਣ ਦੀ ਆਗਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦੀਵਾਲੀ ਵਾਲੀ ਰਾਤ ਨੂੰ ਸਿਰਫ਼ ਦੋ ਘੰਟੇ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਤੈਅ ਸਮੇਂ ਤੋਂ ਬਾਅਦ ਪਟਾਕੇ ਚਲਾਉਣ ਵਾਲਿਆਂ ਵਿਰੁੱਧ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਉਧਰ, ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਾਅਵਾ ਹੈ ਕਿ ਦੀਵਾਲੀ ਵਾਲੇ ਦਿਨ ਅਗਜਨੀ ਦੀਆਂ ਘਟਨਾਵਾਂ ’ਤੇ ਨੱਥ ਪਾਉਣ ਲਈ ਵੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜ੍ਹੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸੈਕਟਰਾਂ ਵਿੱਚ ਅਣਸੁਖਾਵੀ ਘਟਨਾਂ ’ਤੇ ਨੱਥ ਪਾਉਣ ਲਈ ਫਾਇਰ ਮੋਟਰਸਾਈਕਲਾਂ ਤਾਇਨਾਤ ਕੀਤੇ ਜਾਣਗੇ।
ਮੁੱਖ ਮੰਤਰੀ ਉੱਡਣ ਦਸਤੇ ਨੇ ਪਾਬੰਦੀਸ਼ੁਦਾ ਪਟਾਕੇ ਫੜੇ
ਅੰਬਾਲਾ (ਰਤਨ ਸਿੰਘ ਢਿੱਲੋਂ): ਮੁੱਖ ਮੰਤਰੀ ਉੱਡਣ ਦਸਤੇ ਨੇ ਸ਼ਹਿਰ ਦੀ ਕੱਪੜਾ ਮਾਰਕੀਟ ਦੀ ਸ਼ੁਕਲਕੁੰਡ ਰੋਡ ’ਤੇ ਸਥਿਤ ਪਟਾਕਿਆਂ ਦੀ ਬੋਧ ਰਾਜ ਰਾਮ ਨਾਥ ਨਾਂ ਦੀ ਦੁਕਾਨ ’ਤੇ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਪਟਾਕੇ ਬਰਾਮਦ ਕੀਤੇ ਹਨ। ਉੱਡਣ ਦਸਤੇ ਦੇ ਸਬ-ਇੰਸਪੈਕਟਰ ਹਤਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਅੰਬਾਲਾ ਸਿਟੀ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਦੁਕਾਨਦਾਰ ਰਾਕੇਸ਼ ਕੁਮਾਰ ਪੁੱਤਰ ਸ੍ਰੀ ਰਾਮ ਨਾਥ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਟੀਮ ਨੇ ਦੇਖਿਆ ਕਿ ਦੁਕਾਨਦਾਰ ਨੇ ਨਾ ਤਾਂ ਫਾਇਰ ਬ੍ਰਿਗੇਡ ਵਾਲਿਆਂ ਤੋਂ ਐੱਨਓਸੀ ਲਈ ਹੋਈ ਹੈ ਅਤੇ ਨਾ ਹੀ ਪਟਾਕਿਆਂ ’ਤੇ ਗਰੀਨ ਪਟਾਕਾ ਮਾਰਕਾ ਅੰਕਿਤ ਹੈ। ਛਾਪਾ ਮਾਰਨ ਵਾਲੀ ਟੀਮ ਵਿੱਚ ਪੁਲੀਸ ਤੋਂ ਬਿਨਾ ਸਹਾਇਕ ਫਾਇਰ ਅਧਿਕਾਰੀ ਅੰਬਾਲਾ ਸ਼ਹਿਰ ਦਲੀਪ ਕੁਮਾਰ ਅਤੇ ਵਰਿੰਦਰ ਅਤੇ ਸੁਖ ਰਾਮ ਸਾਇੰਟਿਸਟ ਵੀ ਸ਼ਾਮਲ ਸਨ। ਇਹ ਗੱਲ ਵੀ ਸਾਹਮਣੇ ਆਈ ਕਿ ਪਟਾਕੇ ਵੇਚਣ ਵਾਲਿਆਂ ਕੋਲ ਲਾਇਸੈਂਸ ਤਾਂ ਹਨ ਪਰ ਹਰ ਸਾਲ ਫਾਇਰ ਬ੍ਰਿਗੇਡ ਵਾਲਿਆਂ ਪਾਸੋਂ ਲਈ ਜਾਣ ਵਾਲੀ ਐੱਨਓਸੀ ਨਹੀਂ ਹੈ।