ਚੰਡੀਗੜ੍ਹ ’ਚ 12 ਥਾਈਂ ਵਿਕਣਗੇ ਪਟਾਕੇ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਕਤੂਬਰ
ਯੂਟੀ ਪ੍ਰਸ਼ਾਸਨ ਨੇ ਦੀਵਾਲੀ ਮੌਕੇ ਸ਼ਹਿਰ ਵਿੱਚ ਪਟਾਕਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਆਰਜ਼ੀ ਲਾਇਸੈਂਸ ਦੇਣ ਲਈ ਅੱਜ ਡਰਾਅ ਕੱਢ ਦਿੱਤੇ ਹਨ। ਇਹ ਡਰਾਅ ਸੈਕਟਰ-23 ਵਿਖੇ ਸਥਿਤ ਬਾਲ ਭਵਨ ਵਿੱਚ ਕੱਢੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ 12 ਥਾਵਾਂ ’ਤੇ 96 ਜਣਿਆਂ ਨੂੰ ਆਰਜ਼ੀ ਤੌਰ ’ਤੇ ਪਟਾਕੇ ਵੇਚਣ ਲਈ ਲਾਇਸੈਂਸ ਦਿੱਤੇ ਹਨ, ਜਦੋਂ ਕਿ ਲਾਇਸੈਂਸ ਲੈਣ ਲਈ ਸ਼ਹਿਰ ਦੇ 2836 ਲੋਕਾਂ ਵੱਲੋਂ ਅਪਲਾਈ ਕੀਤਾ ਗਿਆ ਸੀ। ਇਹ ਡਰਾਅ ਵਧੀਕ ਡਿਪਟੀ ਕਮਿਸ਼ਨਰ ਦੇ ਦੇਖ-ਰੇਖ ਹੇਠ ਕੱਢੇ ਗਏ ਹਨ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਇਹ ਲਾਇਸੈਂਸ 29, 30 ਤੇ 31 ਅਕਤੂਬਰ ਨੂੰ ਪਟਾਕਿਆਂ ਦਾ ਕਾਰੋਬਾਰ ਕਰਨ ਲਈ ਦਿੱਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਸੈਕਟਰ-43 ਵਿੱਚ 20, ਮਨੀਮਾਜਰਾ ਵਿੱਚ 12, ਸੈਕਟਰ-46 ਵਿੱਚ 11, ਰਾਮਦਰਬਾਰ ਵਿੱਚ 10, ਸੈਕਟਰ-49 ਵਿੱਚ 7, ਸੈਕਟਰ-24 ਵਿੱਚ 6, ਸੈਕਟਰ- 37, 33, 29, 28, 30 ਤੇ 40 ਵਿੱਚ 5-5 ਦੁਕਾਨਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਚੰਡੀਗੜ੍ਹ ਦੇ ਪਟਾਕਾ ਡੀਲਰ ਐਸੋਸੀਏਸ਼ਨ ਨੇ ਯੂਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ 27 ਤੇ 28 ਅਕਤੂਬਰ ਨੂੰ ਆਪਣੀ ਮੰਡੀ ਨਾ ਲੱਗਣ ਦਿੱਤੀ ਜਾਵੇ।