ਬੁਲੇਟ ਨਾਲ ਪਟਾਕੇ ਵਜਾਉਣ ਵਾਲਿਆਂ ਦੇ ਪਾਏ ਪਟਾਕੇ!
ਨਿੱਜੀ ਪੱਤਰ ਪ੍ਰੇਰਕ
ਮੋਗਾ, 29 ਅਕਤੂਬਰ
ਇਥੇ ਜ਼ਿਲ੍ਹਾ ਟਰੈਫ਼ਿਕ ਪੁਲੀਸ ਨੇ ਗਲੀਆਂ ਤੇ ਬਜ਼ਾਰਾਂ ਵਿੱਚ ਬੁਲੇਟ ਮੋਟਰਸਾਈਕਲ ਨਾਲ ਪਟਾਕੇ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਮੁਹਿੰਮ ਵਿੱਢੀ ਹੈ। ਮੋਗਾ ਟਰੈਫ਼ਿਕ ਪੁਲੀਸ ਨੇ 22 ਬੁਲੇਟ ਮੋਟਰਸਾਈਕਲਾਂ ਨੂੰ ਥਾਣਿਆਂ ਵਿਚ ਬੰਦ ਕੀਤਾ ਹੈ। ਇਥੇ ਜ਼ਿਲ੍ਹਾ ਟਰੈਫ਼ਿਕ ਪੁਲੀਸ ਇੰਚਾਰਜ ਸਬ ਇੰਸਪੈਕਟਰ ਖੇਮ ਚੰਦ ਪਰਾਸ਼ਰ ਨੇ ਦੱਸਿਆ ਕਿ ਐੱਸਐੱਸਪੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਬੁਲੇਟ ਨਾਲ ਪਟਾਕੇ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਵਿਚ 22 ਬੁਲੇਟ ਮੋਟਰਸਾਈਕਲਾਂ ਨੂੰ ਥਾਣਿਆਂ ਵਿਚ ਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਜਾਣ-ਬੁੱਝ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਨ੍ਹਾਂ ਖ਼ਿਲਾਫ਼ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਭਵਿੱਖ ’ਚ ਵੀ ਕਾਰਵਾਈ ਜਾਰੀ ਰਹੇਗੀ।
ਘਟਨਾ ਵਾਲੀ ਥਾਂ ’ਤੇ ਪੰਜ ਮਿੰਟ ਵਿੱਚ ਪੁੱਜੇਗੀ ਪੁਲੀਸ
ਸ਼ਹਿਰ ’ਚ ਬੇਲਗਾਮ ਟ੍ਰੈਫਿਕ ਵਿਵਸਥਾ ਅਤੇ ਖਾਸ ਤੌਰ ’ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਅਪਰਾਧ ਨੂੰ ਠੱਲ੍ਹ ਪਾਉਣ ਲਈ ਪੀਸੀਆਰ ਪੁਲੀਸ ਨੂੰ ਜੀਪੀਐੱਸ ਸਿਸਟਮ ਨਾਲ ਲੈੱਸ ਕਰ ਦਿੱਤਾ ਹੈ। ਹੁਣ ਘਟਨਾ ਵਾਲੀ ਥਾਂ ’ਤੇ ਪੰਜ ਮਿੰਟ ਵਿਚ ਪੁਲੀਸ ਪਹੁੰਚੇਗੀ। ਐੱਸਐੱਸਪੀ ਅਜੇ ਗਾਂਧੀ ਤੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਜ਼ਿਲ੍ਹਾ ਪੁਲੀਸ ਲਾਈਨ ਵਿਖੇ ਸ਼ਹਿਰ ’ਚ 24 ਘੰਟੇ ਗਸ਼ਤ ਲਈ ਮੋਟਰਸਾਈਕਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਕਿ ਵਿਕਟਰ ਐਕਿਟਵਾ ਨੂੰ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਵਧਾਇਆ ਗਿਆ ਹੈ ਅਤੇ ਮਹਿਲਾ ਪੁਲੀਸ ਕਰਮਚਾਰੀਆਂ ਕੋਲ ਐਮਰਜੈਂਸੀ ਲਈ ਸਪੈਸ਼ਲ ਸਪਰੇਅ ਵੀ ਮੁਹੱਈਆ ਕੀਤੀ ਗਈ ਹੈ। ਹੁਣ ਜ਼ਿਲ੍ਹੇ ਵਿੱਚ ਕੁੱਲ 12 ਰੈਪਿਡ ਰੂਰਲ ਰਿਸਪਾਂਸ ਗੱਡੀਆਂ, 12 ਪੀਸੀਆਰ ਮੋਟਰਸਾਈਕਲ ਅਤੇ 5 ਵਿਕਟਰ ਐਕਟਿਵਾ 24 ਘੰਟੇ ਗਸ਼ਤ ਕਰਨਗੇ।