ਪਟਾਕਾ ਮਾਰਕੀਟ: ਕੁੱਲ 64 ਦੁਕਾਨਾਂ ਲਈ 1,550 ਅਰਜ਼ੀਆਂ ਪੁੱਜੀਆਂ
ਗਗਨ ਅਰੋੜਾ
ਲੁਧਿਆਣਾ, 16 ਅਕਤੂਬਰ
ਰਾਜਧਾਨੀ ਦਿੱਲੀ ’ਚ ਪਟਾਕੇ ਚਲਾਉਣ ’ਤੇ ਭਾਵੇਂ ਪਾਬੰਦੀ ਲਗਾ ਦਿੱਤੀ ਗਈ ਹੈ, ਪਰ ਪ੍ਰਸ਼ਾਸਨ ਨੇ ਲੁਧਿਆਣਾ ’ਚ ਪਟਾਕਿਆਂ ਦੀ ਵਿਕਰੀ ਲਈ ਥੋਕ ਬਾਜ਼ਾਰ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਪਹਿਲਾਂ ਹੀ ਲਾਇਸੈਂਸ ਫਾਰਮ ਜਮ੍ਹਾਂ ਕਰਵਾਉਣ ਲਈ ਤਿੰਨ ਦਿਨ ਦੀ ਤਰੀਕ ਅਤੇ ਅਗਲੇ ਤਿੰਨ ਦਿਨ ਜਮ੍ਹਾਂ ਕਰਵਾਉਣ ਦਾ ਸਮਾਂ ਤੈਅ ਕੀਤਾ ਸੀ। ਇਸ ਵਾਰ ਪ੍ਰਸ਼ਾਸਨ ਵੱਲੋਂ ਛੇ ਥਾਵਾਂ ’ਤੇ 64 ਦੁਕਾਨਾਂ ਬਣਾਈਆਂ ਜਾਣਗੀਆਂ। ਜਾਣਕਾਰੀ ਮੁਤਾਬਕ ਕੁੱਲ ਛੇ ਥਾਵਾਂ ਵਿੱਚ 64 ਪਟਾਕਿਆਂ ਦੀਆਂ ਦੁਕਾਨਾਂ ਲਈ 1,550 ਲੋਕਾਂ ਨੇ ਅਪਲਾਈ ਕੀਤਾ ਹੈ। ਪੁਲੀਸ ਪ੍ਰਸ਼ਾਸਨ ਵੱਲੋਂ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਛਾਂਟੀ ਕੀਤੀ ਜਾਵੇਗੀ ਅਤੇ ਅੰਤਿਮ ਸੂਚੀ ਭਲਕੇ 17 ਅਕਤੂਬਰ ਨੂੰ ਲਾਈ ਜਾਵੇਗੀ। ਇਸ ਤੋਂ ਬਾਅਦ 18 ਅਕਤੂਬਰ ਨੂੰ ਡੀਸੀ ਦਫ਼ਤਰ ਨੇੜੇ ਸਥਿਤ ਬੱਚਤ ਭਵਨ ਵਿੱਚ ਡਰਾਅ ਕੱਢੇ ਜਾਣਗੇ। ਅਗਲੇ ਦੋ ਦਿਨਾਂ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਤਿਆਰ ਕਰ ਕੇ ਵਿਕਰੀ ਸ਼ੁਰੂ ਕਰ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਕ ਸਭ ਤੋਂ ਵੱਡੀ ਥੋਕ ਮਾਰਕੀਟ ਦਾਣਾ ਮੰਡੀ ਵਿੱਚ ਲਾਈ ਜਾਵੇਗੀ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਮਾਡਲ ਟਾਊਨ, ਚੰਡੀਗੜ੍ਹ ਰੋਡ ਸੈਕਟਰ 39, ਦੁੱਗਰੀ, ਹੰਬੜਾ ਰੋਡ ਅਤੇ ਲੋਧੀ ਕਲੱਬ ਨੇੜੇ ਦੁਕਾਨਾਂ ਲਗਾਉਣ ਦਾ ਫ਼ੈਸਲਾ ਕੀਤਾ ਹੈ। ਪੁਲੀਸ ਪ੍ਰਸ਼ਾਸਨ ਨੇ ਥਾਵਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਅਤੇ ਸੇਫ਼ ਜ਼ੋਨ ਦਾ ਨਿਰੀਖਣ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਪ੍ਰਸ਼ਾਸਨ ਨੇ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਵਿੱਚ ਚਾਲੀ ਦੁਕਾਨਾਂ, ਮਾਡਲ ਟਾਊਨ ਵਿੱਚ ਪੰਜ ਦੁਕਾਨਾਂ, ਸੈਕਟਰ 39 ਵਿੱਚ ਨੌਂ ਦੁਕਾਨਾਂ, ਦੁੱਗਰੀ ਵਿੱਚ ਚਾਰ ਦੁਕਾਨਾਂ, ਹੰਬੜਾ ਰੋਡ ’ਤੇ ਤਿੰਨ ਦੁਕਾਨਾਂ ਅਤੇ ਲੋਧੀ ਕਲੱਬ ਨੇੜੇ ਤਿੰਨ ਦੁਕਾਨਾਂ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਦੋ ਦਿਨਾਂ ਵਿੱਚ ਦੁਕਾਨਾਂ ਤਿਆਰ ਹੋ ਜਾਣਗੀਆਂ ਅਤੇ ਦਸ ਦਿਨਾਂ ਤੱਕ ਪਟਾਕੇ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ। ਏਸੀਪੀ ਲਾਇਸੈਂਸਿੰਗ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ 64 ਦੁਕਾਨਾਂ ਸਥਾਪਤ ਕਰਨ ਦੀ ਤਜਵੀਜ਼ ਹੈ। ਪੁਲੀਸ ਪ੍ਰਸ਼ਾਸਨ ਕੋਲ 1,550 ਫਾਰਮ ਆ ਚੁੱਕੇ ਹਨ। ਭਲਕੇ 17 ਅਕਤੂਬਰ ਨੂੰ ਅੰਤਿਮ ਸੂਚੀ ਲਾ ਕੇ 18 ਨੂੰ ਡਰਾਅ ਕੱਢਿਆ ਜਾਵੇਗਾ। ਜਿਸ ਵਿਅਕਤੀ ਦਾ ਡਰਾਅ ਨਿਕਲੇਗਾ, ਉਸ ਨੂੰ ਦਿਸ਼ਾ-ਨਿਰਦੇਸ਼ਾਂ ਦੀ ਲਿਸਟ ਵੀ ਨਾਲ ਦਿੱਤੀ ਜਾਵੇਗੀ। ਏਸੀਪੀ ਨੇ ਦੱਸਿਆ ਕਿ ਉੱਚ ਪੁਲੀਸ ਅਧਿਕਾਰੀਆਂ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੀ ਸਾਰੀ ਪ੍ਰਕਿਰਿਆ ਹੋਵੇਗੀ।