Fire: ਦੁਕਾਨ ਨੂੰ ਅੱਗ ਲੱਗਣ ਕਾਰਨ 70 ਲੱਖ ਦਾ ਨੁਕਸਾਨ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 5 ਜਨਵਰੀ
ਇੱਥੇ ਅੱਜ ਸਵੇਰ ਸਮੇਂ ਇਕ ਕੱਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗਣ ਕਾਰਨ ਪੰਜ ਲੱਖ ਰੁਪਏ ਤੋਂ ਇਲਾਵਾ ਕੱਪੜੇ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਕਰੀਬ 70 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਘਟਨਾ ਵਿੱਚ ਇਕ ਕਾਰ ਵੀ ਸੜ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੁਕਾਨ ਦਾ ਮਾਲਕ ਪਰਿਵਾਰ ਸਣੇ ਦੁਕਾਨ ਦੀ ਉੱਪਰਲੀ ਮੰਜ਼ਿਲ ’ਤੇ ਰਹਿੰਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਫੌਜੀ ਵਾਸੀ ਡੋਡ ਪਿਛਲੇ ਚਾਰ ਸਾਲਾਂ ਤੋਂ ਸ਼ਹਿਰ ਵਿੱਚ ਪ੍ਰਦੀਪ ਬੂਟੀਕ ਨਾਮ ਤੋਂ ਦੁਕਾਨ ਚਲਾ ਰਿਹਾ ਹੈ ਤੇ ਇਸੇ ਦੁਕਾਨ ਦੀ ਉੱਪਰਲੀ ਮੰਜ਼ਿਲ ’ਤੇ ਉਸ ਨੇ ਰਿਹਾਇਸ਼ ਕੀਤੀ ਹੋਈ ਹੈ। ਕੁਲਦੀਪ ਸਿੰਘ ਪਰਿਵਾਰ ਸਣੇ ਰਾਤ ਸਮੇਂ ਸੁੱਤਾ ਪਿਆ ਸੀ ਤਾਂ ਸਵੇਰੇ 4 ਵਜੇ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਕੁਲਦੀਪ ਸਿੰਘ ਫੌਜੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸ ਦਾ ਕਰੀਬ 70 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਦੌਰਾਨ ਦੁਕਾਨ ਵਿੱਚ ਪਏ ਪੰਜ ਲੱਖ ਰੁਪਏ, ਇਕ ਸਵਿਫਟ ਕਾਰ, ਦੋ ਫੋਨ ਤੇ ਦੁਕਾਨ ਵਿਚਲਾ ਸਾਰਾ ਕੱਪੜਾ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਕਰੀਬ 10 ਤੋਲੇ ਸੋਨਾ ਅੱਗ ਲੱਗਣ ਦੀ ਘਟਨਾ ਵਿੱਚ ਕਿੱਧਰੇ ਗੁੰਮ ਹੋ ਗਿਆ। ਦੁਕਾਨ ਨੇੜੇ ਰਹਿੰਦੇ ਝੁੱਗੀ-ਝੋਪੜੀ ਵਾਲਿਆਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ। ਇਸ ਘਟਨਾ ਦਾ ਪਤਾ ਲੱਗਦੇ ਹੀ ਸਤਿਕਾਰ ਕਮੇਟੀ ਕੋਠਾ ਗੁਰੂ ਦੀ ਟੀਮ ਤੇ ਸ਼ਹਿਰ ਦੇ ਹੋਰ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।