ਦੋ ਦਿਨਾਂ ਵਿੱਚ 78 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ
ਗਗਨਦੀਪ ਅਰੋੜਾ
ਲੁਧਿਆਣਾ, 2 ਨਵੰਬਰ
ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਵੱਡੀ ਗਿਣਤੀ ਲੋਕਾਂ ਨੇ ਦੀਪਮਾਲਾ ਕਰਕੇ ਤੇ ਪਟਾਕੇ ਚਲਾ ਕੇ ਮਠਿਆਈਆਂ ਵੰਡਦੇ ਹੋਏ ਖੁਸ਼ੀਆਂ ਸਾਂਝੀਆਂ ਕੀਤੀਆਂ ਤੇ ਕਈ ਥਾਈਂ ਵਾਪਰੀਆਂ ਅੱਗਜ਼ਨੀ ਦੀਆਂ ਘਟਨਾਵਾਂ ਕਾਰਨ ਕੁਝ ਘਰਾਂ ਵਿੱਚ ਮਾਯੂਸੀ ਵੀ ਛਾਈ। ਇਸ ਵਾਰ ਦੋ ਦਿਨ ਦੀਵਾਲੀ ਮਨਾਈ ਗਈ। 31 ਅਕਤੂਬਰ ਤੇ ਪਹਿਲੀ ਨਵੰਬਰ ਦੀ ਰਾਤ ਲੋਕਾਂ ਨੇ ਦਿਲ ਖੋਲ੍ਹ ਕੇ ਪਟਾਕੇ ਚਲਾਏ। ਇਸ ਦੌਰਾਨ ਲਗਪਗ 78 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ, ਜਿਸ ’ਚ ਮਕਾਨ, ਫੈਕਟਰੀਆਂ, ਖਾਲੀ ਪਲਾਟ, ਦੁਕਾਨਾਂ ਤੇ ਹੋਰ ਥਾਵਾਂ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 31 ਅਕਤੂਬਰ ਦੀ ਰਾਤ ਨੂੰ 25 ਅਤੇ 1 ਨਵੰਬਰ ਨੂੰ 53 ਥਾਵਾਂ ’ਤੇ ਅੱਗ ਲੱਗੀ। ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਦੋਵੇਂ ਰਾਤਾਂ ਦੌਰਾਨ ਸਰਗਰਮ ਰਹੀਆਂ।
ਇਸ ਦੌਰਾਨ ਪਿੰਡ ਜਰਖੜ ਅਤੇ ਟਿੱਬਾ ਰੋਡ ’ਤੇ ’ਚ ਪਲਾਸਟਿਕ ਦੇ ਗੁਦਾਮਾਂ ’ਚ ਅੱਗ ਲੱਗ ਗਈ। ਗੁਰੂ ਅਰਜੁਨ ਦੇਵ ਨਗਰ ਇਲਾਕੇ ’ਚ ਇੱਕ ਬੇਕਰੀ ’ਚ ਇੰਨੀ ਭਿਆਨਕ ਅੱਗ ਲੱਗੀ ਕਿ ਦੁਕਾਨ ਅੰਦਰਲਾ ਸਾਮਾਨ ਵੀ ਨਹੀਂ ਬਚਿਆ। ਇਸ ਦੇ ਨਾਲ ਹੀ ਭਾਂਡਿਆਂ ਦੀ ਦੁਕਾਨ ਦਾ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਅਰਜਨ ਦੇਵ ਨਗਰ ਸਥਿਤ ਸੰਨੀ ਬੇਕਰੀ ਨਾਮ ਦੀ ਦੁਕਾਨ ਵਿੱਚ ਦੇਰ ਰਾਤ ਅਚਾਨਕ ਅੱਗ ਲੱਗ ਗਈ। ਦੁਕਾਨ ਮਾਲਕ ਸੰਨੀ ਨੇ ਦੱਸਿਆ ਕਿ ਪੂਰਾ ਪਰਿਵਾਰ ਦੇਰ ਰਾਤ ਕਰੀਬ 12.30 ਵਜੇ ਦੁਕਾਨ ਤੋਂ ਸਾਮਾਨ ਇਕੱਠਾ ਕਰਨ ਮਗਰੋਂ ਘਰ ਗਿਆ ਸੀ। ਕਰੀਬ ਅੱਧੇ ਘੰਟੇ ਬਾਅਦ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਅੱਗ ਕਿਵੇਂ ਲੱਗੀ ਹਾਲੇ ਸਪੱਸ਼ਟ ਨਹੀਂ ਹੈ। ਸੰਨੀ ਨੇ ਦੱਸਿਆ ਕਿ ਅੱਗ ਐਨੀ ਫੈਲ ਚੁੱਕੀ ਸੀ ਕਿ ਅੱਗ ’ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਸੀ। ਫਾਇਰ ਬ੍ਰਿਗੇਡ ਦੀਆਂ ਤਿੰਨ ਤੋਂ ਚਾਰ ਗੱਡੀਆਂ ਨੇ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਦੇਰ ਰਾਤ ਮੱਘਰ ਦੀ ਚੱਕੀ ਦੇ ਸਾਹਮਣੇ ਭਾਂਡਿਆਂ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਫੈਲ ਗਈ ਕਿ ਅੱਗ ਨੇ ਹੇਠਾਂ ਭਾਂਡਿਆਂ ਦੀ ਦੁਕਾਨ ਸਣੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੰਮ ਤੋਂ ਬਾਅਦ ਜਦੋਂ ਉਹ ਸੌਂ ਰਹੇ ਸਨ ਤਾਂ ਅਚਾਨਕ ਕਮਰੇ ਦੇ ਅੰਦਰ ਅਤੇ ਬਾਹਰ ਅੱਗ ਲੱਗ ਗਈ, ਅੱਗ ਐਨੀ ਫੈਲ ਗਈ ਕਿ ਪਰਿਵਾਰਕ ਮੈਂਬਰਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ, ਜਿਸ ਕਾਰਨ ਕਾਫੀ ਨੁਕਸਾਨ ਹੋ ਗਿਆ, ਘਰ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਕਾਬੂ ਪਾਉਣ ਲਈ 9 ਤੋਂ 10 ਗੱਡੀਆਂ ਆਈਆਂ, ਮੈਂਬਰਾਂ ਦੀਆਂ ਲੱਤਾਂ ਟੁੱਟ ਗਈਆਂ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸੇ ਤਰ੍ਹਾਂ ਸ਼ਹਿਰ ਦੀ ਪੁਲੀਸ ਲਾਈਨ ਵਿੱਚ ਵੀ ਭਿਆਨਕ ਅੱਗ ਲੱਗ ਗਈ। ਪਟਾਕਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਪੁਲੀਸ ਲਾਈਨਾਂ ’ਚ ਵੱਖ-ਵੱਖ ਮਾਮਲਿਆਂ ’ਚ ਬੰਦ ਵਾਹਨਾਂ ’ਤੇ ਗਿਰ ਗਈਆਂ, ਜਿਸ ਤੋਂ ਬਾਅਦ ਦੇਖਦੇ ਹੋਏ ਅੱਗ ਫੈਲ ਗਈ। ਪੁਲੀਸ ਲਾਈਨ ’ਚ ਵੱਡੀ ਗਿਣਤੀ ’ਚ ਗੱਡੀਆਂ ਸੜ ਗਈਆਂ, ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਸ਼ਹਿਰ ਦੇ ਸੈਕਟਰ 32 ਸਥਿਤ ਐੱਲਆਈਜੀ ਫਲੈਟ ਨੇੜੇ ਸ਼ੱਕੀ ਹਾਲਾਤਾਂ ਵਿੱਚ ਸਿਲੰਡਰ ਫਟ ਗਿਆ। ਜਾਣਕਾਰੀ ਦਿੰਦੇ ਹੋਏ ਸੁਮਿਤ ਕੁਮਾਰ ਨੇ ਦੱਸਿਆ ਕਿ ਉਹ ਫਲੈਟ ਨੰਬਰ 551 ਵਿੱਚ ਆਪਣੀ ਮਾਂ ਅਤੇ ਪਤਨੀ ਨਾਲ ਰਹਿੰਦਾ ਹੈ। ਘਟਨਾ ਦੇ ਸਮੇਂ ਉਸ ਦੀ ਪਤਨੀ ਕਿਸੇ ਰਿਸ਼ਤੇਦਾਰ ਦੇ ਘਰ ਗਈ ਹੋਈ ਸੀ। ਜਦੋਂ ਕੀ ਉਹ ਆਪਣੀ ਮਾਂ ਨਾਲ ਗਲੀ ਵਿੱਚ ਖੜ੍ਹਾ ਸੀ। ਅਚਾਨਕ ਘਰ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੇ ਅੱਗ ਦੀਆਂ ਲਪਟਾਂ ਸਾਰੇ ਘਰ ਵਿੱਚ ਫੈਲ ਗਈਆਂ। ਸੁਮਿਤ ਨੇ ਦੱਸਿਆ ਕਿ ਉਸ ਦਾ ਪੂਰਾ ਘਰ ਸੜ ਗਿਆ ਹੈ। ਇਸ ਦੇ ਨਾਲ ਹੀ ਮਕਾਨ ਦੀ ਛੱਤ ਵੀ ਟੁੱਟ ਗਈ ਹੈ। ਚਾਰ ਗੁਆਂਢੀ ਘਰਾਂ ਦੀਆਂ ਕੰਧਾਂ ਵਿੱਚ ਵੀ ਤਰੇੜਾਂ ਆ ਗਈਆਂ ਹਨ। ਟਿੱਬਾ ਰੋਡ ’ਤੇ ਗੁਰਮੇਲ ਪਾਰਕ ਨੇੜੇ ਪਲਾਸਟਿਕ ਫੈਕਟਰੀ ਦੇ ਗੁਦਾਮ ’ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਹੇਠਲੀ ਮੰਜ਼ਿਲ ’ਤੇ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰਵਾ ਕੇ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਇਸ ਤੋਂ ਇਲਾਵਾ ਪਿੰਡ ਜਰਖੜ ਵਿੱਚ ਪਲਾਸਟਿਕ ਦੇ ਗੁਦਾਮ ਨੂੰ ਅੱਗ ਲੱਗ ਗਈ। ਕੁਝ ਦੇਰ ਵਿੱਚ ਹੀ ਗੁਦਾਮ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ 17 ਘਰਾਂ, 21 ਪਲਾਟ ਤੇ ਗਰਾਊਂਡ, 18 ਗੁਦਾਮ, ਤਿੰਨ ਕਾਰਾਂ, ਅੱਠ ਦੁਕਾਨਾਂ, ਇਕ ਮੋਟਰਸਾਈਕਲ ਸਮੇਤ ਹੋਰ ਵਾਰਦਾਤਾਂ ਸਾਹਮਣੇ ਆਈਆਂ ਹਨ।