ਪੀਜੀਆਈ ਵਿਚ ਅੱਗ ਦੀ ਘਟਨਾ
ਪੀਜੀਆਈ, ਚੰਡੀਗੜ੍ਹ ਦੇ ਨਹਿਰੂ ਹਸਪਤਾਲ ਵਿਚ ਅੱਗ ਲੱਗਣ ਦੀ ਘਟਨਾ ਵਾਪਰਨ ਤੋਂ ਬਾਅਦ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਹ ਇਕ ਵੱਡੀ ਤ੍ਰਾਸਦੀ ਹੋ ਸਕਦੀ ਸੀ ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਇਕ ਚਮਤਕਾਰੀ ਬਚਾਓ ਸੀ। ਇਸ ਮੌਕੇ ਸਟਾਫ, ਡਾਕਟਰਾਂ ਅਤੇ ਬਚਾਅਕਰਮੀਆਂ ਨੇ ਫੁਰਤੀ ਅਤੇ ਦਲੇਰੀ ਤੋਂ ਕੰਮ ਲੈਂਦਿਆਂ ਮਰੀਜ਼ਾਂ ਦੀ ਸਲਾਮਤੀ ਯਕੀਨੀ ਬਣਾਈ। ਇਸ ਤਰ੍ਹਾਂ ਦੀ ਘਟਨਾ ਵਿਚ ਕੁਝ ਵੀ ਵਾਪਰ ਸਕਦਾ ਹੈ। ਪੰਜਵੀਂ ਮੰਜ਼ਿਲ ’ਤੇ ਵੈਂਟੀਲੇਟਰ ’ਤੇ ਰੱਖੇ ਪੰਜ ਮਰੀਜ਼ਾਂ ਨੂੰ ਹਾਈਡ੍ਰਾਲਿਕ ਕਰੇਨ ਦੀ ਮਦਦ ਨਾਲ ਬਾਹਰ ਕੱਢਣਾ ਪਿਆ ਅਤੇ ਉਨ੍ਹਾਂ ਨੂੰ ਨਹਿਰੂ ਹਸਪਤਾਲ ਐਕਸਟੈਨਸ਼ਨ ਦੇ ਆਈਸੀਯੂ ਵਿਚ ਤਬਦੀਲ ਕੀਤਾ ਗਿਆ। ਪੀਜੀਆਈ ਦੇਸ਼ ਦੀ ਇਕ ਵੱਕਾਰੀ ਸੰਸਥਾ ਹੈ ਅਤੇ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਇਹ ਹੌਲਨਾਕ ਘਟਨਾ ਵਾਪਰਨ ਤੋਂ ਬਾਅਦ ਹੁਣ ਇਸ ਨੂੰ ਇਮਾਰਤਾਂ ਨੂੰ ਅੱਗ ਤੋਂ ਸੁਰੱਖਿਅਤ ਰੱਖਣ ਦੀ ਸਮੱਸਿਆ ਬਾਰੇ ਅੰਤਰਝਾਤ ਮਾਰਨ ਅਤੇ ਦਰੁਸਤੀ ਲਈ ਕਦਮ ਚੁੱਕਣ ਦੀ ਲੋੜ ਹੈ।
ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਮੁੱਢਲੇ ਰੂਪ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਆਈਆਈਟੀ ਰੁੜਕੀ ਦੁਆਰਾ ਅਪਰੈਲ ਤੋਂ ਪੰਜ ਇਮਾਰਤਾਂ ਦਾ ਫਾਇਰ ਆਡਿਟ ਕੀਤਾ ਜਾ ਰਿਹਾ ਸੀ। ਪੀਜੀਆਈ ਦੇ ਡਾਇਰੈਕਟਰ ਨੇ ਆਖਿਆ ਹੈ ਕਿ ਅੱਗ ਲੱਗਣ ’ਤੇ ਬਚਾਓ ਕਵਾਇਦ (ਫਾਇਰ ਸੇਫਟੀ ਡਰਿੱਲ) ਵਿਚ ਨਿਪੁੰਨਤਾ ਅਤੇ ਸਟਾਫ ਦੀ ਸਿਖਲਾਈ ਸਦਕਾ ਹਾਲਾਤ ’ਤੇ ਝਟਪਟ ਕਾਬੂ ਪਾ ਲਿਆ ਗਿਆ। ਉਨ੍ਹਾਂ ਇਹ ਵੀ ਭਰੋਸਾ ਦਵਿਾਇਆ ਹੈ ਕਿ ਕੁਝ ਹੋਰ ਅੱਗ ਬੁਝਾਊ ਉਪਰਾਲੇ ਵੀ ਕੀਤੇ ਜਾਣਗੇ। ਪੀਜੀਆਈ ਨੂੰ ਹਾਲੇ ਇਸ ਲਿਹਾਜ਼ ਤੋਂ ਕਈ ਸਵਾਲਾਂ ਦਾ ਜਵਾਬ ਦੇਣਾ ਪੈਣਾ ਹੈ। ਅੱਗ ਬੁਝਾਊ ਪ੍ਰਬੰਧਾਂ ਵਿਚਲੀਆਂ ਖ਼ਾਮੀਆਂ ਨੂੰ ਲੈ ਕੇ ਪਰੇਸ਼ਾਨ ਕਰਨ ਵਾਲੇ ਕਈ ਖੁਲਾਸੇ ਹੋਏ ਹਨ। ਪਤਾ ਚੱਲਿਆ ਹੈ ਕਿ ਨਹਿਰੂ ਹਸਪਤਾਲ ਦੇ ਜਿਸ ਬਲਾਕ ਵਿਚ ਅੱਗ ਲੱਗੀ ਹੈ, ਉਸ ਸਬੰਧੀ ਅਜੇ ਤਾਈਂ ਅਗਨੀ ਸੁਰੱਖਿਆ (ਫਾਇਰ ਸੇਫਟੀ) ਪ੍ਰਮਾਣ ਪੱਤਰ ਨਹੀਂ ਮਿਲਿਆ। ਪੀਜੀਆਈ ਦੀਆਂ 16 ਇਮਾਰਤਾਂ ’ਚੋਂ ਸਿਰਫ਼ ਇਕ ਇਮਾਰਤ ਨੂੰ ਹੀ ਅੱਗ ਬੁਝਾਊ ਵਿਭਾਗ ਤੋਂ ‘ਕੋਈ ਇਤਰਾਜ਼ ਨਾ ਹੋਣ ਦਾ ਪ੍ਰਮਾਣ ਪੱਤਰ’ ਮਿਲਿਆ ਹੈ। ਅਧਿਕਾਰੀਆਂ ਨੂੰ ਇਹ ਮੁੱਦਾ ਪਹਿਲ ਦੇ ਆਧਾਰ ’ਤੇ ਨਜਿੱਠਣਾ ਚਾਹੀਦਾ ਹੈ। ਪੀਜੀਆਈ ਦੀਆਂ ਕਈ ਇਮਾਰਤਾਂ ਪੁਰਾਣੀਆਂ ਹਨ ਜਨਿ੍ਹਾਂ ਅੰਦਰ ਸੇਵਾਵਾਂ ਆਮ ਵਾਂਗ ਜਾਰੀ ਰੱਖਦਿਆਂ ਆਧੁਨਿਕ ਅੱਗ ਬੁਝਾਊ ਯੰਤਰ ਫਿੱਟ ਕਰਨੇ ਮੁਸ਼ਕਲ ਹਨ। ਕੁਝ ਵੀ ਹੋਵੇ, ਪਰ ਮਰੀਜ਼ਾਂ, ਤੀਮਾਰਦਾਰਾਂ, ਡਾਕਟਰਾਂ ਅਤੇ ਸਟਾਫ਼ ਦੀ ਸਲਾਮਤੀ ਨੂੰ ਕਿਸੇ ਵੀ ਸੂਰਤ ਵਿਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਹ ਸਮੱਸਿਆ ਸਿਰਫ਼ ਪੀਜੀਆਈ ਤਕ ਸੀਮਤ ਨਹੀਂ। ਇਸ ਖਿੱਤੇ ਦੇ ਬਹੁਤ ਸਾਰੇ ਹਸਪਤਾਲਾਂ, ਹੋਟਲਾਂ, ਰਿਹਾਇਸ਼ੀ ਇਮਾਰਤਾਂ ਆਦਿ ਵਿਚ ਵੀ ਅੱਗ ਬੁਝਾਊ ਪ੍ਰਬੰਧਾਂ ਵਿਚ ਕਈ ਤਰ੍ਹਾਂ ਦੀਆਂ ਖ਼ਾਮੀਆਂ ਹਨ। ਕਈ ਵਾਰ ਖਰਚੇ ਬਚਾਉਣ ਲਈ ਅਜਿਹੇ ਪ੍ਰਬੰਧ ਕਰਨ ਤੋਂ ਪਾਸਾ ਵੱਟਿਆ ਜਾਂਦਾ ਹੈ ਅਤੇ ਕਈ ਵਾਰ ਲਾਪਰਵਾਹੀ ਕਾਰਨ। ਅਜਿਹੇ ਪ੍ਰਬੰਧਾਂ ਵਿਚ ਕੋਤਾਹੀ ਵਰਤਣਾ ਲੋਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿਚ ਪਾ ਸਕਦਾ ਹੈ। ਜਿੱਥੇ ਇਮਾਰਤਾਂ ਅਤੇ ਅਦਾਰਿਆਂ ਦੇ ਪ੍ਰਬੰਧਕਾਂ ਦਾ ਫ਼ਰਜ਼ ਹੈ ਕਿ ਉਹ ਇਮਾਰਤਾਂ ਨੂੰ ਅੱਗ ਲੱਗਣ ਤੋਂ ਸੁਰੱਖਿਅਤ ਰੱਖਣ ਤੇ ਅੱਗ ਬੁਝਾਉਣ ਦੇ ਉਚਿਤ ਪ੍ਰਬੰਧ ਕਰਨ ਉੱਥੇ ਅਜਿਹੇ ਪ੍ਰਬੰਧਾਂ ’ਤੇ ਨਜ਼ਰਸਾਨੀ ਕਰਨਾ ਸਰਕਾਰਾਂ ਤੇ ਸਰਕਾਰੀ ਏਜੰਸੀਆਂ ਦੀ ਜ਼ਿੰਮੇਵਾਰੀ ਹੈ।