ਗਰਿੱਡ ’ਚ ਅੱਗ: ਮੋਟਰਾਂ ਦੀ ਬਿਜਲੀ ਸਪਲਾਈ ਸੱਤ ਦਿਨ ਤੋਂ ਠੱਪ
ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਜੁਲਾਈ
ਇਥੇ ਪਿਛਲੇ ਦਿਨੀਂ ਸਿੰਘਾਵਾਲਾ 220 ਕੇਵੀ ਗਰਿੱਡ ਦਾ ਵੱਡਾ ਟਰਾਂਸਫਾਰਮਰ ਸੜਨ ਮਗਰੋਂ ਪੈਦਾ ਹੋਏ ਬਿਜਲੀ ਸੰਕਟ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪਾਵਰਕੌਮ ਅਧਿਕਾਰੀ ਕੋਸ਼ਿਸ਼ਾਂ ਕਰ ਰਹੇ ਹਨ ਪਰ 7 ਦਿਨ ਤੋਂ ਖੇਤੀ ਲਈ ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਝੋਨੇ ਦੀ ਫ਼ਸਲ ਸੁੱਕਣ ਲੱਗੀ। ਇਸ ਤੋਂ ਅੱਕੇ ਹੋਏ ਕਿਸਾਨਾਂ ਨੇ ਅੱਜ ਗਰਿੱਡ ਸਾਹਮਣੇ ਮੋਗਾ-ਕੋਟਕਪੂਰਾ ਕੌਮੀ ਮਾਰਗ ਉੱਤੇ ਆਵਾਜਾਈ ਰੋਕ ਕੇ ਨਾਅਰੇਬਾਜ਼ੀ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ, ਤੀਰਥਵਿੰਦਰ ਸਿੰਘ ਘੱਲ ਕਲਾਂ ਅਤੇ ਬੀਕੇਯੂ ਏਕਤਾ ਉਗਰਾਹਾ ਦੇ ਆਗੂ ਬਲੌਰ ਸਿੰਘ ਘਾਲੀ, ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿੰਦਰ ਸਿੰਘ ਬੁੱਕਣਵਾਲਾ ਨੇ ਕਿਹਾ ਕਿ ਪਿਛਲੇ ਦਿਨੀ ਸਿੰਘਾਵਾਲਾ 220 ਕੇਵੀ ਗਰਿੱਡ ਦਾ ਵੱਡਾ ਟਰਾਂਸਫਾਰਮਰ ਮੱਚ ਗਿਆ ਸੀ ਪਰ ਮੋਟਰਾਂ ਲਈ ਬਿਜਲੀ ਸਪਲਾਈ ਬਹਾਲ ਨਾ ਹੋਣ ਕਰਕੇ ਸੋਕੇ ਵਰਗੇ ਹਲਾਤ ਪੈਦਾ ਹੋ ਗਏ ਹਨ ਜਿਸ ਤੋਂ ਮਜਬੂਰ ਹੋ ਕੇ ਕਿਸਾਨਾਂ-ਮਜ਼ਦੂਰਾਂ ਨੇ ਸਿੰਘਾਵਾਲਾ ਗਰਿੱਡ ਦਾ ਘਿਰਾਓ ਕੀਤਾ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਖੇਤੀ ਲਈ ਦਿੱਤੀ ਜਾ ਰਹੀ ਨਾਕਸ ਬਿਜਲੀ ਸਪਲਾਈ ’ਚ ਸੁਧਾਰ ਕਰ ਕੇ ਸਰਕਾਰ ਅਤੇ ਪਾਵਰਕੌਮ ਦੇ ਐਲਾਨ ਮੁਤਾਬਕ ਘੱਟੋ-ਘੱਟ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ ਅਤੇ ਫੀਡਰ ’ਚ ਨੁਕਸ ਪੈਣ ਦੀ ਸੂਰਤ ਵਿੱਚ ਪੂਰਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਵਿੱਚ ਤੁਰੰਤ ਸੁਧਾਰ ਨਾ ਕੀਤਾ ਗਿਆ ਤਾਂ ਉਹ ਤਿੱਖੇ ਸੰਘਰਸ਼ ਲਹੀ ਮਜਬੂਰ ਹੋਣਗੇ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਪਾਵਰਕੌਮ ਦੇ ਅਧਿਕਾਰੀਆਂ ਦੀ ਹੋਵੇਗੀ।