Fire: ਬਠਿੰਡਾ ਦੇ ਬੰਬੇ ਫਰਨੀਚਰ ਹਾਊਸ ਵਿੱਚ ਅੱਗ, ਵੱਡਾ ਨੁਕਸਾਨ
ਮਨੋਜ ਸ਼ਰਮਾ
ਬਠਿੰਡਾ, 13 ਮਈ
ਇੱਥੇ ਰਾਤ ਸਵਾ ਅੱਠ ਵਜੇ ਕਿੱਕਰ ਬਾਜ਼ਾਰ ਸਥਿਤ ਬੰਬੇ ਫਰਨੀਚਰ ਹਾਊਸ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਨੇ ਤੀਜੀ ਅਤੇ ਚੌਥੀ ਮੰਜ਼ਿਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਫਰਨੀਚਰ ਅਤੇ ਗੱਦੇ ਸੜ ਕੇ ਰਾਖ ਹੋ ਗਏ।
ਫਾਇਰ ਬ੍ਰਿਗੇਡ ਵਿਭਾਗ ਦੇ ਸਬ ਫਾਇਰ ਅਫਸਰ ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਪੰਜ ਫਾਇਰ ਟੈਂਡਰ ਮੌਕੇ ’ਤੇ ਪਹੁੰਚੇ। ਫਾਇਰਮੈਨ ਮਾਲਵਿੰਦਰ ਸਿੰਘ, ਹਨੀ ਸਿੰਘ, ਰਾਜਕੁਮਾਰ, ਰਵੀਦੀਪ, ਮਨਦੀਪ ਸ਼ਰਮਾ ਅਤੇ ਸਹਿਜ ਦੇਵ ਦੀ ਟੀਮ ਨੇ ਦਲੇਰੀ ਦਿਖਾਉਂਦੇ ਹੋਏ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਇੰਨੀ ਭਿਆਨਕ ਸੀ ਕਿ ਨਾਲ ਵਾਲੇ ਹੋਰ ਸ਼ੋਅਰੂਮਾਂ ਨੂੰ ਵੀ ਨੁਕਸਾਨ ਹੋਣ ਦਾ ਖਤਰਾ ਬਣ ਗਿਆ ਸੀ। ਕਿਸੇ ਵੱਡੀ ਹਾਨੀ ਤੋਂ ਬਚਾਉਣ ਲਈ ਤੁਰੰਤ ਕਾਰਵਾਈ ਕੀਤੀ ਗਈ। ਸ਼ੋਅਰੂਮ ਦੇ ਮਾਲਕ ਅਪਰਮ ਜੈਨ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲਗ ਸਕਿਆ ਪਰ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਜਿਸ ਦਾ ਹਾਲੇ ਤੱਕ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ।

ਇਸ ਤੋਂ ਇਲਾਵਾ, ਇੱਕ ਹੋਰ ਘਟਨਾ ਵਿੱਚ ਬਠਿੰਡਾ ਦੀ ਲਾਲ ਸਿੰਘ ਬਸਤੀ ਵਿੱਚ ਸੰਤ ਰਾਮ ਦੀ ਕਵਾੜ ਦੇ ਨੌਰੇ ਨੂੰ ਵੀ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਇੱਥੇ ਵੀ ਸਮੇਂ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ।