ਐੱਨਸੀਸੀ ਦੇ ਕੈਂਪ ਦੌਰਾਨ ਅੱਗ ਬੁਝਾਉਣ, ਜੰਗੀ ਕਰਾਫਟ ਦੀ ਸਿਖਲਾਈ
ਪੱਤਰ ਪ੍ਰੇਰਕ
ਯਮੁਨਾਨਗਰ, 10 ਨਵੰਬਰ
ਇੱਥੇ 14 ਹਰਿਆਣਾ ਬਟਾਲੀਅਨ ਐੱਨਸੀਸੀ ਨੇ ਕਮਾਂਡਿੰਗ ਅਫਸਰ ਕਰਨਲ ਜਰਨੈਲ ਸਿੰਘ, ਪ੍ਰਸ਼ਾਸਨਿਕ ਅਧਿਕਾਰੀ ਕਰਨਲ ਜਤਿੰਦਰ ਸਿੰਘ ਦਹੀਆ ਅਤੇ ਸੂਬੇਦਾਰ ਮੇਜਰ ਸ਼ਹਿਨਾਜ਼ ਹੁਸੈਨ ਦੀ ਅਗਵਾਈ ਹੇਠ ਗਣਪਤੀ ਸੰਸਥਾਨ ਬਿਲਾਸਪੁਰ ਵਿੱਚ ਐੱਨਸੀਸੀ ਦਾ ਸਾਂਝਾ ਸਾਲਾਨਾ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਦਾ ਉਦੇਸ਼ ਕੈਡੇਟਾਂ ਨੂੰ ਮੈਪ ਰੀਡਿੰਗ, ਹਥਿਆਰਾਂ ਦੀ ਸਿਖਲਾਈ, ਫੀਲਡ ਕਰਾਫਟ, ਜੰਗੀ ਕਰਾਫਟ ਅਤੇ ਡਰਿੱਲ ਸਣੇ ਵੱਖ-ਵੱਖ ਵਿਸ਼ਿਆਂ ਵਿੱਚ ਵਿਆਪਕ ਸਿਖਲਾਈ ਪ੍ਰਦਾਨ ਕਰਨਾ ਹੈ । ਕੈਡੇਟਾਂ ਨੂੰ ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨ ’ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਵਾਤਾਵਰਨ ਸੁਰੱਖਿਆ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ। ਕੈਂਪ ਵਿੱਚ ਕੈਡੇਟਾਂ ਨੇ ਲੀਡਰਸ਼ਿਪ ਹੁਨਰ, ਟੀਮ ਵਰਕ ਅਤੇ ਸਵੈ-ਨਿਰਭਰਤਾ ਦੇ ਵਿਕਾਸ ’ਤੇ ਧਿਆਨ ਕੇਂਦਰਿਤ ਕੀਤਾ। ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਵਿੱਚ ਐੱਨਸੀਸੀ ਕੈਡੇਟਾਂ ਨੇ ਅਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਿਖਲਾਈ ਕੈਂਪ ਦੇ ਸੁਚਾਰੂ ਸੰਚਾਲਨ ਨੂੰ ਏਐੱਨਓ ਕੈਪਟਨ ਗੀਤੂ ਖੰਨਾ, ਲੈਫਟੀਨੈਂਟ ਡਿੰਪਲ ਕੁਮਾਰ, ਥਰਡ ਅਫਸਰ ਪੁਨੀਤ ਬਾਵਰਾ ਅਤੇ ਥਰਡ ਅਫਸਰ ਗੌਰਵ ਸ਼ਰਮਾ ਨੇ ਯਕੀਨੀ ਅਤੇ ਸਫ਼ਲ ਬਣਾਇਆ । ਸੰਯੁਕਤ ਸਾਲਾਨਾ ਸਿਖਲਾਈ ਕੈਂਪ ਐੱਨਸੀਸੀ ਸਿਖਲਾਈ ਪ੍ਰੋਗਰਾਮ ਦਾ ਇੱਕ ਉਦੇਸ਼ ਕੈਡੇਟਾਂ ਵਿੱਚ ਅਨੁਸ਼ਾਸਿਤ ਜੀਵਨ, ਦੋਸਤੀ, ਲੀਡਰਸ਼ਿਪ ਦੇ ਗੁਣ, ਸਵੈ-ਵਿਸ਼ਵਾਸ ਅਤੇ ਸਵੈ-ਨਿਰਭਰਤਾ ਪੈਦਾ ਕਰਨਾ ਹੈ। ਐੱਨਸੀਸੀ ਦੇ ਇਸ ਸਿਖਲਾਈ ਕੈਂਪ ਵਿੱਚ ਕੈਡੇਟ ਸਿਖਲਾਈ ਲੈ ਕੇ ਉੱਚ ਮਿਆਰ ਦੀ ਸਿੱਖਿਆ ਹਾਸਲ ਕਰ ਰਹੇ ਹਨ ।