Fire engulfs TN hospital: ਤਾਮਿਲਨਾਡੂ ਦੇ ਹਸਪਤਾਲ ’ਚ ਅੱਗ; ਸੱਤ ਦੀ ਮੌਤ
ਡਿੰਡੀਗੁਲ, 12 ਦਸੰਬਰ
Fire: ਇਸ ਜ਼ਿਲ੍ਹੇ ਦੇ ਹੱਡੀਆਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਅੱਜ ਰਾਤ ਵੇਲੇ ਅੱਗ ਲੱਗ ਗਈ ਜਿਸ ਕਾਰਨ ਸੱਤ ਜਣਿਆਂ ਦੀ ਮੌਤ ਹੋਣ ਦੀ ਖਬਰ ਹੈ। ਇਹ ਜਾਣਕਾਰੀ ਮਿਲੀ ਹੈ ਕਿ ਇਹ ਅੱਗ ਗਰਾਊਂਡ ਫਲੋਰ ’ਤੇ ਸ਼ਾਰਟ ਸਰਕਟ ਨਾਲ ਲੱਗੀ ਜਿਸ ਨੇ ਉਪਰਲੀ ਮੰਜ਼ਿਲਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ। ਟੀਵੀ ਰਿਪੋਰਟਾਂ ਮੁਤਾਬਕ ਇਹ ਮੌਤਾਂ ਦਮ ਘੁਟਣ ਨਾਲ ਹੋਈਆਂ ਕਿਉਂਕਿ ਸਾਰੀ ਇਮਾਰਤ ਵਿਚ ਸੰਘਣਾ ਧੂੰਆਂ ਫੈਲ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਪੰਜਾਹ ਗੱਡੀਆਂ ਵੀ ਮੌਕੇ ’ਤੇ ਪੁੱਜ ਗਈਆਂ ਹਨ ਤੇ ਵੱਡੀ ਗਿਣਤੀ ਐਂਬੂਲੈਂਸਾਂ ਨੂੰ ਹਸਪਤਾਲ ਦੇ ਬਾਹਰ ਤਾਇਨਾਤ ਕਰ ਦਿੱਤਾ ਗਿਆ ਹੈ। ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ ਤਿੰਨ ਔਰਤਾਂ, ਤਿੰਨ ਮਰਦ ਤੇ ਇਕ ਬੱਚਾ ਸ਼ਾਮਲ ਹਨ। ਫਾਇਰ ਬ੍ਰਿਗੇਡ ਤੇ ਪੁਲੀਸ ਅਮਲੇ ਵਲੋਂ ਹਸਪਤਾਲ ਵਿਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਦੇ ਅੰਦਰ ਲਿਫਟ ’ਚ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਫਾਇਰ ਅਤੇ ਰੈਸਕਿਊ ਵਿਭਾਗ ਵੱਲੋਂ ਹਸਪਤਾਲ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਤੋਂ ਮਰੀਜ਼ਾਂ ਨੂੰ ਡਿੰਡੀਗੁਲ ਦੇ ਨੇੜਲੇ ਸਰਕਾਰੀ ਹਸਪਤਾਲ ਵਿੱਚ ਤਬਦੀਲ ਕਰਨ ਲਈ ਨੇੜਲੇ ਖੇਤਰਾਂ ਤੋਂ ਕਰੀਬ 50 ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਹੈ। ਆਈਏਐੱਨਐੱਸ