ਵਿਆਹੁਤਾ ਦੀ ਮੌਤ ਤੋਂ 4 ਮਹੀਨੇ ਬਾਅਦ ਐਫਆਈਆਰ ਦਰਜ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 10 ਅਗਸਤ
ਗੰਗਾਨਗਰ (ਰਾਜਸਥਾਨ) ਤੋਂ ਅੰਬਾਲਾ ਵਿਆਹੀ ਲੜਕੀ ਦੀ ਮੌਤ ਦੇ 4 ਮਹੀਨੇ ਬਾਅਦ ਪੁਲੀਸ ਨੇ ਅੰਬਾਲਾ ਸ਼ਹਿਰ ਦੇ ਸੈਕਟਰ-9 ਨਿਵਾਸੀ ਪਤੀ, ਸੱਸ ਅਤੇ ਸਹੁਰੇ ਦੇ ਖ਼ਿਲਾਫ਼ ਦਾਜ ਲਈ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਗੰਗਾਨਗਰ ਨਿਵਾਸੀ ਪਿਤਾ ਨੇ ਦੋਸ਼ ਲਾਇਆ ਕਿ ਉਸ ਦੀ ਬੇਟੀ ਇੰਦਰਮੀਤ ਕੌਰ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਗਲ ਘੁੱਟ ਕੇ ਮਾਰਿਆ ਹੈ। ਗੰਗਾਨਗਰ ਦੇ ਜਿਊਲਰ ਦਿਲਦਾਰ ਸਿੰਘ ਨੇ ਦੋਸ਼ ਲਾਏ ਹਨ ਕਿ ਉਸ ਦੇ ਜਵਾਈ ਗੁਰਸੇਵਕ ਸਿੰਘ, ਬੇਟੀ ਦੀ ਸੱਸ ਅਮਰਜੀਤ ਕੌਰ ਅਤੇ ਸਹੁਰਾ ਪ੍ਰੀਤਮ ਸਿੰਘ ਨੇ ਵਿਆਹ ਮੌਕੇ ਘੱਟੋ ਘੱਟ ਦੋ ਕਰੋੜ ਰੁਪਏ ਕੈਸ਼ ਅਤੇ ਵਿਦੇਸ਼ੀ ਗੱਡੀ ਦੀ ਉਮੀਦ ਲਾਈ ਸੀ। ਇਸ ਕਰ ਕੇ ਉਹ ਉਸਦੀ ਬੇਟੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਉਸ ਨੇ ਦੱਸਿਆ ਕਿ 11 ਅਪਰੈਲ 2023 ਨੂੰ ਬੇਟੀ ਨੇ ਮਰਨ ਤੋਂ ਪਹਿਲਾਂ ਦੁਪਹਿਰ 12.40 ’ਤੇ ਫੋਨ ਕਰਕੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਸਹੁਰਾ ਪਰਿਵਾਰ ਜ਼ੋਰ ਪਾ ਰਿਹਾ ਹੈ ਕਿ ਜਾਂ ਤਾਂ ਖ਼ੁਦਕੁਸ਼ੀ ਕਰ ਲੈ ਜਾਂ ਫਿਰ ਉਹ ਉਸ ਨੂੰ ਮਾਰ ਦੇਣਗੇ। ਸ਼ਾਮ 6 ਵਜੇ ਸੱਸ ਦਾ ਫੋਨ ਆਇਆ ਸੀ ਕਿ ਇੰਦਰਮੀਤ ਕੌਰ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲੀਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।