ਚੋਣ ਅਧਿਕਾਰੀ ਨੂੰ ਘੜੀਸਣ ਦੇ ਮਾਮਲੇ ਵਿੱਚ 40 ਵਿਰੁੱਧ ਪਰਚਾ ਦਰਜ
ਸਰਬਜੀਤ ਸਿੰਘ ਭੱਟੀ
ਲਾਲੜੂ, 17 ਅਕਤੂਬਰ
ਪਿੰਡ ਹੰਸਾਲਾ ਵਿੱਚ ਚੋਣਾਂ ਵਾਲੇ ਦਿਨ ਹਾਰੇ ਹੋਏ ਸਰਪੰਚੀ ਦੇ ਉਮੀਦਵਾਰ ਅਤੇ ਉਸ ਦੇ ਸਮਰਥਕਾਂ ਵੱਲੋਂ ਪੋਲਿੰਗ ਸਟੇਸ਼ਨ ’ਚ ਹੰਗਾਮਾ ਕਰਨ, ਪੋਲਿੰਗ ਪਾਰਟੀ ਨੂੰ ਰਾਹ ਵਿੱਚ ਘੇਰ ਕੇ ਚੋਣ ਸਮੱਗਰੀ ਖੋਹਣ ਅਤੇ ਪੁਲੀਸ ਮੁਲਾਜ਼ਮ ਦੀ ਵਰਦੀ ਫਾੜਨ ਦੇ ਦੋਸ਼ ਹੇਠ ਪ੍ਰੀਜ਼ਾਈਡਿੰਗ ਅਫ਼ਸਰ ਦੀ ਸ਼ਿਕਾਇਤ ’ਤੇ ਉਮੀਦਵਾਰ ਸਣੇ ਦੋ ਔਰਤਾਂ ਅਤੇ 40 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਚੋਣ ਡਿਊਟੀ ’ਤੇ ਮੌਜੂਦ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ ਪੋਲਿੰਗ ਟੀਮ ਸਾਮਾਨ ਲੈ ਕੇ ਬੱਸ ’ਚ ਬੈਠਣ ਲਈ ਕਮਰਿਆਂ ਤੋਂ ਨਿਕਲੀ ਹੀ ਸੀ ਕਿ ਸਰਪੰਚੀ ਦੀ ਚੋਣ ਲੜ ਰਹੀ ਪ੍ਰੀਤੀ ਦੇ ਪਤੀ ਹਰਵਿੰਦਰ ਨੇ ਵੋਟਾਂ ਵਾਲੇ ਥੈਲੇ ’ਤੇ ਝਪਟ ਮਾਰ ਕੇ ਉਸ ਨੂੰ ਖੋਹਣ ਦੀ ਕੋਸ਼ਿਸ਼ ਕੀਤੀ।
ਪੋਲਿੰਗ ਅਧਿਕਾਰੀ ਨੇ ਬੈਗ ਨਹੀਂ ਛੱਡੇ ਅਤੇ ਉਸ ਨੂੰ ਕਰੀਬ 15 ਤੋਂ 20 ਫੁੱਟ ਤੱਕ ਘੜੀਸਿਆ ਗਿਆ। ਇਸ ਦੌਰਾਨ ਵੋਟਾਂ ਵਾਲਾ ਥੈਲਾ ਸਾਮਾਨ ਸਮੇਤ ਲੈ ਕੇ ਭੀੜ ਵਿੱਚੋਂ ਕੁੱਝ ਲੋਕ ਹਨੇਰੇ ਦਾ ਫਾਇਦਾ ਚੁੱਕ ਕੇ ਫ਼ਰਾਰ ਹੋ ਗਏ। ਲਾਲੜੂ ਪੁਲੀਸ ਨੇ ਰਾਤ ਨੂੰ ਹੀ 40 ਤੋਂ ਵੱਧ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਇਨ੍ਹਾਂ ਵਿੱਚ ਪ੍ਰੀਤੀ, ਉਸ ਦਾ ਪਤੀ ਹਰਵਿੰਦਰ, ਜਸਬੀਰ ਕੌਰ ਸਮੇਤ 9 ਵਿਅਕਤੀ ਨਾਮਜ਼ਦ ਹਨ। ਪੁਲੀਸ ਨੂੰ ਘਟਨਾ ਦੀ ਵੀਡੀਓ ਵੀ ਮਿਲੀ ਹੈ, ਜਿਸ ਦੇ ਆਧਾਰ ’ਤੇ ਹੋਰ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੀ ਮਾਮਲੇ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਅਗਲੀ ਜਾਂਚ ਕੀਤੀ ਜਾ ਰਹੀ ਹੈ।