ਭਾਜਪਾ ਮਹਿਲਾ ਵਿੰਗ ਦੀ ਆਗੂ ਖ਼ਿਲਾਫ਼ ਐੱਫਆਈਆਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਅਕਤੂਬਰ
ਇੱਥੇ ਬਲਾਕ ਮੋਗਾ-2 ਦੇ ਪਿੰਡਾਂ ’ਚ ਸਰਪੰਚੀ ਤੇ ਪੰਚੀ ਦੇ ਉਮੀਦਵਾਰਾਂ ਵਾਸਤੇ ਨਾਮਜ਼ਦਗੀ ਦਾਖਲ ਕਰਨ ਲਈ ਸਥਾਪਤ ਵਿਮੈੱਨ ਹੋਸਟਲ ਪਿੰਡ ਲੰਢੇਕੇ ’ਚ 4 ਅਕਤੂਬਰ ਨੂੰ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਦੌਰਾਨ ਹੋਈ ਹਿੰਸਕ ਝੜਪ ਮਾਮਲੇ ’ਚ ਸਿਟੀ ਪੁਲੀਸ ਨੇ ਭਾਜਪਾ ਮਹਿਲਾ ਵਿੰਗ ਦੀ ਸੂਬਾ ਉਪ ਪ੍ਰਧਾਨ ਤੇ ਉਸ ਦੇ 13 ਸਮਰਥਕਾਂ ਅਤੇ ਭਾਜਪਾ ਦੀ ਮਹਿਲਾ ਆਗੂ ਦੇ ਦਿਓਰ ‘ਆਪ’ ਸਮਰਥਕ ਸਮੇਤ 8 ਜਣਿਆਂ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਹੈ।
ਪੁਲੀਸ ਅਨੁਸਾਰ ਭਾਜਪਾ ਆਗੂ ਮਨਿੰਦਰ ਕੌਰ ਦੀ ਸ਼ਿਕਾਇਤ ’ਤੇ ‘ਆਪ’ ਸਮਰਥਕ ਦੱਸੇ ਜਾਂਦੇ ਜਸਪ੍ਰੀਤ ਸਿੰਘ ਉਰਫ਼ ਜੱਸਾ, ਅੰਗਰੇਜ਼ ਸਿੰਘ, ਜੱਗਾ ਸਿੰਘ, ਲਵਪ੍ਰੀਤ ਸਿੰਘ ਉਰਫ਼ ਕਾਲੂ, ਅਰਸ਼ਦੀਪ ਸਿੰਘ, ਵਿਕਮਜੀਬ ਸਿੰਘ ਉਰਫ਼ ਵਿੱਕੀ, ਡੱਡੂ ਅਤੇ ਲਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਹਿਲਾ ਦਾ ਦੋਸ਼ ਹੈ ਕਿ ਉਹ ਨਾਮਜ਼ਦਗੀ ਪੱਤਰ ਭਰਨ ਲਈ ਸਥਾਪਤ ਕੇਂਦਰ ’ਚ ਜਾਣ ਲੱਗੀ ਤਾਂ ਜਸਪ੍ਰੀਤ ਸਿੰਘ ਜੱਸਾ ਨੇ ਗੇਟ ’ਤੇ ਉਸ ਨਾਲ ਕੁੱਟਮਾਰ ਕੀਤੀ। ਉਸ ਨੇ ਦਸਤਾਵੇਜ਼, 25 ਹਜ਼ਾਰ ਨਕਦੀ ਤੇ ਸੋਨੇ ਦੀ ਚੇਨੀ ਵੀ ਖੋਹਣ ਦੇ ਦੋਸ਼ ਵੀ ਲਾਏ।
ਦੂਜੇ ਪਾਸੇ ਪੁਲੀਸ ਨੇ ਜਸਪ੍ਰੀਤ ਸਿੰਘ ਉਰਫ਼ ਜੱਸਾ ਦੀ ਸ਼ਿਕਾਇਤ ’ਤੇ ਭਾਜਪਾ ਆਗੂ ਮਨਿੰਦਰ ਕੌਰ, ਉਸ ਦੇ ਪਤੀ ਗੁਰਪ੍ਰੀਤ ਸਿੰਘ, ਮਹਾਂਬੀਰ ਸਿੰਘ, ਕਾਲਾ ਸਿੰਘ, ਬਿੱਕਰ ਸਿੰਘ, ਹਰਜਿੰਦਰ ਸਿੰਘ ਬਲਜੀਤ ਸਿੰਘ ਤੋਂ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜੱਸਾ ਦਾ ਦੋਸ਼ ਹੈ ਕਿ ਲੰਢੇਕੇ ਵਿਚ ਸਥਾਪਤ ਕੇਂਦਰ ’ਚ ਭਾਜਪਾ ਆਗੂ ਵੱਲੋਂ ਬੁਲਾਏ ਲੋਕਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਤੇ ਗੋਲੀ ਵੀ ਚਲਾਈ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਚੱਲ ਰਹੀ ਹੈ।